ਲੁੱਟ ਕੀਤੇ 02 ਸੋਨੇ ਦੀਆਂ ਮੁੰਦਰੀਆਂ, 01 ਸੋਨੇ ਦਾ ਕੜਾ, 01 ਘੜੀ, 01 ਖਾਲੀ ਚੈਕ, 03 ਹਜ਼ਾਰ ਰੁਪਏ ਕੈਸ਼, ਵਰਤੀ ਗਈ ਹੁੰਡਾਈ ਵਰਨਾ ਕਾਰ ਤੇ ਪਿਸਤੋਲ (ਡਮੀ) ਬਰਾਮਦ
ਰੂਪਨਗਰ, 13 ਅਗਸਤ 2024
ਪ੍ਰੀਤ ਕਲੋਨੀ ਗਲੀ ਨੰਬਰ 5 ਰੂਪਨਗਰ ਵਿਖੇ ਸੁਖਵਿੰਦਰ ਦੇ ਘਰ ਵਿੱਚ ਅਣਪਛਾਤੇ ਵਿਅਕਤੀਆਂ ਵੱਲੋਂ ਦਿਨ ਦਿਹਾੜੇ ਦਾਖਲ ਹੋ ਕੇ ਅਸਲੇ ਦੀ ਨੋਕ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲ਼ੇ ਵਿਅਕਤੀਆਂ ਨੂੰ ਜ਼ਿਲ੍ਹਾ ਪੁਲਿਸ ਨੇ ਗ੍ਰਿਫ਼ਤਾਰ ਕੀਤਾ।
ਇਸ ਸਬੰਧੀ ਪ੍ਰੈਸ ਕਾਨਫਰੰਸ ਰਾਹੀਂ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਰੂਪਨਗਰ ਸ. ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਉਕਤ ਦੇ ਬਿਆਨ ਪਰ ਮੁੱਕਦਮਾ ਨੰਬਰ 159 ਮਿਤੀ 10.08.2024 ਅ/ਧ 127(2), 309(4), 331(3), 351(2) BNS ਥਾਣਾ ਸਿਟੀ ਰੂਪਨਗਰ ਬਰਖਿਲਾਫ ਨਾਂ ਮਾਲੂਮ ਵਿਅਕਤੀਆਂ ਦਰਜ ਰਜਿਸਟਰ ਕੀਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਉਪ ਕਪਤਾਨ ਪੁਲਿਸ ਸਬ ਡਵੀਜਨ ਰੂਪਨਗਰ ਹਰਪਿੰਦਰ ਕੌਰ ਗਿੱਲ ਪੀਪੀਐਸ ਦੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਸਿਟੀ ਰੂਪਨਗਰ ਇੰਸਪੈਕਟਰ ਪਵਨ ਕੁਮਾਰ ਦੀ ਅਗਵਾਈ ਅਧੀਨ ਮਾਮਲੇ ਦੀ ਪੜਤਾਲ ਕਰਦਿਆਂ ਰੂਪਨਗਰ ਪੁਲਿਸ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ 02 ਦੋਸ਼ੀਆਨ ਗੁਰਤੇਜ ਸਿੰਘ ਵਾਸੀ ਪਿੰਡ ਡਕਾਲਾ ਜ਼ਿਲ੍ਹਾ ਪਟਿਆਲਾ ਅਤੇ ਸੁਨੀਲ ਕੁਮਾਰ ਵਾਸੀ ਕਾਕਾ ਕਲੋਨੀ ਥਾਣਾ ਪਸੀਆਣਾ ਜਿਲ੍ਹਾ ਪਟਿਆਲਾ ਨੂੰ ਗ੍ਰਿਫਤਾਰ ਕੀਤਾ।
