ਖੇਤੀ ਵਿਭੰਨਤਾ ਲਈ ਕੇਂਦਰ ਸਰਕਾਰ ਹੋਰਨਾਂ ਫਸਲਾਂ ’ਤੇ ਵੀ ਘੱਟੋ-ਘੱਟ ਸਮਾਰਥਨ ਮੁਲ ਯਕੀਨੀ ਬਣਾਵੇ-ਵਿਧਾਨ ਸਭਾ ਸਪੀਕਰ
‘ਕਿਸਾਨੀ ਨੂੰ ਸੰਕਟ ਵਿੱਚੋਂ ਕੱਢਣ ਲਈ ਪੰਜਾਬ ਸਰਕਾਰ ਦਿ੍ਰੜ’
ਚੰਡੀਗੜ, 4 ਨਵੰਬਰ :-
ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ’ਚ ਪੰਜਾਬ ਸਰਕਾਰ ਸਹੀ ਦਿਸ਼ਾ ਵੱਲ ਅੱਗੇ ਵਧ ਰਹੀ ਹੈ ਅਤੇ ਇਹ ਕਿਸਾਨਾਂ ਨੂੰ ਵੱਖ ਵੱਖ ਸੰਕਟਾਂ ਵਿੱਚੋਂ ਬਾਹਰ ਕੱਢਣ ਲਈ ਪੂਰੀ ਦਿ੍ਰੜ ਹੈ।
ਅੱਜ ਸੀ.ਆਈ.ਆਈ. ਦੇ ਉੱਤਰੀ ਖੇਤਰ ਦੇ ਸਥਾਨਿਕ ਹੈਡਕੁਆਟਰ ਵਿਖੇ ਦੀ ਪ੍ਰੀਮੀਅਰ ਐਗਰੀ ਐਂਡ ਫੂਡ ਟੈਕਨੋਲੋਜੀ ਫੇਅਰ ਨੂੰ ਸੰਬੋਧਿਤ ਕਰਦੇ ਹੋਏ ਸ. ਸੰਧਵਾਂ ਨੇ ਕਿਹਾ ਕਿ ਬਦਲਦੀਆਂ ਹਾਲਤਾਂ ਵਿੱਚ ਠੋਸ ਅਤੇ ਪ੍ਰ੍ਰਭਾਵੀ ਖੇਤੀ ਨੀਤੀ ਦੀ ਅਣਹੋਂਦ ਕਾਰਨ ਪੰਜਾਬ ਵਿੱਚ ਖੇਤੀ ਦਾ ਸੰਕਟ ਵਧਿਆ ਹੈ ਅਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸਾਨੀ ਨੂੰ ਸੰਕਟ ਵਿੱਚੋਂ ਬਹਰ ਕੱਢਣ ਲਈ ਲਗਾਤਾਰ ਯਤਨਸ਼ੀਲ ਹੈ। ਉਨਾਂ ਕਿਹਾ ਕਿ ਪੰਜਾਬ ਨੇ ਦੇਸ਼ ਨੂੰ ਅਨਾਜ ਦੇ ਖੇਤਰ ਵਿੱਚ ਆਤਮ ਨਿਰਭਰ ਬਨਾਉਣ ਲਈ ਅਹਿਮ ਭੂਮਿਕਾ ਨਿਭਾਈ ਹੈ। ਉਨਾਂ ਕਿਹਾ ਕਿ ਸੂਬੇ ਨੂੰ ਝੋਨੇ ਅਤੇ ਕਣਕ ਦੇ ਫਸਲੀ ਚੱਕਰ ਵਿੱਚੋਂ ਬਾਹਰ ਕੱਢਣ ਦੀ ਹੁਣ ਡਾਹਢੀ ਲੋੜ ਹੈ ਜਿਸ ਵਾਸਤੇ ਖੇਤੀ ਵਿਭਿੰਨਤਾ ਅਪਣਾਏ ਜਾਣ ਦੀ ਲੋੜ ਹੈ। ਇਸ ਨੂੰ ਅਮਲ ਵਿੱਚ ਲਿਆਉਣ ਲਈ ਕੇਂਦਰ ਵੱਲੋਂ ਕਣਕ ਅਤੇ ਝੋਨੇ ਤੋਂ ਇਲਾਵਾ ਹੋਰਨਾਂ ਫਸਲਾਂ ’ਤੇ ਵੀ ਘੱਟੋ ਘੱਟ ਸਮਰਥਨ ਮੁਲ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਉਨਾਂ ਨੇ ਖੇਤੀ ਸੰਕਟ ਦੇ ਹੱਲ ਲਈ ਨਵੀਆਂ ਸਕੀਮਾਂ ਅਤੇ ਨਵੇਂ ਉਪਰਾਲੇ ਅਪਨਾਉਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ ਹੈ।
ਵਿਧਾਨ ਸਭਾ ਸਪੀਕਰ ਨੇ ਕਿਹਾ ਕਿ ਅਜਿਹੇ ਮੇਲੇ ਖੇਤੀਬਾੜੀ ਅਤੇ ਬਾਗਵਾਨੀ ਵਿਚ ਨਵੇਂ ਉਪਰਾਲੇ ਅਤੇ ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਦੇ ਹਨ। ਕਿਸਾਨ ਮੇਲਿਆਂ ਨੂੰ ਆਯੋਜਿਤ ਕਰਕੇ ਕਿਸਾਨੀ ਨੂੰ ਨਵੀਆਂ ਤਕਨੀਕਾਂ ਦਾ ਲਗਾਤਾਰ ਗਿਆਨ ਦਿੱਤਾ ਜਾ ਸਕਦਾ ਹੈ। ਉਨਾਂ ਕਿਹਾ ਕਿ ਇਹ ਮੇਲੇ ਦਿਹਾਤੀ ਇਲਾਕਿਆਂ ਵਿੱਚ ਹੋਰ ਵੀ ਚੰਗੇ ਨਤੀਜੇ ਕੱਢ ਸਕਦੇ ਹਨ। ਇਸ ਨਾਲ ਸਰਕਾਰ ਅਤੇ ਹੋਰ ਉਦਯੋਗਪਤੀਆਂ ਦਾ ਕਿਸਾਨਾਂ ਤੱਕ ਪਹੁੰਚ ਅਸਾਨ ਹੋਵੇਗੀ। ਸ. ਸੰਧਵਾਂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਹਮੇਸ਼ਾਂ ਦੇਸ਼ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ। ਉਨਾਂ ਕਿਹਾ ਕਿ ਪੰਜਾਬ ਦਾ ਕਿਸਾਨ ਹਮੇਸ਼ਾ ਤੋਂ ਹੀ ਹਰ ਨਵੀ ਤਕਨੀਕ ਅਤੇ ਹਰ ਨਵੀ ਖੋਜ ਨੂੰ ਅਪਣਾਉਂਦਾ ਆਇਆ ਹੈ ਅਤੇ ਖੇਤੀ ਵਿਭਿੰਨਤਾ ਲਈ ਬਾਗਵਾਨੀ ਵਧੀਆ ਵਿਕਲਪ ਹੈ।
ਹੋਰ ਪੜ੍ਹੋ :- ਪਰਾਲੀ ਦੀ ਸਾਂਭ ਸੰਭਾਲ ਅਤੇ ਕਣਕ ਦੀ ਸਿੱਧੀ ਬਿਜਾਈ ਲਈ ਸਬਸਿਡੀ ਤੇ ਮਸ਼ੀਨਾਂ ਖਰੀਦਣ ਲਈ ਮਿਆਦ ਵਿੱਚ ਵਾਧਾ: ਕੁਲਦੀਪ ਸਿੰਘ ਧਾਲੀਵਾਲ