ਜ਼ਿਲ੍ਹੇ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਵਿਕਰੀ ਅਤੇ ਸਪਲਾਈ ਆਮ ਵਾਂਗ ਹੋਈ

Aashika Jain(1)
Aashika Jain
ਬੀ ਪੀ ਸੀ ਐਲ ਤੇਲ ਡਿਪੂ ਨੇ ਅੱਧੀ ਰਾਤ ਤੋਂ ਸਪਲਾਈ ਸ਼ੁਰੂ ਕਰਕੇ ਸ਼ਾਮ 5 ਵਜੇ ਤੱਕ 71 ਟੈਂਕਰ ਭੇਜੇ
ਡੀ ਸੀ ਨੇ ਸਥਾਨਕ ਪੱਧਰ ਦੇ ਮੁੱਦਿਆਂ ਨੂੰ ਸੁਲਝਾਉਣ ਵਿੱਚ ਸਹਿਯੋਗ ਲਈ ਸਾਰੇ ਭਾਗੀਦਾਰਾਂ ਦਾ ਧੰਨਵਾਦ ਕੀਤਾ
ਐਸ.ਏ.ਐਸ.ਨਗਰ, 03 ਜਨਵਰੀ, 2024 
ਟਰੱਕ ਅਪਰੇਟਰਾਂ ਦੀ ਦੇਸ਼ ਵਿਆਪੀ ਹੜਤਾਲ ਕਾਰਨ ਪੈਦਾ ਹੋਏ ਮਾਹੌਲ ਤੋਂ ਬਾਅਦ ਅੱਜ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਨਿਰਵਿਘਨ ਅਤੇ ਵਿਕਰੀ ਆਮ ਵਾਂਗ ਹੋ ਗਈ।ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਅੱਜ ਪੈਟਰੋਲੀਅਮ ਪਦਾਰਥਾਂ ਦੀ ਸਪਲਾਈ ਅਤੇ ਵਿੱਕਰੀ ਆਮ ਵਾਂਗ ਹੋ ਗਈ ਹੈ ਕਿਉਂਕਿ ਬਠਿੰਡਾ, ਸੰਗਰੂਰ ਅਤੇ ਜਲੰਧਰ ਤੋਂ ਪਿਛਲੀ ਅੱਧੀ ਰਾਤ ਤੋਂ 70 ਫੀਸਦੀ ਤੋਂ ਵੱਧ ਜ਼ਿਲ੍ਹੇ ਚ ਸਪਲਾਈ ਦਰਜ ਕੀਤੀ ਗਈ। ਇਸੇ ਤਰ੍ਹਾਂ, ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਦੇ ਸਥਾਨਕ ਤੇਲ ਡਿਪੂ (ਲਾਲੜੂ)  ਤੋਂ ਪੈਟਰੋਲ ਅਤੇ ਡੀਜ਼ਲ ਦੀ ਬਾਹਰੀ ਸਪਲਾਈ ਵਿੱਚ ਵੀ ਤੇਜ਼ੀ ਆਈ ਕਿਉਂਕਿ ਬੁੱਧਵਾਰ ਸ਼ਾਮ 5 ਵਜੇ ਤੱਕ ਬਾਹਰ ਭੇਜੇ ਗਏ ਟੈਂਕਰਾਂ/ਲਾਰੀਆਂ ਦੀ ਗਿਣਤੀ 71 ਹੋ ਚੁੱਕੀ ਸੀ।
ਉਨ੍ਹਾਂ ਟਰੱਕ ਅਪਰੇਟਰਾਂ ਅਤੇ ਪੈਟਰੋਲ ਪੰਪ ਮਾਲਕਾਂ ਦਾ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਸਥਿਤੀ ਆਮ ਵਾਂਗ ਕਰਨ ਲਈ ਦਿੱਤੇ ਸਹਿਯੋਗ ਲਈ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਸਿਵਲ ਅਤੇ ਪੁਲਿਸ ਅਧਿਕਾਰੀਆਂ ਸਮੇਤ ਸਮੁੱਚੇ ਪ੍ਰਸ਼ਾਸਕੀ ਤੰਤਰ ਨੇ ਸਥਿਤੀ ਨੂੰ ਆਮ ਵਰਗੀ ਕਰਨ ਲਈ ਬੜੀ ਸੰਜੀਦਗੀ ਨਾਲ ਕੰਮ ਕੀਤਾ।
ਪਵਨ ਕੁਮਾਰ, ਸੇਲਜ਼ ਅਫਸਰ, ਬੀ ਪੀ ਸੀ ਐਲ, ਜੋ ਕਿ ਲਾਲੜੂ ਡਿਪੋ ਵੀ ਦੇਖਦੇ ਹਨ, ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤੇਲ ਡਿਪੂ ਤੋਂ ਸਪਲਾਈ ਮੁੜ ਸ਼ੁਰੂ ਕਰਨ ਲਈ ਕੀਤੇ ਗਏ ਸਖ਼ਤ ਯਤਨ ਸਾਰਥਕ ਸਾਬਤ ਹੋਏ ਹਨ। ਤੇਲ ਡਿਪੂ ਮੰਗ ਅਤੇ ਸਪਲਾਈ ਵਿਚਲੇ ਪਾੜੇ ਨੂੰ ਪੂਰਾ ਕਰਨ ਲਈ ਦਿਨ ਰਾਤ ਕੰਮ ਕਰ ਰਿਹਾ ਹੈ।
Spread the love