ਵਿਦਿਆਰਥੀਆਂ ’ਚ ਵਿਗਿਆਨਕ ਸੋਚ ਨੂੰ ਹੁਲਾਰਾ ਦੇੇਵੇਗੀ ਮੁੱਖ ਮੰਤਰੀ ਵਿਗਿਆਨ ਯਾਤਰਾ: ਮੀਤ ਹੇਅਰ

—ਪੰਜਾਬ ਦੇ ਸਰਕਾਰੀ ਸਕੂਲਾਂ ਦੇ 1.25 ਲੱਖ ਦੇ ਕਰੀਬ ਵਿਦਿਆਰਥੀ ਮੁਫਤ ਕਰਨਗੇ ਸਾਇੰਸ ਸਿਟੀ ਦਾ ਟੂਰ
—-ਸਾਇੰਸ ਤਕਨਾਲੋਜੀ ਤੇ ਵਾਤਾਵਰਣ ਮੰਤਰੀ ਵੱਲੋਂ ਵਿਗਿਆਨ ਯਾਤਰਾ ਦਾ ਬਰਨਾਲਾ ਤੋਂ ਆਗਾਜ਼
—- ਪਹਿਲੇ 300 ਵਿਦਿਆਰਥੀਆਂ ਦੀਆਂ 4 ਬੱਸਾਂ ਨੂੰ ਦਿਖਾਈ ਹਰੀ ਝੰਡੀ

ਬਰਨਾਲਾ, 10 ਅਗਸਤ :- 

ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵਿਚ ਵਿਗਿਆਨਕ ਸੋਚ ਨੂੰ ਹੁਲਾਰਾ ਦੇਣ ਅਤੇ ਵਿਗਿਆਨ ਵਿਸ਼ੇ ’ਚ ਵਧੇਰੇ ਰੁਚੀ ਪੈਦਾ ਕਰਨ ਦੇ ਉਦੇਸ਼ ਨਾਲ ਸਾਇੰਸ ਤਕਨਾਲੋਜੀ ਤੇ ਵਾਤਾਵਰਣ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇੱਥੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧੂ ਪੱਤੀ ਤੋਂ ਮੁੱਖ ਮੰਤਰੀ ਵਿਗਿਆਨ ਯਾਤਰਾ ਦਾ ਆਗਾਜ਼ ਕੀਤਾ, ਜਿਸ ਤਹਿਤ ਕਰੀਬ 300 ਵਿਦਿਆਰਥੀਆਂ ਦੀਆਂ 4 ਬੱਸਾਂ ਨੂੰ ਹਰੀ ਝੰਡੀ ਦਿਖਾਈ। ਇਸ ਯਾਤਰਾ ਤਹਿਤ ਸੂਬੇ ਦੇ ਵਿਦਿਆਰਥੀ ਪੁਸ਼ਪਾ ਗੁਜਰਾਲ ਸਾਇੰਸ ਸਿਟੀ, ਕਪੂਰਥਲਾ ਦਾ ਦੌਰਾ ਕਰਨਗੇ।
ਇਸ ਮੌਕੇ ਸੰਬੋਧਨ ਕਰਦੇ ਹੋਏ ਕੈਬਨਿਟ ਮੰਤਰੀ ਪੰਜਾਬ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਆਖਿਆ ਕਿ ਇਸ ਯਾਤਰਾ ਦੌਰਾਨ ਵਿਦਿਆਰਥੀਆਂ ਦੀਆਂ ਬੱਸਾਂ ਸਾਇੰਸ ਸਿਟੀ ਜਾਣਗੀਆਂ ਅਤੇ ਸੂਬੇ ਦੇ ਸਰਕਾਰੀ ਸਕੂਲਾਂ ਦੇ ਕਰੀਬ 1.25 ਲੱਖ ਵਿਦਿਆਰਥੀ ਇਸ ਯਾਤਰਾ ਨਾਲ ਪੁਸ਼ਪਾ ਗੁਜਰਾਲ ਸਾਇੰਸ ਸਿਟੀ, ਕਪੂਰਥਲਾ ਵਿਖੇ ਉਸਾਰੀ ਸਾਇੰਸ ਦੁਨੀਆਂ ਦੇ ਰੂਬਰੂ ਹੋ ਸਕਣਗੇ। ਉਨਾਂ ਕਿਹਾ ਕਿ ਇਸ ਯਾਤਰਾ ਦਾ ਮਕਸਦ ਵਿਦਿਆਰਥੀਆਂ ਵਿਚ ਵਿਗਿਆਨ ਦੀ ਰੁਚੀ ਨੂੰ ਉਤਸ਼ਾਹਿਤ ਕਰਨਾ ਹੈ ਤੇ ਇਸ ਉਪਰਾਲੇ ਨਾਲ ਵਧੇਰੇ ਵਿਦਿਆਰਥੀ ਵਿਗਿਆਨ ਵਿਸ਼ੇ ਨੂੰ ਤਰਜੀਹ ਦੇਣਗੇ, ਕਿਉਕਿ ਉਹ ਸਾਇੰਸ ਸਿਟੀ ਵਿਖੇ ਵਿਗਿਆਨ ਦੇ ਅਨੇਕ ਪੱਖਾਂ ਦੇ ਜਾਣਕਾਰ ਹੋਣਗੇ।
ਉਨਾਂ ਕਿਹਾ ਕਿ ਜਿੱਥੇ ਸਾਇੰਸ ਵਿਸ਼ੇ ਨੂੰ ਚੁਣਨ ਦੀ ਵਿਦਿਆਰਥੀਆਂ ਦੀ ਕੌਮੀ ਪੱਧਰ ਦੀ ਔਸਤਨ ਦਰ 25 ਫੀਸਦੀ ਤੋਂ ਉਤੇ ਹੈ, ਉਥੇ ਪੰਜਾਬ ’ਚ ਇਹ ਦਰ ਸਿਰਫ 14 ਫੀਸਦੀ ਹੈ। ਮੁੱਖ ਮੰਤਰੀ ਵਿਗਿਆਨ ਯਾਤਰਾ ਇਸ ਦਰ ’ਚ ਚੋਖਾ ਸੁਧਾਰ ਲਿਆਵੇਗੀ ਤੇ ਪੰਜਾਬ ’ਚ ਚੰਗੇ ਸਾਇੰਸਦਾਨ ਪੈਦਾ ਹੋਣਗੇ। ਉਨਾਂ ਕਿਹਾ ਕਿ ਇਸ ਨਾਲ ਵਿਦਿਆਰਥੀਆਂ ’ਚ ਸਾਇੰਸ ਵਿਸ਼ੇ ਪ੍ਰਤੀ ਵਧੇਰੇ ਰੁਚੀ ਪੈਦਾ ਹੋਵੇਗੀ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਵੀ ਵਧਣਗੇ।
ਇਸ ਮੌਕੇ ਸਾਇੰਸ ਤੇ ਤਕਨਾਲੋਜੀ ਸਕੱਤਰ ਸ੍ਰੀ ਰਾਹੁਲ ਤਿਵਾੜੀ ਨੇ ਵਿਦਿਆਰਥੀਆਂ ਨੂੰ ਜਿੱਥੇ ਸਾਇੰਸ ਦੀ ਦੁਨੀਆਂ ’ਚ ਰੁਚੀ ਲੈਣ ਲਈ ਪ੍ਰ੍ਰੇਰਿਤ ਕੀਤਾ, ਉਥੇ ਵਾਤਾਵਰਣ ਪ੍ਰਤੀ ਸੁਚੇਤ ਹੁੰਦਿਆਂ ਇਕਹਿਰੀ ਵਰਤੋਂ ਵਾਲੇ ਪਲਾਸਟਿਕ ਦੀ ਵਰਤੋਂ ਬੰਦ ਕਰਨ ਦਾ ਸੱਦਾ ਦਿੱਤਾ।
ਇਸ ਮੌਕੇ ਸ੍ਰੀ ਮੀਤ ਹੇਅਰ ਨੇ ਸੰਧੂ ਪੱਤੀ ਸਕੂਲ ਤੋਂ ਲਗਭਗ 300 ਵਿਦਿਆਰਥੀਆਂ ਦੀਆਂ 4 ਬੱਸਾਂ ਨੂੰ ਹਰੀ ਝੰਡੀ ਦਿਖਾਈ। ਇਨਾਂ ਵਿਦਿਆਰਥੀਆਂ ਵਿਚ ਸੰਧੂ ਪੱਤੀ ਸਕੂਲ ਤੋਂ ਇਲਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਬਰਨਾਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਬਰਨਾਲਾ, ਸਰਕਾਰੀ ਹਾਈ ਸਕੂਲ ਜੁਮਲਾ ਮਾਲਕਾਨ ਦੇ ਵਿਦਿਆਰਥੀ ਵੀ ਸ਼ਾਮਲ ਸਨ।
ਇਸ ਮੌਕੇ ਡਿਪਟੀ ਕਮਿਸ਼ਨਰ ਬਰਨਾਲਾ ਡਾ. ਹਰੀਸ਼ ਨਈਅਰ, ਵਧੀਕ ਡਿਪਟੀ ਕਮਿਸ਼ਨਰ ਪਰਮਵੀਰ ਸਿੰਘ, ਐਸਡੀਐਮ ਬਰਨਾਲਾ ਗੋਪਾਲ ਸਿੰਘ, ਡਾਇਰੈਕਟਰ ਜਨਰਲ ਸਾਇੰਸ ਸਿਟੀ ਡਾ. ਨੀਲਿਮਾ ਜੈਰਥ, ਡਾਇਰੈਕਟਰ ਸਾਇੰਸ ਸਿਟੀ ਡਾ. ਰਾਜੇਸ਼ ਗਰੋਵਰ, ਪੀਆਰਓ ਸਾਇੰਸ ਸਿਟੀ ਅਸ਼ਨੀ ਕੁਮਾਰ, ਜ਼ਿਲਾ ਸਿੱਖਿਆ ਅਫਸਰ ਸਰਬਜੀਤ ਸਿੰਘ ਤੂਰ, ਜੀਐਮਪੀਆਰਟੀਸੀ ਜਤਿੰਦਰ ਪਾਲ ਸਿੰਘ ਗਰੇਵਾਲ ਤੇ ਹੋਰ ਪਤਵੰਤੇ ਹਾਜ਼ਰ ਸਨ।

