ਮਾਲਵੇ ਦੀ ਇਕਲੌਤੀ ਪੰਜਾਬੀ ‘ਵਰਸਿਟੀ ਪਟਿਆਲਾ ਦੀ ਮਹੀਨਾਵਰ ਗਰਾਂਟ ‘ਚ ਪੰਜਾਬ ਸਰਕਾਰ ਵੱਲੋਂ ਕਟੌਤੀ ਕਰਨਾ ਮੰਦਭਾਗਾ : ਪ੍ਰੋ. ਬਡੂੰਗਰ

ਪਟਿਆਲਾ, 20 ਨਵੰਬਰ:

ਆਰਥਿਕ ਮਦਹਾਲੀ ਨਾਲ ਜੂਝ ਰਹੀ ਮਾਲਵੇ ਖੇਤਰ ਨਾਲ ਜੁੜੀ ਹੋਈ ਇਕਲੋਤੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਪੰਜਾਬ ਸਰਕਾਰ ਵੱਲੋਂ 30 ਕਰੋੜ ਪ੍ਰਤੀ ਮਹੀਨਾ ਦੀ ਗਰਾਂਟ ਵਿੱਚ ਕਟੋਤੀ ਕਰਕੇ 20 ਕਰੋੜ ਰੁਪਏ ਕੀਤੇ ਜਾਣ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਸਖਤ ਸ਼ਬਦਾਂ ਵਿੱਚ ਨਿਖੇਦੀ ਕੀਤੀ ਹੈ।

ਪ੍ਰੋਫੈਸਰ ਬਡੁੰਗਰ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਮਾਲਵਾ ਖੇਤਰ ਵਿੱਚ ਬਣੀ ਹੋਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦਾ ਸਬੰਧ ਵੀ ਮਾਲਵੇ ਨਾਲ ਹੀ ਜੁੜਿਆ ਹੋਇਆ ਹੈ ਤੇ ਇਹਨਾਂ ਪ੍ਰਮੁੱਖ ਆਗੂਆਂ ਤੇ ਹੁੰਦੇ ਹੋਏ ਵੀ ਵਿੱਤੀ ਸੰਕਟ ਨਾਲ ਜੂਝ ਰਹੀ ਪੰਜਾਬੀ ਯੂਨੀਵਰਸਿਟੀ ਦੀ ਗਰਾਂਟ ਵਿੱਚ ਕਟੌਤੀ ਕੀਤੇ ਜਾਣਾ ਵੀ ਵੱਡੇ ਸਵਾਲ ਪੈਦਾ ਕਰਦਾ ਹੈ।

