ਰੂਪਨਗਰ, 1 ਫਰਵਰੀ 2024
ਨਾਬਾਲਗਾਂ ਦੀ ਸੁਰੱਖਿਆ ਲਈ ਇੱਕ ਵਾਰ ਫਿਰ ਸਮਾਜ ਵਿੱਚ ਸਖ਼ਤ ਸੰਦੇਸ਼ ਦਿੰਦੇ ਹੋਏ ਜ਼ਿਲ੍ਹਾ ਅਤੇ ਸੈਸ਼ਨ ਜੱਜ ਰੂਪਨਗਰ ਦੀ ਵਿਸ਼ੇਸ਼ ਅਦਾਲਤ ਵੱਲੋਂ ਸ਼ੁੱਕਰਵਾਰ ਨੂੰ ਸਲੀਮ ਪੁੱਤਰ ਬਰਕਤ ਅਲੀ ਵਾਸੀ ਖਮਾਣੋਂ ਕਲਾਂ ਜਿਲ੍ਹਾ ਫਤਿਹਗੜ੍ਹ ਸਾਹਿਬ ਨੂੰ 3 ਸਾਲ 3 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ।
ਦੱਸਿਆ ਜਾਂਦਾ ਹੈ ਕਿ ਮਾਮਲਾ ਮਾਰਚ, 2022 ਦਾ ਹੈ ਜਦੋਂ 13.3.2022 ਨੂੰ ਨਾਬਾਲਿਗ ਪੀੜਤਾ ਜੰਗਲ ਪਾਣੀ ਲਈ ਜਾ ਰਹੀ ਸੀ ਤਾਂ ਦੋਸ਼ੀ ਨੇ ਆਪਣੇ ਸਾਥੀ ਨਾਲ ਮਿਲ ਕੇ ਨਾਬਾਲਿਗ ਨੂੰ ਜ਼ਬਰਦਸਤੀ ਮੋਟਰਸਾਈਕਲ ‘ਤੇ ਬਿਠਾ ਕੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ। ਜਿਸ ਉਤੇ ਧਾਰਾ 323, 354, 363, 511 ਤਹਿਤ ਅਤੇ ਪ੍ਰੋਟੈਕਸ਼ਨ ਆਫ ਚਿਲਡਰਨ ਫਰਾਮ ਸੈਕਸੁਅਲ ਆਫੈਂਸ ਐਕਟ ਦੀ ਧਾਰਾ 12 ਤਹਿਤ ਐੱਫ.ਆਈ.ਆਰ ਦਰਜ ਕੀਤੀ ਗਈ ਸੀ। ਪੁਲਿਸ ਨੇ 27.4.2022 ਨੂੰ ਅੰਤਿਮ ਰਿਪੋਰਟ ਪੇਸ਼ ਕੀਤੀ।
ਇਸ ਤੋਂ ਬਾਅਦ ਦੋਸ਼ੀ ਨੂੰ ਅਪਰਾਧਾਂ ਲਈ ਚਾਰਜਸ਼ੀਟ ਕੀਤਾ ਗਿਆ ਸੀ। ਇਸ ਮਾਮਲੇ ਦੀ ਸੁਣਵਾਈ ਮਾਣਯੋਗ ਜਿਲ੍ਹਾ ਅਤੇ ਸੈਸ਼ਨ ਜੱਜ ਰੂਪਨਗਰ ਦੀ ਵਿਸ਼ੇਸ਼ ਅਦਾਲਤ ਵਿੱਚ ਹੋਈ। ਸਰਕਾਰੀ ਵਕੀਲ ਦੀ ਦਲੀਲ ਨਾਲ ਸਹਿਮਤ ਹੁੰਦੇ ਹੋਏ, ਸ਼੍ਰੀਮਤੀ ਰਮੇਸ਼ ਕੁਮਾਰੀ, ਜ਼ਿਲ੍ਹਾ ਅਤੇ ਸੈਸ਼ਨ ਜੱਜ, ਰੂਪਨਗਰ ਨੇ ਦੋਸ਼ੀ ਸਲੀਮ ਨੂੰ 25.1.2024 ਨੂੰ ਦੋਸ਼ੀ ਠਹਿਰਾਇਆ ਅਤੇ ਉਸ ਨੂੰ ਧਾਰਾ 363 ਆਈ.ਪੀ.ਸੀ. ਦੀ ਧਾਰਾ 511 ਦੇ ਨਾਲ 3 ਸਾਲ 3 ਮਹੀਨੇ ਦੀ ਸਜ਼ਾ ਸੁਣਾਈ। ਇਨ੍ਹਾਂ ਧਾਰਾਵਾਂ ਤਹਿਤ 3000 ਰੁਪਏ ਜੁਰਮਾਨਾ, ਧਾਰਾ 323, 354 ਅਤੇ ਪੋਕਸੋ ਐਕਟ ਦੀ ਧਾਰਾ 12 ਤਹਿਤ ਇੱਕ-ਇੱਕ ਸਾਲ ਦੀ ਕੈਦ ਅਤੇ 1500 ਰੁਪਏ ਜੁਰਮਾਨਾ ਵੀ ਲਗਾਇਆ ਗਿਆ।