ਜ਼ਿਲ੍ਹੇ ਵਿੱਚ ਮਨਾਇਆ ਗਿਆ ਹਥਿਆਰਬੰਦ ਸੈਨਾ ਝੰਡਾ ਦਿਵਸ

_Armed Forces Flag Day
ਜ਼ਿਲ੍ਹੇ ਵਿੱਚ ਮਨਾਇਆ ਗਿਆ ਹਥਿਆਰਬੰਦ ਸੈਨਾ ਝੰਡਾ ਦਿਵਸ
ਜ਼ਿਲ੍ਹੇ ਦੇ ਲੋਕ ਝੰਡਾ ਦਿਵਸ ਫ਼ੰਡ ਵਿੱਚ ਦਿਲ ਖੋਲ੍ਹ ਕੇ ਯੋਗਦਾਨ ਦੇਣ : ਡਿਪਟੀ ਕਮਿਸ਼ਨਰ

ਕਿਹਾ, ਝੰਡਾ ਦਿਵਸ ਫ਼ੰਡ ਦੀ ਵਰਤੋਂ ਸਾਬਕਾ ਸੈਨਿਕਾਂ/ਪਰਿਵਾਰਾਂ ਦੀ ਆਰਥਿਕ ਮੱਦਦ ਲਈ ਕੀਤੀ ਜਾਂਦੀ ਹੈ

ਐਸ.ਏ.ਐਸ ਨਗਰ 7 ਦਸੰਬਰ 2022

ਹਥਿਆਰਬੰਦ ਸੈਨਾ ਝੰਡਾ ਦਿਵਸ ਦੇ ਮੌਕੇ ‘ਤੇ ਅੱਜ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਦੇ ਅਧਿਕਾਰੀਆਂ ਵਲੋਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਨੂੰ ਟੋਕਨ ਫਲੈਗ ਲਗਾਇਆ ਗਿਆ । ਉਨ੍ਹਾਂ ਇਸ ਮੌਕੇ ਦੇਸ਼ ਦੇ ਸੈਨਿਕਾਂ ਨਾਲ ਇਕੱਜੁਟਤਾ ਦਾ ਪ੍ਰਗਟਾਵਾ ਕਰਦਿਆਂ, ਝੰਡਾ ਦਿਵਸ ਲਈ ਵਿੱਤੀ ਯੋਗਦਾਨ ਵੀ ਦਿੱਤਾ।

