ਵਿਧਾਇਕ ਸੰਗੋਵਾਲ ਦੀ ਅਗਵਾਈ ‘ਚ ਪ੍ਰਸ਼ਾਸ਼ਨਿਕ ਅਧਿਕਾਰੀਆਂ ਵਲੋਂ ਬੇਮੌਸਮੀ ਬਰਸਾਤ ਕਾਰਨ ਨੁਕਸਾਨੀਆਂ ਫਸਲਾਂ ਦਾ ਮੁਲਾਂਕਣ

– ਬਲਾਕ ਲੁਧਿਆਣਾ ਨਾਲ ਸਬੰਧਤ ਪਿੰਡ ਲਲਤੋਂ ਕਲਾਂ, ਜੱਸੋਵਾਲ, ਆਲਮਗੀਰ ਅਤੇ ਗਿੱਲ ਦਾ ਕੀਤਾ ਦੌਰਾ

ਲੁਧਿਆਣਾ, 27 ਮਾਰਚ (000) – ਵਿਧਾਨ ਸਭਾ ਹਲਕਾ ਗਿੱਲ ਵਿਧਾਇਕ ਜੀਵਨ ਸਿੰਘ ਸੰਗੋਵਾਲ ਦੇ ਨਾਲ ਐਸ.ਡੀ.ਐਮ. ਲੁਧਿਆਣਾ ਪੱਛਮੀ ਸਵਾਤੀ ਟਿਵਾਣਾ, ਮੁੱਖ ਖੇਤੀਬਾੜੀ ਅਫ਼ਸਰ ਡਾ. ਨਰਿੰਦਰ ਸਿੰਘ ਬੈਨੀਪਾਲ ਅਤੇ  ਖੇਤੀਬਾੜੀ ਅਫ਼ਸਰ ਡਾ. ਰਾਜਿੰਦਰਪਾਲ ਸਿੰਘ ਔਲਖ ਵੱਲੋਂ ਵਿਭਾਗ ਦੇ ਅਧਿਕਾਰੀਆਂ ਸਮੇਤ ਬਲਾਕ ਲੁਧਿਆਣਾ ਨਾਲ ਸਬੰਧਤ ਪਿੰਡ ਲਲਤੋਂ ਕਲਾਂ, ਜੱਸੋਵਾਲ, ਆਲਮਗੀਰ ਅਤੇ ਗਿੱਲ ਦਾ ਦੌਰਾ ਕਰਦਿਆਂ ਕਿਸਾਨਾਂ ਦੀਆਂ ਬੇਮੌਸਮੀ ਬਰਸਾਤ ਕਾਰਨ ਫਸਲਾਂ ਦੇ ਨੁਕਸਾਨ ਦਾ ਮੁਲਾਂਕਣ ਕੀਤਾ ਗਿਆ।

ਵਿਧਾਇਕ ਸੰਗੋਵਾਲ ਵਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਲਦ ਤੋਂ ਜਲਦ ਗਿਰਦਾਵਰੀ ਕਰਵਾ ਕੇ ਬੇਮੌਸਮੀ ਫ਼ਸਲਾਂ ਦੇ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਅਦਾਇਗੀ ਬਿਨਾਂ ਪੱਖਪਾਤ ਤੋਂ ਕਰਵਾਈ ਜਾਵੇਗੀ।

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਪਿਛਲੇ ਦਿਨੀਂ ਹੋਈ ਬੇਮੌਸਮੀ ਬਰਸਾਤ ਤੇ ਗੜੇਮਾਰੀ ਨਾਲ ਫਸਲਾਂ ਦੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਜ਼ਮੀਨੀ ਪੱਧਰ ‘ਤੇ ਕਿਸਾਨਾਂ ਦੇ ਖੇਤਾਂ ਤੱਕ ਦੌਰੇ ਕੀਤੇ ਗਏ ਅਤੇ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਜਲਦ ਗਿਰਦਾਵਰੀ ਕਰਕੇ ਫ਼ਸਲਾਂ ਦੇ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ।

ਐਸ.ਡੀ.ਐਮ. ਲੁਧਿਆਣਾ ਪੱਛਮੀ ਸਵਾਤੀ ਟਿਵਾਣਾ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਗਿਆ ਕਿ ਮਾਲ ਵਿਭਾਗ ਵੱਲੋਂ ਫਸਲਾਂ ਦੇ ਨੁਕਸਾਨ ਸਬੰਧੀ ਗਿਰਦਾਵਰੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦ ਰਿਪੋਰਟ ਸਰਕਾਰ ਨੂੰ ਭੇਜ ਦਿੱਤੀ ਜਾਵੇਗੀ।

ਮੁੱਖ ਖੇਤੀਬਾੜੀ ਅਫਸਰ ਡਾ. ਨਰਿੰਦਰ ਸਿੰਘ ਬੈਨੀਪਾਲ ਵੱਲੋਂ ਦੱਸਿਆ ਗਿਆ ਕਿ ਫਸਲਾਂ ਦੇ ਹੋਏ ਨੁਕਸਾਨ ਸਬੰਧੀ ਤਕਨੀਕੀ ਸੰਕਲਪ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਜਗਦੇਵ ਸਿੰਘ ਖੇਤੀਬਾੜੀ ਅਫਸਰ, ਡਾ. ਹਰਿੰਦਰ ਸਿੰਘ ਸੰਧੂ ਅਤੇ ਡਾ. ਸੁਖਵੀਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਮੌਜੂਦ ਸਨ।

 

ਹੋਰ ਪੜ੍ਹੋ :- ਵਿਧਾਇਕ ਗੋਗੀ ਵਲੋਂ ਨੌਜਵਾਨਾਂ ਨੂੰ ਸਮਾਜਿਕ ਬੁਰਾਈਆਂ ਵਿਰੁੱਧ ਸਰਗਰਮ ਭੂਮਿਕਾ ਨਿਭਾਉਣ ਦਾ ਸੱਦਾ

Spread the love