ਸਿਵਲ ਸਰਜਨ ਦਫਤਰ ਵਿਖੇ ਮਨਾਈ ਨਵ-ਜਨਮੀਆਂ ਧੀਆਂ ਦੀ ਲੋਹੜੀ
ਰੂਪਨਗਰ, 11 ਜਨਵਰੀ 2024
ਸਿਹਤ ਵਿਭਾਗ ਰੂਪਨਗਰ ਵੱਲੋਂ ਪੀ.ਸੀ.ਪੀ.ਐਨ.ਡੀ.ਟੀ. ਅਧੀਨ ਨਵੀਆਂ ਜੰਮੀਆਂ ਧੀਆਂ ਨੂੰ ਸਮਾਜ ਵਿੱਚ ਬਣਦਾ ਰੁਤਬਾ ਦਿਵਾਉਣ ਦੇ ਉਦੇਸ਼ ਤਹਿਤ ਕੰਨਿਆ ਭਰੂਣ ਹੱਤਿਆ ਸਬੰਧੀ ਜਾਗਰੂਕਤਾ ਲਈ ਹਰ ਸਾਲ ਦੀ ਤਰ੍ਹਾਂ ਦਫਤਰ ਸਿਵਲ ਸਰਜਨ ਰੂਪਨਗਰ ਵਿਖੇ ਨਵ-ਜਨਮੀਆਂ ਧੀਆਂ ਦੀ ਲੋਹੜੀ ਮਨਾਈ ਗਈ। ਇਸ ਮੌਕੇ ਸਿਵਲ ਸਰਜਨ ਰੂਪਨਗਰ ਡਾ. ਮਨੂੰ ਵਿਜ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਮਾਜ ਲੜਕੀਆਂ ਤੋਂ ਬਿਨਾਂ ਅਧੂਰਾ ਹੈ ਅਤੇ ਸਾਨੂੰ ਲੜਕੀਆਂ ਦਾ ਪੂਰਾ ਮਾਣ ਤੇ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਾਰੀ ਤੋਂ ਬਿਨਾਂ ਸਮਾਜ ਦੀ ਕਲਪਨਾ ਕਰਨਾ ਸੰਭਵ ਨਹੀਂ ਹੈ। ਅੱਜ ਦੇ ਯੁਗ ਵਿੱਚ ਲੜਕੀਆਂ ਲੜਕਿਆਂ ਤੋਂ ਕਿਸੇ ਵੀ ਖੇਤਰ ਵਿੱਚ ਪਿੱਛੇ ਨਹੀਂ ਹਨ।
ਉਨ੍ਹਾਂ ਕਿਹਾ ਕਿ ਹਰ ਵਾਰ ਮੌਕਾ ਮਿਲਣ ਤੇ ਵਿਸ਼ਵ ਪੱਧਰ ਤੇ ਲੜਕੀਆਂ ਨੇ ਨਾਮਣਾ ਖੱਟਿਆ ਹੈ, ਜਿਵੇਂ ਕਿ ਮਦਰ ਟਰੇਸਾ, ਸੁਨੀਤਾ ਵਿਲੀਅਮ, ਕਲਪਨਾ ਚਾਵਲਾ, ਪੀ.ਟੀ. ਊਸ਼ਾ, ਕਿਰਨਬੇਦੀ ਅਤੇ ਪੀ.ਵੀ. ਸਿੰਧੂ ਵਰਗੀਆਂ ਹਜ਼ਾਰਾਂ ਲੜਕੀਆਂ ਇਸ ਗੱਲ ਦੀ ਮਿਸਾਲ ਹਨ। ਸਾਨੂੰ ਲੜਕੀਆਂ ਨੂੰ ਵੀ ਲੜਕਿਆਂ ਵਾਂਗ ਪਿਆਰ ਕਰਨਾ ਚਾਹੀਦਾ ਹੈ ਅਤੇ ਉਚ ਵਿੱਦਿਆ ਸਹਿਤ ਚੰਗਾ ਪਾਲਣ-ਪੋਸ਼ਣ ਅਤੇ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਹਰ ਮੌਕਾ ਦੇਣਾ ਚਾਹੀਦਾ ਹੈ।
ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਗਾਇਤਰੀ ਦੇਵੀ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਕੁੜੀਆਂ ਨੂੰ 05 ਸਾਲ ਦੀ ਉਮਰ ਤੱਕ ਮੁਫਤ ਇਲਾਜ ਦੀ ਸਹੂਲਤ ਦਿੱਤੀ ਜਾਂਦੀ ਹੈ। ਲੋੜ ਪੈਣ ਤੇ ਲੋਕਾਂ ਨੂੰ ਆਪਣੀਆਂ ਬੱਚੀਆਂ ਦੇ ਇਲਾਜ ਲਈ ਇਹ ਸਹੂਲਤ ਦਾ ਪੂਰਾ ਲਾਭ ਪ੍ਰਾਪਤ ਕਰਨਾ ਚਾਹੀਦਾ ਹੈ।ਇਸ ਮੌਕੇ ਸਿਵਲ ਸਰਜਨ ਰੂਪਨਗਰ ਅਤੇ ਸਮੂਹ ਪ੍ਰੋਗਰਾਮ ਅਫਸਰਾਂ ਵੱਲੋਂ ਸਿਵਲ ਹਸਪਤਾਲ ਰੂਪਨਗਰ ਵਿਖੇ ਜਨਮੀਆਂ ਲੱਗਭੱਗ 12 ਨਵ-ਜਨਮੀਆਂ ਧੀਆਂ ਨੂੰ ਬੇਬੀ ਬਾਥ ਕਿੱਟ, ਗਰਮ ਕੰਬਲ, ਗਰਮ ਸੂਟ, ਅਤੇ ਲੋਹੜੀ ਦਾ ਸਮਾਨ ਭੇਂਟ ਕੀਤਾ ਗਿਆ ਤੇ ਸਟਾਫ ਮੈਂਬਰਾ ਨੂੰ ਵੀ ਲੋਹੜੀ ਵੰਡੀ ਗਈ। ਉਹਨਾਂ ਨਵਜਨਮੀਆਂ ਧੀਆਂ ਦੇ ਮਾਪਿਆਂ ਨੂੰ ਗੁਜ਼ਾਰਿਸ਼ ਕੀਤੀ ਕਿ ਉਹ ਆਪਣੀਆਂ ਲੜਕੀਆਂ ਨੂੰ ਬੋਝ ਨਾ ਸਮਝ ਕੇ ਲੜਕਿਆਂ ਵਾਂਗ ਪਿਆਰ ਕਰਨ ਅਤੇ ਜ਼ਿੰਦਗੀ ਵਿੱਚ ਅੱਗੇ ਵਧਣ ਦਾ ਮੌਕਾ ਦੇਣ। ਇਸ ਮੋਕੇ ਨਰਸਿੰਗ ਸਕੂਲ ਦੀਆਂ ਵਿਦਿਆਰਥਣਾਂ ਦੇ ਗਰੁੱਪਾਂ ਵੱਲੋਂ ਗਿੱਧੇ ਅਤੇ ਸਕਿੱਟ ਦੀ ਪੇਸ਼ਕਾਰੀ ਕੀਤੀ ਗਈ। ਸਿਵਲ ਸਰਜਨ ਰੂਪਨਗਰ ਵੱਲੋਂ ਵਿਦਿਆਰਥਣਾਂ ਨੂੰ ਸਨਮਾਨ ਚਿੰਨ੍ਹ ਵੀ ਦਿੱਤਾ ਗਿਆ।
ਇਸ ਮੌਕੇ ਜਿਲ੍ਹਾ ਸਹਾਇਕ ਸਿਵਲ ਸਰਜਨ ਡਾ. ਅੰਜੂ, ਜਿਲ੍ਹਾ ਟੀਕਾਕਰਨ ਅਫਸਰ ਡਾ. ਨਵਰੂਪ ਕੋਰ, ਐਸ.ਐਮ.ਓ. ਡਾ. ਅਮਰਜੀਤ ਸਿੰਘ, ਡਾ. ਗੋਬਿੰਦ ਟੰਡਨ, ਡਾ. ਦਲਜੀਤ ਕੋਰ, ਜਿਲ੍ਹਾ ਐਪੀਡੀਮਾਲੋਜਿਸਟ ਡਾ. ਪ੍ਰਭਲੀਨ ਕੋਰ ਅਤੇ ਡਾ. ਸੋਨਾਲੀ ਵੋਹਰਾ, ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾਂ ਅਫਸਰ ਰਾਜ ਰਾਣੀ, ਡਿਪਟੀ ਮਾਸ ਮੀਡੀਆ ਅਫਸਰ ਰਿੱਤੂ, ਪ੍ਰਿੰਸੀਪਲ ਮੈਡਮ ਦਿਲਦੀਪ ਕੋਰ, ਜਿਲ੍ਹਾ ਪ੍ਰੋਗਰਾਮ ਮੈਨੇਜਰ ਮੈਡਮ ਡੋਲੀ ਸਿੰਗਲਾ, ਜਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਸੁਖਜੀਤ ਕੰਬੋਜ਼, ਖੁਸ਼ਹਾਲ ਪੀ.ਐਨ.ਡੀ.ਟੀ. ਅਸਿਸਟੈਂਟ, ਸਿਵਲ ਸਰਜਨ ਦਫਤਰ ਦੇ ਸਮੂਹ ਸਟਾਫ ਮੈਂਬਰ ਅਤੇ ਆਮ ਲੋਕ ਹਾਜ਼ਰ ਸਨ।