ਜ਼ਿਲ੍ਹਾ ਚੋਣ ਅਫ਼ਸਰ ਦੀ ਅਗਵਾਈ ‘ਚ ਡਿਜ਼ੀਟਲ ਮੋਬਾਇਲ ਵੈਨ ਰਵਾਨਾ

Digital Mobile Van
ਜ਼ਿਲ੍ਹਾ ਚੋਣ ਅਫ਼ਸਰ ਦੀ ਅਗਵਾਈ 'ਚ ਡਿਜ਼ੀਟਲ ਮੋਬਾਇਲ ਵੈਨ ਰਵਾਨਾ
ਲੋਕ ਸਭਾ ਚੋਣਾਂ 2024

ਵੱਖ-ਵੱਖ 14 ਵਿਧਾਨ ਸਭਾ ਹਲਕਿਆਂ ‘ਚ 14 ਜਨਵਰੀ ਤੱਕ ਵੋਟਰਾਂ ਨੂੰ ਕਰੇਗੀ ਜਾਗਰੂਕ

ਲੁਧਿਆਣਾ, 05 ਜਨਵਰੀ 2024

ਡਿਪਟੀ ਕਮਿਸ਼ਨਰ ਲੁਧਿਆਣਾ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਸੁਰਭੀ ਮਲਿਕ ਦੀ ਅਗਵਾਈ ਹੇਠ ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ, ਜ਼ਿਲ੍ਹਾ ਲੁਧਿਆਣਾ ਦੀ ਆਮ ਜਨਤਾ ਨੂੰ ਵੋਟਾਂ ਪ੍ਰਤੀ ਜਾਗਰੂਕ ਕਰਨ ਦੇ ਮੰਤਵ ਨਾਲ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਜੀਟਲ ਮੋਬਾਇਲ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।

ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਅੱਜ 05 ਜਨਵਰੀ ਤੋਂ 14 ਜਨਵਰੀ ਤੱਕ ਵੱਖ-ਵੱਖ 14 ਵਿਧਾਨ ਸਭਾ ਹਲਕਿਆਂ ਵਿੱਚ ਡਿਜੀਟਲ ਮੋਬਾਇਲ ਵੈਨ ਰਾਹੀਂ ਆਮ ਜਨਤਾ ਨੂੰ ਵੋਟਾਂ ਪ੍ਰਤੀ ਜਾਗਰੂਕ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਅੱਜ ਡਿਜੀਟਲ ਮੋਬਾਇਲ ਵੈਨ ਹਲਕਾ 64-ਲੁਧਿਆਣਾ (ਪੱਛਮੀ) ਅਤੇ 66-ਗਿੱਲ ਵਿਖੇ ਲੋਕਾਂ ਨੂੰ ਆਪਣੀ ਵੋਟ ਦੇ ਅਧਿਕਾਰੀ ਪ੍ਰਤੀ ਜਾਗਰੂਕ ਕਰੇਗੀ ਜਦਕਿ ਭਲਕੇ 06 ਜਨਵਰੀ ਨੂੰ 61-ਲੁਧਿਆਣਾ (ਦੱਖਣੀ) ਅਤੇ 62-ਆਤਮ ਨਗਰ, 7 ਜਨਵਰੀ ਨੂੰ 63-ਲੁਧਿਆਣਾ (ਕੇਂਦਰੀ) ਅਤੇ 65-ਲੁਧਿਆਣਾ (ਉੱਤਰੀ), 08 ਜਨਵਰੀ ਨੂੰ  59-ਸਾਹਨੇਵਾਲ ਅਤੇ 60-ਲੁਧਿਆਣਾ (ਪੂਰਬੀ), 09 ਜਨਵਰੀ 68-ਦਾਖਾ, 10 ਜਨਵਰੀ 69-ਰਾਏਕੋਟ(ਐਸ.ਸੀ.), 11 ਜਨਵਰੀ 70-ਜਗਰਾਉਂ(ਐਸ.ਸੀ.), 12 ਜਨਵਰੀ 67-ਪਾਇਲ(ਐਸ.ਸੀ.), 13 ਜਨਵਰੀ 57-ਖੰਨਾ ਅਤੇ ਅਖੀਰ 14 ਜਨਵਰੀ ਨੂੰ ਹਲਕਾ 58-ਸਮਰਾਲਾ ਦਾ ਦੌਰਾ ਕਰੇਗੀ।

ਜ਼ਿਲ੍ਹਾ ਚੋਣ ਅਫ਼ਸਰ ਵਲੋਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਗਿਆ ਕਿ ਇਸ ਡਿਜ਼ੀਟਲ ਮੋਬਾਇਲ ਵੈਨ ਦੇ ਵੱਖ-ਵੱਖ ਹਲਕਿਆਂ ‘ਚ ਪਹੁੰਚਣ ‘ਤੇ, ਵੈਨ ਕੋਲ ਜਾ ਕੇ ਵੋਟਿੰਗ ਮਸ਼ੀਨ ‘ਤੇ ਵੋਟਾਂ ਪਾਉਣ ਦੇ ਢੰਗ ਅਤੇ ਵੈਨ ਵਿੱਚ ਲੱਗੀ ਐਲ.ਈ.ਡੀ. ‘ਤੇ ਚਲਾਈਆਂ ਜਾਣ ਵਾਲੀਆਂ ਵੀਡੀਓਜ ਰਾਹੀਂ ਵੋਟਾਂ ਦੀ ਮਹੱਤਤਾ ਸਬੰਧੀ ਵੱਧ ਤੋਂ ਵੱਧ ਜਾਣਕਾਰੀ ਹਾਸਲ ਕੀਤੀ ਜਾਵੇ।

Spread the love