ਸ. ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਥਾਣਾ ਸਿਟੀ ਰੂਪਨਗਰ ਦੀ ਪੁਲਿਸ ਪਾਰਟੀ ਨੇ ਤਕਨੀਕੀ ਅਤੇ ਵਿਗਿਆਨਕ ਢੰਗ ਨਾਲ ਮੁਕੱਦਮਾਂ ਉਕਤ ਦੀ ਤਫਤੀਸ਼ ਕਰਦੇ ਹੋਏ ਦੋਸ਼ੀਆਂ ਨੂੰ ਟਰੇਸ ਕੀਤਾ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਦੋਸ਼ੀਆਂ ਪਾਸੋਂ ਵਾਰਦਾਤ ਵਿੱਚ ਲੁੱਟ ਕੀਤਾ ਸਮਾਨ 02 ਸੋਨੇ ਦੀਆਂ ਮੁੰਦਰੀਆਂ, 01 ਸੋਨੇ ਦਾ ਕੜਾ, 01 ਘੜੀ, 01 ਖਾਲੀ ਚੈਕ, 03 ਹਜ਼ਾਰ ਰੁਪਏ ਕੈਸ਼, ਵਾਰਦਾਤ ਲਈ ਵਰਤੀ ਹੁੰਡਾਈ ਵਰਨਾ ਕਾਰ ਅਤੇ ਦੋਸ਼ੀਆਂ ਵੱਲੋਂ ਵਰਤੀ ਪਿਸਤੋਲ (ਡਮੀ) ਬਰਾਮਦ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਦੋਸ਼ੀ ਗੁਰਤੇਜ ਸਿੰਘ ਦੀ ਪੁੱਛਗਿੱਛ ਤੋਂ ਪਤਾ ਲੱਗਾ ਕਿ ਸੁਖਵਿੰਦਰ ਸਿੰਘ ਦੀ ਇੱਕ ਔਰਤ ਨਾਲ ਸਾਲ 2018 ਤੋਂ ਨੇੜਤਾ ਚਲੀ ਆ ਰਹੀ ਸੀ। ਜੋ ਉਹ ਔਰਤ ਆਪਣੀਆਂ ਪਰਿਵਾਰਕ ਮਜਬੂਰੀਆਂ ਅਤੇ ਪੈਸੇ ਦੀ ਲੋੜ ਕਾਰਨ ਸੁਖਵਿੰਦਰ ਸਿੰਘ ਨਾਲ ਸਬੰਧ ਬਣਾਉਂਦੀ ਰਹੀ।
ਸਾਲ 2021 ਦੇ ਵਿੱਚ ਉਹ ਔਰਤ ਦੋਸ਼ੀ ਗੁਰਤੇਜ ਸਿੰਘ ਨੂੰ ਪਟਿਆਲਾ ਵਿਖੇ ਮਿਲੀ ਜਿੱਥੇ ਇਹਨਾਂ ਦੀ ਆਪਸੀ ਨੇੜਤਾ ਹੋ ਗਈ, ਉਸ ਔਰਤ ਨੇ ਦੋਸ਼ੀ ਗੁਰਤੇਜ ਸਿੰਘ ਨੂੰ ਦੱਸਿਆ ਕਿ ਸੁਖਵਿੰਦਰ ਸਿੰਘ ਉਸ ਦੀ ਗਰੀਬੀ ਦਾ ਫਾਇਦਾ ਉਠਾਉਂਦਾ ਹੋਇਆ ਉਸਨੂੰ ਪੈਸੇ ਦਾ ਲਾਲਚ ਦੇ ਕੇ ਉਸ ਨਾਲ ਨੇੜਤਾ ਬਣਾਉਂਦਾ ਹੈ ਤੇ ਸੁਖਵਿੰਦਰ ਸਿੰਘ ਨੇ ਇੱਕ ਚੈਕ ਅਤੇ ਇੱਕ ਖਾਲੀ ਕਾਗਜ਼ ਦੇ ਉੱਤੇ ਉਸ ਦੇ ਧੋਖੇ ਨਾਲ ਦਸਤਖਤ ਕਰਵਾ ਲਏ, ਜਿਸਨੂੰ ਇਸਤੇਮਾਲ ਕਰਦਿਆਂ ਸੁਖਵਿੰਦਰ ਸਿੰਘ ਉਸਨੂੰ ਬਲੈਕਮੇਲ ਕਰਦਾ ਹੈ ਕਿ ਉਹ ਉਸ ਨਾਲ ਨੇੜਤਾ ਬਣਾਈ ਰੱਖੇ।
ਦੋਸ਼ੀ ਗੁਰਤੇਜ ਸਿੰਘ ਉਸ ਔਰਤ ਤੇ ਉਸਦੇ ਬੱਚਿਆਂ ਲਈ ਸਹਾਨਭੂਤੀ ਤੇ ਰਹਿਮ ਦੀ ਭਾਵਨਾ ਰੱਖਦਾ ਸੀ ਜਿਸਦੇ ਕਾਰਨ ਦੋਸ਼ੀ ਗੁਰਤੇਜ ਸਿੰਘ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਉਨ੍ਹਾਂ ਦੱਸਿਆ ਕਿ ਦੋਸ਼ੀਆ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁਛਗਿੱਛ ਕੀਤੀ ਜਾ ਰਹੀ ਹੈ ਜਿੰਨਾ ਪਾਸੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।