29 ਅਗਸਤ ਤੋਂ ਹੋਵੇਗਾ ਪੰਜਾਬ ਖੇਡ ਮੇਲੇ ਦਾ ਆਗਾਜ਼
ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ’ਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ ਜਨਮ ਦਿਨ ’ਤੇ ਕੌਮੀ ਖੇਡ ਦਿਵਸ ਮੌਕੇ 29 ਅਗਸਤ ਨੂੰ ਜਲੰਧਰ ਤੋਂ ਪੰਜਾਬ ਖੇਡ ਮੇਲੇ ਦਾ ਆਗਾਜ਼ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਇਹ ਮੁਕਾਬਲੇ ਬਲਾਕ ਤੋਂ ਸੂਬਾ ਪੱਧਰ ਤੱਕ ਕਰਵਾਏ ਜਾਣਗੇ, ਜਿਸ ਲਈ ਆਨਲਾਈਨ ਰਜਿਸਟ੍ਰੇਸ਼ਨ ਜਲਦ ਸ਼ੁਰੂ ਹੋਵੇਗੀ।

 

ਹੋਰ ਪੜ੍ਹੋ :-  ਮਿਲੀਭੁਗਤ ਰਾਹੀਂ ਸਰਕਾਰ ਨੂੰ ਮਹਿੰਗੇ ਭਾਅ ਜ਼ਮੀਨ ਦੀ ਰਜਿਸਟਰੀ ਕਰਵਾਉਣ ਦੇ ਦੋਸ਼ ਹੇਠ ਨਾਇਬ ਤਹਿਸੀਲਦਾਰ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ

Spread the love