‘ਭਾਰਤੀ ਹਾਕੀ ਦਾ ਸੁਨਹਿਰੀ ਯੁੱਗ’
ਚੰਡੀਗੜ੍ਹ, 17 ਸਤੰਬਰ 2024
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਚੀਨ ਨੂੰ ਉਸ ਦੇ ਘਰੇਲੂ ਮੈਦਾਨ ‘ਤੇ ਹਰਾ ਕੇ ਏਸ਼ੀਅਨ ਚੈਂਪੀਅਨਜ਼ ਟਰਾਫੀ ਜਿੱਤਣ ‘ਤੇ ਭਾਰਤੀ ਹਾਕੀ ਟੀਮ ਨੂੰ ਵਧਾਈ ਦਿੱਤੀ ਹੈ।ਮੁੱਖ ਮੰਤਰੀ ਨੇ ਕਿਹਾ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਭਾਰਤੀ ਹਾਕੀ ਟੀਮ ਨੇ ਟੂਰਨਾਮੈਂਟ ਦੇ ਫਾਈਨਲ ਵਿੱਚ ਚੀਨ ਨੂੰ 1-0 ਨਾਲ ਮਾਤ ਦਿੱਤੀ। ਉਨ੍ਹਾਂ ਕਿਹਾ ਕਿ ਇਹ ਪੂਰੇ ਦੇਸ਼ ਲਈ ਮਾਣ ਵਾਲੇ ਪਲ ਹਨ ਕਿਉਂਕਿ ਭਾਰਤ ਨੇ ਪੰਜਵੀਂ ਵਾਰ ਇਹ ਟਰਾਫੀ ਆਪਣੇ ਨਾਂ ਕੀਤੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਭਾਰਤੀ ਟੀਮ ਦੇ ਸਾਰੇ ਖਿਡਾਰੀ ਸ਼ਲਾਘਾ ਦੇ ਹੱਕਦਾਰ ਹਨ ਕਿਉਂਕਿ ਉਨ੍ਹਾਂ ਨੇ ਟੀਮ ਦੌਰਾਨ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਹੈ। ਭਾਰਤੀ ਟੀਮ ਪੂਰੇ ਟੂਰਨਾਮੈਂਟ ਵਿੱਚ ਅਜੇਤੂ ਰਹੀ ਅਤੇ ਸਾਰੇ ਖੇਡੇ ਸੱਤ ਮੈਚ ਜਿੱਤੇ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਹੋਰ ਵੀ ਖ਼ੁਸ਼ੀ ਵਾਲੀ ਗੱਲ ਹੈ ਕਿ ਭਾਰਤੀ ਟੀਮ ਵਿੱਚ ਪੰਜਾਬ ਦੇ ਸੱਤ ਖਿਡਾਰੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਟੂਰਨਾਮੈਂਟ ਦਾ ਸਭ ਤੋਂ ਮਹੱਤਵਪੂਰਨ ਖਿਡਾਰੀ ਅਤੇ ਭਾਰਤੀ ਟੀਮ ਦਾ ਕਪਤਾਨ ਹਰਮਨਪ੍ਰੀਤ ਸਿੰਘ ਵੀ ਪੰਜਾਬ ਦਾ ਨੌਜਵਾਨ ਹੈ। ਹਰਮਨਪ੍ਰੀਤ ਸਿੰਘ ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਵੀ ਐਲਾਨਿਆ ਗਿਆ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਭਾਰਤੀ ਹਾਕੀ ਦਾ ਸੁਨਹਿਰੀ ਯੁੱਗ ਹੈ ਅਤੇ ਅਸੀਂ ਸਾਰੇ ਭਾਗਾਂ ਵਾਲੇ ਹਾਂ ਕਿ ਅਸੀਂ ਇਸ ਇਤਿਹਾਸਕ ਪਲ ਦਾ ਹਿੱਸਾ ਹਾਂ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਜਿੱਤ ਖੇਡਾਂ ਦੇ ਇਤਿਹਾਸ ਵਿੱਚ ਸੁਨਹਿਰੀ ਸ਼ਬਦਾਂ ਵਿੱਚ ਦਰਜ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਜਿੱਤ ਨੇ ਸਾਬਤ ਕਰ ਦਿੱਤਾ ਹੈ ਕਿ ਦੇਸ਼ ਵਿੱਚ ਹਾਕੀ ਦੀ ਖੇਡ ਮੁੜ ਸੁਰਜੀਤੀ ਦੇ ਰਾਹ ‘ਤੇ ਹੈ। ਟੀਮ ਦੀ ਸ਼ਲਾਘਾ ਕਰਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਟੀਮ ਨੇ ਦੇਸ਼ ਵਿੱਚੋਂ ਪੈਦਾ ਹੋਏ ਮਹਾਨ ਹਾਕੀ ਖਿਡਾਰੀਆਂ ਦੀ ਸ਼ਾਨਦਾਰ ਵਿਰਾਸਤ ਨੂੰ ਬਰਕਰਾਰ ਰੱਖਿਆ ਹੈ।