ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਨੇ ਪਰਾਲੀ ਪ੍ਰਬੰਧਨ ਵਾਸਤੇ ਘੜੀ ਰਣਨੀਤੀ, ਵੱਧ ਮਾਮਲਿਆਂ ਵਾਲੇ 25 ਪਿੰਡਾਂ ਦੀ ਕੀਤੀ ਪਛਾਣ : ਡਿਪਟੀ ਕਮਿਸ਼ਨਰ

Mrs Punamdeep Kaur
ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਨੇ ਪਰਾਲੀ ਪ੍ਰਬੰਧਨ ਵਾਸਤੇ ਘੜੀ ਰਣਨੀਤੀ, ਵੱਧ ਮਾਮਲਿਆਂ ਵਾਲੇ 25 ਪਿੰਡਾਂ ਦੀ ਕੀਤੀ ਪਛਾਣ : ਡਿਪਟੀ ਕਮਿਸ਼ਨਰ
ਕਿਸਾਨਾਂ ਨੂੰ ਜਾਗਰੂਕ ਕਰਨ ਅਤੇ ਅੱਗ ਦੀਆਂ ਘਟਨਾਵਾਂ ਰੋਕਣ ਲਈ ਕਿਸਾਨਾਂ ਦੇ ਪਿੰਡਵਾਰ ਬਣਾਏ ਜਾਣਗੇ ਵਟਸਐਪ ਗਰੁੱਪ
25 ਹਾਟ – ਸਪਾਟ ਪਿੰਡਾਂ ਵਿੱਚ ਬਾਜ਼ ਅੱਖ ਰੱਖਣਗੇ ਸੀਨੀਅਰ ਅਫ਼ਸਰ
ਪੁਲਿਸ ਅਤੇ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਕਿਸਾਨਾਂ ਨਾਲ ਬਣਾਉਣਗੀਆਂ ਰਾਬਤਾ
ਹਾਟ ਸਪਾਟ ਪਿੰਡਾਂ ਦੀਆਂ ਸੋਸਾਇਟੀਆਂ ਵਿੱਚ ਢੁਕਵੀਂ ਮਸ਼ੀਨਰੀ ਕਾਰਵਾਈ ਜਾ ਰਹੀ ਹੈ ਮੁਹਈਆ

ਬਰਨਾਲਾ, 11 ਸਤੰਬਰ 2024

ਜ਼ਿਲ੍ਹਾ ਬਰਨਾਲਾ ਵਿੱਚ ਇਸ ਵਾਰ ਝੋਨੇ ਦੀ ਪਰਾਲੀ ਸਾੜਨ ਦੇ ਕੇਸ ਸਿਫ਼ਰ ਰੱਖਣ ਲਈ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੇ ਰਣਨੀਤੀ ਉਲੀਕ ਲਈ ਹੈ। ਇਸ ਬਾਬਤ ਪਿੰਡ – ਪਿੰਡ ਅਤੇ ਘਰ – ਘਰ ਪਹੁੰਚ ਕੀਤੀ ਜਾਵੇਗੀ ਅਤੇ ਜਿੱਥੇ ਵਟਸਐਪ ਗਰੁੱਪ ਬਣਾ ਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇਗਾ ਅਤੇ ਢੁਕਵੀਂ ਜਾਣਕਾਰੀ ਦਿੱਤੀ ਜਾਵੇਗੀ, ਓਥੇ ਢੁਕਵੀਂ ਮਸ਼ੀਨਰੀ ਵੀ ਮੁਹਈਆ ਕਰਵਾਈ ਜਾਵੇਗੀ।ਡਿਪਟੀ ਕਮਿਸ਼ਨਰ ਬਰਨਾਲਾ ਮੈਡਮ ਪੂਨਮਦੀਪ ਕੌਰ ਨੇ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਸੀਨੀਅਰ ਸਿਵਲ ਅਤੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਇਹ ਜਾਣਕਾਰੀ ਦਿੱਤੀ। ਇਸ ਮੌਕੇ ਐੱਸ.ਐੱਸ.ਪੀ ਬਰਨਾਲਾ ਸ੍ਰੀ ਸੰਦੀਪ ਕੁਮਾਰ ਮਲਿਕ ਵੀ ਮੌਜੂਦ ਸਨ।

