ਰੂਪਨਗਰ, 25 ਜਨਵਰੀ 2024
ਹਲਕਾ ਵਿਧਾਇਕ ਰੂਪਨਗਰ ਐਡਵੋਕੇਟ ਦਿਨੇਸ਼ ਚੱਢਾ ਦੇ ਕੀਤੇ ਯਤਨਾ ਸਦਕਾ ਸਰਕਾਰੀ ਪ੍ਰਾਇਮਰੀ ਸਕੂਲ (ਲੜਕੇ) ਰੂਪਨਗਰ ਦਾ ਨਾਮ ਬਦਲ ਕੇ ਸੁਤੰਤਰਤਾ ਸੰਗਰਾਮੀ ਲਾਲਾ ਲਾਜਪਤ ਰਾਏ ਸਰਕਾਰੀ ਪ੍ਰਾਇਮਰੀ ਸਕੂਲ ਰੱਖਣ ਦੀ ਪ੍ਰਵਾਨਗੀ ਮਿਲ ਗਈ ਹੈ। ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਸਕੂਲ ਦੇ ਨਾਮ ਬਦਲਣ ਦੀ ਭੇਜੀ ਗਈ ਪ੍ਰੋਪਜ਼ਲ ਨੂੰ ਮਨਜ਼ੂਰ ਕੀਤਾ ਗਿਆ ਜਿਸ ਸਦਕਾ ਹੁਣ ਰੋਪੜ ਸ਼ਹਿਰ ਵਿਚ ਲਾਲਾ ਲਾਜਪਤ ਰਾਏ ਜੀ ਦੇ ਜੀਵਨ ਦਾ ਇਤਿਹਾਸ ਸਦਾ ਇਸ ਸਕੂਲ ਰਾਹੀਂ ਜੀਵਿਤ ਰਹੇਗਾ।
ਇਸ ਮੌਕੇ ਹਲਕਾ ਵਿਧਾਇਕ ਦਿਨੇਸ਼ ਚੱਢਾ ਨੇ ਦੱਸਿਆ ਕਿ ਮਹਾਨ ਦੇਸ਼ ਭਗਤ ਲਾਲਾ ਲਾਜਪਤ ਰਾਏ ਜੀ ਇਸ ਸਕੂਲ ਵਿੱਚ 6 ਜਮਾਤ ਤੱਕ ਪੜੇ ਸਨ। ਉਨ੍ਹਾਂ ਦੱਸਿਆ ਕਿ ਇਸ ਸਕੂਲ ਦੇ ਨੀਹ ਪੱਥਰ ਵਿੱਚ ਵੀ ਇਹ ਦੇਖਣ ਨੂੰ ਕੀ ਮਿਲਿਆ ਜਿਸ ਵਿੱਚ ਲਿਖਿਆ ਹੋਇਆ ਹੈ ਕਿ ਇਸ ਸਕੂਲ ਵਿੱਚ ਲਾਲਾ ਲਾਜਪਤ ਰਾਏ ਜੀ ਪੜੇ ਸਨ। ਇਸ ਬਾਰੇ ਜਿਆਦਾ ਜਾਣਕਾਰੀ ਨਾ ਹੋਣ ਕਰਕੇ ਉਨ੍ਹਾਂ ਦੀ ਟੀਮ ਨੇ ਹੋਰ ਜਾਣਕਾਰੀ ਤਲਾਸ਼ ਕਰਨ ਦੀ ਕੋਸ਼ਿਸ਼ ਕੀਤੀ ਇਸ ਕੋਸ਼ਿਸ਼ ਦੌਰਾਨ ਜ਼ਿਲ੍ਹਾ ਲਾਇਬਰੇਰੀ ਰੂਪਨਗਰ ਡਾ.ਬੀ.ਆਰ ਅੰਬੇਡਕਰ ਚੌਂਕ ਵਿੱਚ ਖੋਜ ਕਰਨ ਉਪਰੰਤ ਇੱਕ ਪੁਸਤਕ ਸਾਹਮਣੇ ਆਈ ‘ਭਾਰਤ ਕੇ ਅਮਰ ਕ੍ਰਾਂਤੀਕਾਰੀ ਲਾਲਾ ਲਾਜਪਤ ਰਾਏ’ ਜੋ ਕਿ ਡਾ. ਭਵਾਨ ਸਿੰਘ ਰਾਣਾ ਦੀ ਲਿਖੀ ਹੋਈ ਹੈ।
ਉਨ੍ਹਾਂ ਦੱਸਿਆ ਕਿ ਇਸ ਕਿਤਾਬ ਦੇ ਮੁਤਾਬਕ ਲਾਲਾ ਲਾਜਪਤ ਰਾਏ ਦੇ ਪਿਤਾ ਮੁਨਸ਼ੀ ਸ਼੍ਰੀ ਰਾਧਾ ਕ੍ਰਿਸ਼ਨ ਜੀ ਪੇਸ਼ੇ ਵਜੋਂ ਇੱਕ ਅਧਿਆਪਕ ਸਨ ਜੋ ਕਿ ਰਾਜ ਕੀਆ ਮਿਡਲ ਸਕੂਲ ਰੋਪੜ ਵਿੱਚ 8 ਸਾਲ ਦੇ ਕਰੀਬ ਬਤੌਰ ਅਧਿਆਪਕ ਸੇਵਾ ਨਿਭਾਈ।
ਉਨ੍ਹਾਂ ਦੱਸਿਆ ਕਿ ਮਿਲੀ ਜਾਣਕਾਰੀ ਮੁਤਾਬਿਕ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਰੋਪੜ ਦਾ ਪੁਰਾਣਾ ਨਾਮ ਹੀ ਰਾਜ ਕੀਆ ਮਿਡਲ ਸਕੂਲ ਸੀ। ਇਸੇ ਸਕੂਲ ਚ 13 ਸਾਲ ਦੀ ਉਮਰ ਤੱਕ 6ਵੀ ਕਲਾਸ ਤੱਕ ਲਾਲਾ ਲਾਜਪਤ ਰਾਏ ਜੀ ਨੇ ਪੜਾਈ ਹਾਸਿਲ ਕੀਤੀ। ਇਸ ਉਪਰੰਤ ਲਾਲਾ ਜੀ ਦੇ ਪਿਤਾ ਜੀ ਦੀ ਬਦਲੀ ਸ਼ਿਮਲਾ ਵਿਖੇ ਹੋ ਗਈ ਸੀ।
ਐਡਵੋਕੇਟ ਚੱਢਾ ਨੇ ਦੱਸਿਆ ਕਿ ਇਸ ਆਧਾਰ ਉਤੇ ਹੀ ਉਨ੍ਹਾਂ ਵਲੋਂ ਪੰਜਾਬ ਸਰਕਾਰ ਨੂੰ ਸਕੂਲ ਦੇ ਨਾਮ ਬਦਲਣ ਲਈ ਪ੍ਰੋਪਜ਼ਲ ਭੇਜੀ ਗਈ ਸੀ ਜੋ ਕਿ ਹੁਣ ਮਨਜ਼ੂਰ ਹੋਈ ਹੈ।