ਸਕੀਮ ਤਹਿਤ ਸਾਰੇ ਰਜਿਸਟਰਡ ਲਾਭਪਾਤਰੀਆਂ ਨੂੰ ਲਾਭ ਪਹੁੰਚਾਉਣ ਲਈ ਜਿੰਮੇਦਾਰ ਵਿਭਾਗਾਂ ਨਾਲ ਮੀਟਿੰਗ
ਜ਼ਿਲ੍ਹੇ ਵਿੱਚ ਪਿਛਲੇ ਮਹੀਨੇ ਲਈ 908 ਮੀਟਰਕ ਟਨ ਦੀ ਅਲਾਟਮੈਂਟ ਪ੍ਰਾਪਤ ਹੋਈ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 17 ਫਰਵਰੀ 2024
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਸ਼ਨੀਵਾਰ ਨੂੰ ‘ਘਰ ਘਰ ਮੁਫਤ ਰਾਸ਼ਨ’ ਪਹਿਲਕਦਮੀ (ਸਕੀਮ) ਅਧੀਨ ਰਜਿਸਟਰਡ ਹਰੇਕ ਲਾਭਪਾਤਰੀ ਤੱਕ ਰਾਸ਼ਨ ਪਹੁੰਚਾਉਣ ਲਈ ਸਾਰੇ ਸਬੰਧਤ ਵਿਭਾਗਾਂ ਦੀ ਮੀਟਿੰਗ ਕੀਤੀ।ਹਰੇਕ ਯੋਗ ਘਰ ਤੱਕ ਰਾਸ਼ਨ ਦੀ ਨਿਰਵਿਘਨ ਪਹੁੰਚ ਸਬੰਧੀ ਪੰਜਾਬ ਦੇ ਮੁੱਖ ਸਕੱਤਰ ਨਾਲ ਵੀਡੀਓ ਕਾਨਫਰੰਸਿੰਗ ਕਰਨ ਉਪਰੰਤ ਡਿਪਟੀ ਕਮਿਸ਼ਨਰ ਨੇ ਮੀਟਿੰਗ ਵਿੱਚ ਹਾਜ਼ਰ ਅਧਿਕਾਰੀਆਂ ਨੂੰ ‘ਘਰ ਘਰ ਮੁਫਤ ਰਾਸ਼ਨ’ ਤਹਿਤ ਰਾਸ਼ਨ ਦੀ ਵੰਡ ਲਈ ਪੁਖਤਾ ਪ੍ਰਬੰਧ ਕਰਨ ਲਈ ਕਿਹਾ। ਉਨ੍ਹਾਂ ਦੱਸਿਆ ਕਿ ਇਸ ਸਮੇਂ ਜ਼ਿਲ੍ਹੇ ਵਿੱਚ ਇਸ ਸਕੀਮ ਅਧੀਨ 46175 ਰਾਸ਼ਨ ਕਾਰਡ ਹਨ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਸਕੀਮ ਅਧੀਨ ਰਜਿਸਟਰਡ ਸਾਰੇ ਲਾਭਪਾਤਰੀਆਂ ਨੂੰ ਰਾਸ਼ਨ ਮਿਲੇ।
ਇਸ ਕਾਰਜ ਦੀ ਨਿਗਰਾਨੀ ਵਧੀਕ ਡਿਪਟੀ ਕਮਿਸ਼ਨਰ (ਜਨਰਲ, ਪੇਂਡੂ ਵਿਕਾਸ, ਦਿਹਾਤੀ ਵਿਕਾਸ) ਵਿਰਾਜ ਐਸ ਤਿੜਕੇ ਨੂੰ ਸੌਂਪਦਿਆਂ ਉਨ੍ਹਾਂ ਇਸ ਸਕੀਮ ਨਾਲ ਜੁੜੇ ਸਾਰੇ ਵਿਭਾਗਾਂ ਨੂੰ ਰੋਜ਼ਾਨਾ ਪ੍ਰਗਤੀ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੂਬੇ ਵਿੱਚ ਹੋਮ ਡਲਿਵਰੀ ਦੇ ਪ੍ਰਬੰਧ ਕੀਤੇ ਜਾਣ ਤੋਂ ਬਾਅਦ ਲਾਭਪਾਤਰੀਆਂ ਨੂੰ ਡਿਪੂਆਂ ‘ਤੇ ਜਾਣ ਦੀ ਲੋੜ ਨਹੀਂ ਹੈ।
ਉਨ੍ਹਾਂ ਡੀ ਐਫ ਐਸ ਸੀ ਵਿਜੇ ਕੁਮਾਰ ਸਿੰਗਲਾ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਇਸ ਸਕੀਮ ਨੂੰ ਪਾਰਦਰਸ਼ਤਾ ਅਤੇ ਇਮਾਨਦਾਰੀ ਨਾਲ ਲਾਗੂ ਕੀਤਾ ਜਾਵੇ ਅਤੇ ਕਿਸੇ ਨੂੰ ਵੀ ਪਹਿਲਾਂ ਵਾਂਗ ਰਾਸ਼ਨ ਲੈਣ ਲਈ ਡਿਪੂਆਂ ਤੱਕ ਨਾ ਜਾਣਾ ਪਵੇ।ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਸਮਾਰਟ ਰਾਸ਼ਨ ਕਾਰਡਾਂ ਅਤੇ ਘਰ-ਘਰ ਪਹੁੰਚਾਏ ਜਾਣ ਵਾਲੇ ਰਾਸ਼ਨ ਦੀ ਮਾਤਰਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 46175 ਸਮਾਰਟ ਰਾਸ਼ਨ ਕਾਰਡ ਹਨ, ਜਿਨ੍ਹਾਂ ਨੂੰ 908 ਮੀਟਰਿਕ ਟਨ ਰਾਸ਼ਨ ਦੀ ਵੰਡ ਕੀਤੀ ਜਾਣੀ ਹੈ। ਇਹ ਕੋਟਾ ਜਨਵਰੀ ਦੇ ਮਹੀਨੇ ਲਈ ਨਿਰਧਾਰਤ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਖੁਰਾਕ ਸਪਲਾਈ ਅਤੇ ਕੰਟਰੋਲਰ ਅਤੇ ਜ਼ਿਲ੍ਹਾ ਮੈਨੇਜਰ ਮਾਰਕਫੈੱਡ ਨੂੰ ਵੰਡ ਵਿੱਚ ਤੇਜ਼ੀ ਲਿਆਉਣ ਲਈ ਕਿਹਾ ਗਿਆ ਹੈ ਤਾਂ ਜੋ ਸਾਰੇ ਲਾਭਪਾਤਰੀਆਂ ਨੂੰ ਸਮੇਂ ਸਿਰ ਰਾਸ਼ਨ ਮਿਲ ਸਕੇ। ਖੇਤਰੀ ਟਰਾਂਸਪੋਰਟ ਅਫ਼ਸਰ ਨੂੰ ਵਾਧੂ ਵਾਹਨ ਉਪਲਬਧ ਕਰਵਾਉਣ ਲਈ ਕਿਹਾ ਗਿਆ ਹੈ ਤਾਂ ਜੋ ਟੀਮਾਂ ਵੰਡ ਦੀ ਸਮਾਂ-ਸੀਮਾ ਨੂੰ ਖੁੰਝੇ ਬਿਨਾਂ ਪੂਰੇ ਜ਼ਿਲ੍ਹੇ ਨੂੰ ਕਵਰ ਕਰ ਸਕਣ।