ਵਿਧਾਇਕ ਰਣਬੀਰ ਭੁੱਲਰ ਅਤੇ ਡੀ.ਸੀ. ਰਾਜੇਸ਼ ਧੀਮਾਨ ਨੇ “ਸਰਕਾਰ ਆਪ ਦੇ ਦੁਆਰ” ਸੁਵਿਧਾ ਕੈਂਪ ਦੌਰਾਨ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ; ਕਈ ਸ਼ਿਕਾਇਤਾਂ ਦਾ ਮੌਕੇ ‘ਤੇ ਕੀਤਾ ਨਿਪਟਾਰਾ  

MLA S. Ranbir Singh Bhullar
ਵਿਧਾਇਕ ਰਣਬੀਰ ਭੁੱਲਰ ਅਤੇ ਡੀ.ਸੀ. ਰਾਜੇਸ਼ ਧੀਮਾਨ ਨੇ "ਸਰਕਾਰ ਆਪ ਦੇ ਦੁਆਰ" ਸੁਵਿਧਾ ਕੈਂਪ ਦੌਰਾਨ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ; ਕਈ ਸ਼ਿਕਾਇਤਾਂ ਦਾ ਮੌਕੇ 'ਤੇ ਕੀਤਾ ਨਿਪਟਾਰਾ  

ਪੰਜਾਬ ਸਰਕਾਰ ਲੋਕਾਂ ਦੀਆਂ ਬਰੂਹਾਂ ਤੱਕ ਸਰਕਾਰੀ ਸੇਵਾਵਾਂ ਪਹੁੰਚਾਉਣ ਲਈ ਨਿਰੰਤਰ ਯਤਨਸ਼ੀਲ -ਭੁੱਲਰ

ਗੱਟੀ ਰਾਜੋ ਕੇ ਵਿਖੇ ਲਗਾਏ ਗਏ ਕੈਂਪ ਦੌਰਾਨ ਵੱਖ-ਵੱਖ ਵਿਭਾਗਾਂ ਦੀਆਂ ਸੇਵਾਵਾਂ ਦਾ ਲੋਕਾਂ ਨੇ ਲਿਆ ਲਾਹਾ

 ਫਿਰੋਜ਼ਪੁਰ, 6 ਫਰਵਰੀ 2024

ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਦੀਆਂ ਬਰੂਹਾਂ ਤੱਕ ਸਰਕਾਰੀ ਸੇਵਾਵਾਂ ਪਹੁੰਚਾਉਣ ਲਈ ਨਿਰੰਤਰ ਯਤਨਸ਼ੀਲ ਹੈ। ਲੋਕਾਂ ਨੂੰ ਸਰਕਾਰੀ ਕੰਮ ਕਰਵਾਉਣ ਲਈ ਸਰਕਾਰੀ ਦਫਤਰਾਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ। ਇਹ ਪ੍ਰਗਟਾਵਾ ਵਿਧਾਨਸਭਾ ਹਲਕਾ ਫਿਰੋਜ਼ਪੁਰ ਸ਼ਹਿਰੀ ਦੇ ਵਿਧਾਇਕ ਸ.ਰਣਬੀਰ ਸਿੰਘ ਭੁੱਲਰ ਨੇ ਗੱਟੀ ਰਾਜੋ ਕੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਲਗਾਏ ਗਏ “ਸਰਕਾਰ ਆਪ ਦੇ ਦੁਆਰ” ਸੁਵਿਧਾ ਕੈਂਪ ਦੌਰਾਨ ਲੋਕਾਂ ਦੀਆਂ ਮੁਸ਼ਕਿਲਾਂ ਦਾ ਨਿਪਟਾਰਾ ਕਰਦਿਆਂ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਰਾਜੇਸ਼ ਧੀਮਾਨ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

