ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਨੇਤਾ ਜੀ ਨੂੰ ਉਨ੍ਹਾਂ ਦੀ ਜਯੰਤੀ ’ਤੇ ਭੇਟ ਕੀਤੀ ਸ਼ਰਧਾਂਜਲੀ

Netaji Subash Chandra Bose
ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਨੇਤਾ ਜੀ ਨੂੰ ਉਨ੍ਹਾਂ ਦੀ ਜਯੰਤੀ ’ਤੇ ਭੇਟ ਕੀਤੀ ਸ਼ਰਧਾਂਜਲੀ
CHANDIGARH, JANUARY 23, 2024
ਦਿਵਸ ਮੌਕੇ ਪੰਜਾਬ ਦੇ ਰਾਜਪਾਲ ਅਤੇ ਯੂਟੀ, ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਬਨਵਾਰੀ ਲਾਲ ਪੁਰੋਹਿਤ ਨੇ ਨੇਤਾ ਜੀ ਸੁਭਾਸ਼ ਚੰਦਰ ਬੋਸ ਨੂੰ ਸ਼ਰਧਾਂਜਲੀ ਭੇਟ ਕੀਤੀ।ਮੰਗਲਵਾਰ ਨੂੰ ਪੰਜਾਬ ਰਾਜ ਭਵਨ ’ਚ ਕਰਵਾਏ ਇਕ ਸਮਾਰੋਹ ’ਚ ਸ਼੍ਰੀ ਪੁਰੋਹਿਤ ਅਤੇ ਰਾਜ ਭਵਨ ਦੇ ਅਧਿਕਾਰੀਆਂ ਨੇ ਨੇਤਾ ਜੀ ਨੂੰ ਉਨ੍ਹਾਂ ਦੀ ਜਯੰਤੀ ’ਤੇ ਸ਼ਰਧਾ ਦੇ ਫੁੱਲ ਅਰਪਣ ਕੀਤੇ।
ਸ਼ਰਧਾ ਨਾਲ ਨਮਨ ਕਰਦਿਆਂ ਅਤੇ ਮਹਾਨ ਬਹਾਦਰ ਨੇਤਾ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਰਾਜਪਾਲ ਨੇ ਕਿਹਾ ਕਿ ਨੇਤਾ ਜੀ ਨੇ ਪੂਰੀ ਬਹਾਦਰੀ, ਦ੍ਰਿੜਤਾ ਅਤੇ ਬਲੀਦਾਨ ਦਾ ਪ੍ਰਗਟਾਵਾ ਕੀਤਾ ਅਤੇ ਸਾਡੀ ਮਾਤ ਭੂਮੀ ਨੂੰ ਅੰਗਰੇਜ਼ ਸ਼ਾਸਨ ਦੇ ਜੂਲੇ ਤੋਂ ਆਜ਼ਾਦ ਕਰਵਾਉਣ ਲਈ ਅਹਿਮ ਭੂਮਿਕਾ ਨਿਭਾਈ। ਨੇਤਾ ਜੀ ਦੇ ‘ਜੈ ਹਿੰਦ’ ਅਤੇ ’ਮੈਨੂੰ ਖੂਨ ਦਿਓ ਅਤੇ ਮੈਂ ਤੁਹਾਨੂੰ ਆਜ਼ਾਦੀ ਦਿਆਂਗਾ’ ਦੇ ਨਾਅਰਿਆਂ ਨੇ ਦੇਸ਼ ਭਗਤੀ ਦੀ ਮਸ਼ਾਲ ਜਗਾਈ ਅਤੇ ਆਜ਼ਾਦੀ ਦੇ ਸੰਘਰਸ਼ ਦੌਰਾਨ ਭਾਰਤੀਆਂ ਦੇ ਦਿਲਾਂ ਵਿੱਚ ਰਾਸ਼ਟਰਵਾਦ ਦਾ ਜਜ਼ਬਾ ਭਰਿਆ।
ਰਾਜਪਾਲ ਨੇ ਕਿਹਾ ਕਿ ਸਾਡੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਇੰਡੀਆ ਗੇਟ ’ਤੇ ਜਾਰਜ ਪੰਜਵੇਂ ਦੀ ਮੂਰਤੀ ਦੀ ਥਾਂ ’ਤੇ 28 ਫੁੱਟ ਦੀ ਵਿਸ਼ਾਲ ਮੂਰਤੀ ਸਥਾਪਿਤ ਕਰਕੇ, ਅਤੇ ਰਾਜ ਪਥ ਦਾ ਨਾਮ ਬਦਲ ਕੇ ਕਰਤੱਵਯ ਪਥ ਰੱਖ ਕੇ ਗੁਲਾਮੀ ਦੇ ਪ੍ਰਤੀਕ ਨੂੰ ਹਟਾਇਆ ਹੈ ਅਤੇ ਨੇਤਾ ਜੀ ਨੂੰ ਉਨ੍ਹਾਂ ਦੇ ਵਿਲੱਖਣ ਯੋਗਦਾਨ ਲਈ ਵਿਸ਼ੇਸ਼ ਢੰਗ ਨਾਲ ਸਨਮਾਨਿਤ ਕੀਤਾ ਹੈ। ਉਨ੍ਹਾਂ ਅੱਗੇ ਕਿਹਾ, ‘‘ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਮਹਾਨ ਯੋਗਦਾਨ ਲਈ ਰਾਸ਼ਟਰ ਸਦਾ ਨੇਤਾ ਜੀ ਦਾ ਧੰਨਵਾਦੀ ਰਹੇਗਾ।’’
ਇਸ ਮੌਕੇ ’ਤੇ ਪੰਜਾਬ ਦੇ ਰਾਜਪਾਲ ਦੇ ਵਧੀਕ ਮੁੱਖ ਸਕੱਤਰ ਸ਼੍ਰੀ ਕੇ. ਸਿਵਾ ਪ੍ਰਸਾਦ ਅਤੇ ਰਾਜ ਭਵਨ ਦੇ ਹੋਰ ਅਧਿਕਾਰੀ ਅਤੇ ਸਟਾਫ਼ ਮੈਂਬਰ ਵੀ ਹਾਜ਼ਰ ਸਨ।
Spread the love