ਹੋਰ ਪੜ੍ਹੋ – ਡਿਪਟੀ ਕਮਿਸ਼ਨਰ ਵੱਲੋਂ ਆਮ ਆਦਮੀ ਕਲੀਨਿਕਾਂ ਦੀ ਪ੍ਰਗਤੀ ਦਾ ਜਾਇਜ਼ਾ

ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਨੇ ਇਸ ਮੌਕੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਜਿਵੇਂ ਸਮੁੱਚੇ ਦੇਸ਼ ਵਾਸੀ ਮਾਣ ਅਤੇ ਸਨਮਾਨ ਨਾਲ ਝੰਡਾ ਦਿਵਸ ਫ਼ੰਡ ਵਿੱਚ ਯੋਗਦਾਨ ਦੇ ਕੇ, ਦੇਸ਼ ਦੀ ਆਨ ਅਤੇ ਸ਼ਾਨ ਲਈ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦ ਸੈਨਿਕਾਂ ਦੀਆਂ ਕੁਰਬਾਨੀਆਂ ਪ੍ਰਤੀ ਫ਼ੰਡ ਦੇ ਕੇ ਸਤਿਕਾਰ ਪ੍ਰਗਟ ਕਰਦੇ ਹਨ, ਉਸੇ ਤਰ੍ਹਾਂ ਅਸੀਂ ਜ਼ਿਲ੍ਹਾ ਵਾਸੀ ਵੀ ਇਸ ਮੌਕੇ ‘ਤੇ ਆਪਣੇ ਜਵਾਨਾਂ ਲਈ ਖੁੱਲ੍ਹੇ ਦਿਲ ਨਾਲ ਯੋਗਦਾਨ ਦੇਈਏ। ਉਨ੍ਹਾਂ ਕਿਹਾ ਕਿ ਝੰਡਾ ਦਿਵਸ ਲਈ ਇਕੱਤਰ ਕੀਤੀ ਜਾਂਦੀ ਰਾਸ਼ੀ ਸ਼ਹੀਦ/ਡਿਊਟੀ ਜਾਂ ਸੈਨਿਕ ਅਪਰੇਸ਼ਨ ਦੌਰਾਨ ਅੰਗਹੀਣ ਹੋਏ ਸੈਨਿਕਾਂ ਅਤੇ ਲੋੜਵੰਦ ਸਾਬਕਾ ਸੈਨਿਕਾਂ ਦੇ ਪਰਿਵਾਰਾਂ ਦੀ ਭਲਾਈ ਲਈ ਵਰਤੀ ਜਾਂਦੀ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਦਿਨ ਦੇਸ਼ ਦੀ ਰੱਖਿਆ ਲਈ ਜਾਨਾਂ ਕੁਰਬਾਨ ਕਰਨ ਵਾਲੇ ਸੈਨਿਕਾਂ ਅਤੇ ਸਾਬਕਾ ਸੈਨਿਕਾਂ ਨੂੰ ਸਤਿਕਾਰ ਮਾਣ, ਸਨਮਾਨ ਅਤੇ ਸੁਰੱਖਿਆ ਸੈਨਾਵਾਂ ਨਾਲ ਆਪਣੀ ਇੱਕਮੁਠਤਾ ਨੂੰ ਦਰਸਾਉਣ ਲਈ ਮਨਾਇਆ ਜਾਂਦਾ ਹੈ। ਇਸ ਦੌਰਾਨ ਪੂਰਾ ਦੇਸ਼ ਪੂਰੇ ਜ਼ੋਸ਼ ਅਤੇ ਮਾਣ ਨਾਲ ਝੰਡਾ ਦਿਵਸ ਫੰਡ ਵਿੱਚ ਹਿੱਸਾ ਪਾਉਂਦਾ ਹੈ ਅਤੇ ਸਮੂਹ ਦੇਸ਼ ਵਾਸੀ, ਬੱਚੇ ਤੇ ਬਜ਼ੁਰਗ ਟੋਕਨ ਫਲੈਗ ਲਗਾਕੇ ਸ਼ਹੀਦਾਂ ਦੀਆਂ ਕੁਰਬਾਨੀਆਂ ਪ੍ਰਤੀ ਦਾਨ ਦੇ ਕੇ ਧੰਨਵਾਦ ਪ੍ਰਗਟ ਕਰਦੇ ਹਨ।

ਇਸ ਮੌਕੇ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਦੇ ਅਧਿਕਾਰੀਆਂ ਵਲੋਂ ਸ਼੍ਰੀਮਤੀ ਅਮਨਿੰਦਰ ਕੌਰ ਬਰਾੜ, ਪੀ.ਸੀ.ਐਸ (ਜਰਨਲ), ਸ਼੍ਰੀ ਤਰਸੇਮ ਲਾਲ, ਪੀ.ਸੀ.ਐਸ, ਸਹਾਇਕ ਕਮਿਸ਼ਨਰ (ਜਰਨਲ), ਸ਼੍ਰੀ ਜਗਜੀਤ ਸਿੰਘ ਜੱਲ੍ਹਾ, ਐਸ.ਪੀ. ਟਰੈਫਿਕ ਅਤੇ ਸ਼੍ਰੀ ਗੁਰਜਿੰਦਰ ਬਾਹਰਾ, ਡਾਇਰੈਕਟਰ ਰਿਆਤ ਐਂਡ ਬਹਾਰਾ ਆਦਿ ਨੂੰ ਵੀ ਟੋਕਨ ਫਲੈਗ ਲਗਾਏ ਗਏ ਅਤੇ ਉਹਨਾਂ ਵਲੋਂ ਝੰਡਾ ਦਿਵਸ ਫੰਡ ਲਈ ਦਿਲ ਖੋਲ ਕੇ ਦਾਨ ਦਿੱਤਾ ਗਿਆ।

Spread the love