ਡਿਪਟੀ ਕਮਿਸ਼ਨਰ ਨੇ ਆਖਿਆ ਕਿ ਪਿਛਲੇ ਸਾਲ ਜਿਨ੍ਹਾਂ 25 ਪਿੰਡਾਂ ਵਿੱਚ 30 ਤੋਂ ਜਿਆਦਾ ਪਰਾਲੀ ਸਾੜਨ ਦੇ ਕੇਸ ਸਾਹਮਣੇ ਆਏ ਸਨ, ਉਨ੍ਹਾਂ ਪਿੰਡਾਂ ਦੀ ਹਾਟ ਸਪਾਟ ਪਿੰਡਾਂ ਵਜੋਂ ਪਛਾਣ ਕੀਤੀ ਗਈ ਹੈ ਅਤੇ ਇਸ ਰਣਨੀਤੀ ਤਹਿਤ ਸੀਨੀਅਰ ਸਿਵਲ ਅਤੇ ਪੁਲਿਸ ਅਧਿਕਾਰੀਆਂ ਦੀਆਂ ਟੀਮਾਂ ਇਨ੍ਹਾਂ 25 ਪਿੰਡਾਂ ਲਈ ਬਣਾਈਆਂ ਗਈਆਂ ਹਨ ਤਾਂ ਜੋ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਪਿੰਡਵਾਰ ਕਿਸਾਨਾਂ ਦੇ ਵਟਸਐਪ ਗਰੁੱਪ ਬਣਾਉਣ ਨਿਰਦੇਸ਼ ਦਿੱਤੇ ਤਾਂ ਜੋ ਕਿਸਾਨਾਂ ਨੂੰ ਮਸ਼ੀਨਰੀ ਬਾਰੇ ਜਾਗਰੂਕ ਕੀਤਾ ਜਾ ਸਕੇ ਅਤੇ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਪਹਿਲਾਂ ਹੀ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਸਾਰੇ ਅਫ਼ਸਰਾਂ ਕੋਲ ਇੱਕ ਇੱਕ ਕਿਸਾਨ ਦਾ ਨਾਮ, ਮੋਬਾਈਲ ਨੰਬਰ ਤੇ ਹੋਰ ਸਾਰੀ ਜਾਣਕਾਰੀ ਮੌਜੂਦ ਹੋਵੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ 25 ਪਿੰਡਾਂ ਦੀਆਂ ਸਹਿਕਾਰੀ ਸਭਾਵਾਂ ਨੂੰ ਜਿੱਥੇ ਢੁਕਵੀਂ ਮਸ਼ੀਨਰੀ ਮਿਲਣੀ ਯਕੀਨੀ ਬਣਾਈ ਗਈ ਹੈ, ਓਥੇ ਕਿਸਾਨਾਂ ਲਈ ਮਸ਼ੀਨਰੀ ਲਈ ਆਰਜ਼ੀ ਦੇਣ ਦੀ ਤਰੀਕ ਵਿੱਚ ਵਾਧਾ ਕਰਾਉਣ ਲਈ ਵਿਸ਼ੇਸ਼ ਮਨਜ਼ੂਰੀ ਵੀ ਲਈ ਜਾ ਰਹੀ ਹੈ।
ਉਨ੍ਹਾਂ ਐੱਸਡੀਐੱਮਜ਼ ਨੂੰ ਮਾਰਕੀਟ ਕਮੇਟੀਆਂ ਅਤੇ ਆੜਤੀਆਂ ਨਾਲ ਵਿਸਥਾਰਤ ਮੀਟਿੰਗਾਂ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਆੜਤੀਆਂ ਰਾਹੀਂ ਹਰ ਇਕ ਕਿਸਾਨ ਤੱਕ ਪਹੁੰਚ ਕੀਤੀ ਜਾ ਸਕੇ।

ਇਸ ਮੌਕੇ ਏ ਡੀ ਸੀ (ਜ) ਲਤੀਫ਼ ਅਹਿਮਦ, ਏ ਡੀ ਸੀ (ਵਿਕਾਸ) ਸਤਵੰਤ ਸਿੰਘ, ਐੱਸ ਡੀ ਐੱਮ ਬਰਨਾਲਾ ਗੁਰਬੀਰ ਸਿੰਘ ਕੋਹਲੀ, ਐੱਸ ਡੀ ਐਮ ਤਪਾ ਪੂਨਮਪ੍ਰੀਤ ਕੌਰ, ਮੁੱਖ ਖੇਤੀਬਾੜੀ ਅਫ਼ਸਰ ਡਾ. ਜਗਦੀਸ਼ ਸਿੰਘ, ਪੁਲੀਸ ਅਧਿਕਾਰੀ ਅਤੇ ਹੋਰ ਅਫ਼ਸਰ ਹਾਜ਼ਰ ਸਨ।

Spread the love