ਇਸ ਮੌਕੇ ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਨੇ ਕਿਹਾ ਕਿ ਰਾਜ ਭਰ ਵਿਚ  ਲੋਕਾਂ ਨੂੰ ਭਲਾਈ ਸਕੀਮਾਂ ਦਾ ਪੂਰਾ ਲਾਭ ਦੇਣ ਲਈ “ਸਰਕਾਰ ਆਪ ਦੇ ਦੁਆਰ” ਤਹਿਤ ਸੁਵਿਧਾ ਕੈਂਪ ਲਗਾਏ ਜਾ ਰਹੇ ਹਨ ਜਿਨ੍ਹਾਂ ਵਿੱਚ ਵੱਖ-ਵੱਖ ਵਿਭਾਗਾਂ ਦੀਆ 44 ਤਰ੍ਹਾਂ ਦੀਆਂ ਸੇਵਾਵਾਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਹਨ ਜਿਨ੍ਹਾਂ ਵਿੱਚ ਮਾਲ ਵਿਭਾਗ, ਸੇਵਾ ਕੇਂਦਰ, ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਘੱਟ ਗਿਣਤੀਆਂ, ਸਮਾਜਿਕ ਸੁਰੱਖਿਆ ਅਤੇ ਔਰਤਾਂ ਅਤੇ ਬੱਚਿਆਂ ਦਾ ਵਿਕਾਸ, ਖੇਤੀਬਾੜੀ ਅਤੇ ਕਿਸਾਨ ਭਲਾਈ, ਸਿਹਤ, ਜਲ ਸਪਲਾਈ ਅਤੇ ਸੈਨੀਟੇਸ਼ਨ, ਪੀ.ਐਸ.ਪੀ.ਸੀ.ਐਲ., ਪੇਂਡੂ ਵਿਕਾਸ ਅਤੇ ਪੰਚਾਇਤਾਂ, ਪੁਲਿਸ ਅਤੇ ਹੋਰਾਂ ਸਮੇਤ ਵੱਖ-ਵੱਖ ਵਿਭਾਗਾਂ ਦੀਆਂ ਸੇਵਾਵਾਂ ਲੋਕਾਂ ਨੂੰ ਇਕੋ ਜਗ੍ਹਾ ਤੇ ਦਿੱਤੀਆਂ ਜਾ ਰਹੀਆਂ ਹਨ ਤਾਂ ਕਿ ਲੋਕਾਂ ਨੂੰ ਆਸਾਨੀ ਨਾਲ ਸਰਕਾਰ ਦੁਆਰਾ ਚਲਾਈਆਂ ਜਾਂਦੀਆਂ ਭਲਾਈ ਸਕੀਮਾਂ ਮੁਹੱਈਆ ਕਰਵਾਈਆਂ ਜਾ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਦੇ ਸਰਬਪੱਖੀ ਵਿਕਾਸ ਦੇ ਨਾਲ-ਨਾਲ ਹਰ ਵਰਗ ਦੀ ਭਲਾਈ ਲਈ ਵੱਡੇ ਕਦਮ ਚੁੱਕੇ ਗਏ ਹਨ। ਉਨ੍ਹਾਂ ਦੱਸਿਆ ਕਿ ਕੈਂਪ ਲਗਾਉਣ ਦਾ ਮੰਤਵ ਇਕੋ ਥਾਂ `ਤੇ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣ ਤਾਂ ਜੋ ਲੋਕਾਂ ਦੀ ਖੱਜਲ-ਖੁਆਰੀ ਨਾ ਹੋਵੇ।

ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਸੁਵਿਧਾ ਕੈਂਪ ਵਿਚ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਅਰਜੀਆਂ ਪ੍ਰਾਪਤ ਹੋਈਆਂ ਜਿੰਨਾਂ ਵਿਚੋਂ ਕਈਆਂ ਦਾ ਮੌਕੇ ਤੇ ਹੀ ਹੱਲ ਕੀਤਾ ਗਿਆ ਹੈ ਅਤੇ ਕਈ ਅਰਜ਼ੀਆਂ ਸਮਾਂਬੱਧ ਅੰਦਰ ਹੱਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਕੈਂਪ ਦੌਰਾਨ ਉਨ੍ਹਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਪ੍ਰਾਪਤ ਅਰਜ਼ੀਆਂ ਸਬੰਧੀ ਸੂਚਨਾ ਆਨਲਾਈਨ ਪੋਰਟਲ ਤੇ ਚੜ੍ਹਾਉਣ ਅਤੇ ਹਰ ਲਾਭਪਾਤਰੀ ਦੀ ਅਰਜ਼ੀ ਦਾ ਤਹਿ ਸਮੇਂ ਅੰਦਰ ਨਿਪਟਾਰਾ ਕਰਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਹੋਰ ਵੱਖ-ਵੱਖ ਸਕੀਮਾਂ ਦੇ ਲਾਭ ਮੁਹੱਈਆ ਕਰਵਾਉਣ ਲਈ ਬਿਨੈ ਪੱਤਰ ਪ੍ਰਾਪਤ ਹੋਏ ਜਿੰਨਾ ਦੀ ਪੜਤਾਲ ਉਪਰੰਤ ਯੋਗ ਪ੍ਰਾਰਥੀਆਂ ਨੂੰ ਸਕੀਮਾਂ ਦਾ ਲਾਭ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਹੂਲਤ ਲਈ “ਸਰਕਾਰ ਆਪ ਦੇ ਦੁਆਰ” ਤਹਿਤ ਇਹ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਉਨ੍ਹਾਂ ਦਫ਼ਤਰਾਂ ਵਿੱਚ ਨਾ ਜਾਣਾ ਪਵੇ ਅਤੇ ਉਹ ਇਨ੍ਹਾਂ ਕੈਂਪਾਂ ਵਿੱਚ ਪਹੁੰਚ ਦੇ ਲਾਭ ਪ੍ਰਾਪਤ ਕਰ ਸਕਣ।

ਇਸ ਮੌਕੇ ਬੀ.ਡੀ.ਪੀ.ਓ. ਫਿਰੋਜ਼ਪੁਰ ਸ. ਪਿਆਰ ਸਿੰਘ, ਵਧੀਕ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਪ੍ਰਗਟ ਸਿੰਘ ਬਰਾੜ, ਪ੍ਰਿੰਸੀਪਲ ਸਤਿੰਦਰ ਸਿੰਘ, ਸ੍ਰੀ ਨੇਕ ਪ੍ਰਤਾਪ ਸਿੰਘ, ਸ੍ਰੀ ਰਾਜ ਬਹਾਦਰ ਸਿੰਘ ਗਿੱਲ, ਪ੍ਰਗਟ ਸਿੰਘ ਮੱਲ ਜ਼ਿਲ੍ਹਾ ਦਫਤਰ ਇੰਚਾਰਜ, ਬਲਾਕ ਪ੍ਰਧਾਨ ਸੁਰਜੀਤ ਵਿਲਾਸਰਾ, ਬਲਾਕ ਪ੍ਰਭਾਰੀ ਬੀਬੀ ਭੁਪਿੰਦਰ ਕੌਰ, ਮਨਜੀਤ ਸਿੰਘ ਗੱਟੀ, ਮੋੜਾ ਸਿੰਘ ਗੱਟੀ, ਬਲਵਿੰਦਰ ਸਿੰਘ ਚਾਂਦੀ ਵਾਲਾ, ਬੂਟਾ ਸਿੰਘ ਖੂੰਦਰ ਗੱਟੀ, ਪ੍ਰੀਤਮ ਸਿੰਘ ਝੁੱਗੇ ਹਜ਼ਾਰਾ, ਅਸ਼ੋਕ ਸਿੰਘ ਭਖੜਾ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ/ਕਰਮਚਾਰੀ ਹਾਜ਼ਰ ਸਨ।

Spread the love