 ਉਹਨਾਂ ਕਿਹਾ ਕਿ ਮਹਿੰਗਾਈ ਭਰੇ ਸਮੇਂ ਵਿੱਚ ਮੁਲਾਜ਼ਮਾਂ ਦਾ ਜੀਵਨ ਨਿਰਬਾਹ ਕਰਨਾ ਪਹਿਲਾਂ ਹੀ ਬਹੁਤ ਮੁਸ਼ਕਿਲ ਬਣਿਆ ਹੋਇਆ ਹੈ, ਸਗੋਂ ਉੱਤੋਂ ਪੰਜਾਬ ਸਰਕਾਰ ਵੱਲੋਂ ਯੂਨੀਵਰਸਟੀ ਦੀਆਂ ਗਰਾਂਟਾਂ ਵਿੱਚ ਕਟੌਤੀ ਕੀਤੇ ਜਾਨ ਨਾਲ ਸਾਰੀ ਡਾਰ ਵੀ ਮੁਲਾਜ਼ਮਾਂ ਉੱਤੇ ਹੀ ਡਿੱਗੇਗੀ, ਕਿਉਂਕਿ ਮੁਲਾਜ਼ਮਾਂ ਦੇ ਆਪਣੇ ਪਰਿਵਾਰ, ਉਨਾਂ ਦੇ ਖਰਚੇ, ਬੱਚਿਆਂ ਦੀ ਪੜ੍ਹਾਈ ਦੀਆਂ ਫੀਸਾਂ ਅਤੇ ਨਿਤ ਦਿਨ ਦੀਆਂ ਲੋੜੀਂਦੀਆਂ ਲੋੜਾਂ ਮੁਲਾਜ਼ਮਾਂ ਦੀਆਂ ਤਨਖਾਹਾਂ ਤੇ ਹੀ ਨਿਰਭਰ ਕਰਦੀਆਂ ਹਨ, ਜਿਸ ਪ੍ਰਤੀ ਰੋਸ ਨੂੰ ਲੈ ਕੇ ਮੁਲਾਜ਼ਮ ਵੀ ਸੜਕਾਂ ਤੇ ਉਤਰਨ ਲਈ ਮਜਬੂਰ ਹੋਣਗੇ। ਪ੍ਰੋਫੈਸਰ ਬਡੁੰਗਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਾਰਚ 2023 ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ 90 ਕਰੋੜ ਰੁਪਏ ਦੀ ਗਰਾਂਟ ਜਾਰੀ ਕਰਨ ਦਾ ਖੁਦ ਐਲਾਨ ਕੀਤਾ ਗਿਆ ਸੀ ਤੇ ਇਸ ਸਭ ਦੇ ਬਾਵਜੂਦ ਯੂਨੀਵਰਸਿਟੀ ਨੂੰ ਕੇਵਲ ਛੇ ਮਹੀਨੇ ਲਈ ਕੁੱਲ 180 ਕਰੋੜ ਰੁਪਏ ਦੀ ਗਰਾਂਟ ਹੀ ਜਾਰੀ ਕੀਤੀ ਗਈ ਹੈ। ਉਨਾਂ ਕਿਹਾ ਕਿ ਮੰਦਭਾਗੀ ਗੱਲ ਇਹ ਹੈ ਕਿ ਦਿਵਾਲੀ ਤੋਂ ਪਹਿਲਾਂ ਹੀ ਸਰਕਾਰ ਵੱਲੋਂ ਗਰਾਂਟ ਵਿੱਚੋਂ ਕਟੌਤੀ ਕਰ 20 ਕਰੋੜ ਦਿੱਤੀ ਗਈ ਹੈ। ਪ੍ਰੋਫੈਸਰ ਬਡੁੰਗਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਆਪਣੀ ਕਹਿਣੀ ਤੇ ਪੂਰੀ ਉਤਰਦਿਆਂ ਹੋਇਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਜੇਕਰ ਵੱਧ ਗਰਾਂਟ ਜਾਰੀ ਨਹੀਂ ਕੀਤੀ ਜਾਂਦੀ ਤਾਂ ਉਹ ਆਪਣੇ ਪਹਿਲਾਂ ਵਾਲੇ ਬਿਆਨ ਤੇ ਖਰੇ ਉਤਰਦੇ ਹੋਏ 90 ਕਰੋੜ ਰੁਪਏ ਦੀ ਗਰਾਂਟ ਤਾਂ ਘੱਟੋ ਘੱਟ ਜਾਰੀ ਕਰਨ, ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਪੂਰੀ ਤਰਹਾਂ ਕਰਜੇ ਤੋਂ ਮੁਕਤ ਕਰਨ ਦਾ ਵਾਅਦਾ ਵੀ ਕੀਤਾ ਗਿਆ ਸੀ। ਪ੍ਰੋਫੈਸਰ ਬਡੁੰਗਰ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਤੀ ਹਾਲਾਤ ਮੌਜੂਦਾ ਸਮੇਂ ਵਿੱਚ ਅਜਿਹੇ ਬਣੇ ਹੋਏ ਹਨ ਕਿ ਇਸ ਸਮੇਂ ਯੂਨੀਵਰਸਿਟੀ ਕੋਲ ਮੁਲਾਜ਼ਮਾਂ ਦੀਆਂ ਤਨਖਾਹਾਂ ਜਾਰੀ ਕਰਨ ਲਈ ਬਜਟ ਤੱਕ ਨਹੀਂ ਹੈ, ਜਿਸ ਨੂੰ ਲੈ ਕੇ ਮੁਲਾਜ਼ਮਾਂ ਵਿੱਚ ਰੋਸ ਵੀ ਦੇਖਣ ਨੂੰ ਮਿਲ ਰਿਹਾ ਹੈ।
Spread the love