ਮੁੱਖ ਮੰਤਰੀ ਦੀ ਪ੍ਰਚਾਰ ਦੀ ਭੁੱਖ ਪੰਜਾਬ ਨੂੰ ਮਹਿੰਗੀ ਪਈ: ਬਿਕਰਮ ਸਿੰਘ ਮਜੀਠੀਆ

ਕਿਹਾ ਕਿ ਆਮ ਆਦਮੀ ਕਲੀਨਿਕਾਂ ਦੀ ਇਸ਼ਤਿਹਾਰਬਾਜ਼ੀ ’ਤੇ ਖਰਚੇ 100 ਕਰੋੜ ਰੁਪਏ ਮੁੱਖ ਮੰਤਰੀ ਤੋਂ ਵਸੂਲੇ ਜਾਣ

ਚੰਡੀਗੜ੍ਹ, 13 ਨਵੰਬਰ 2024

 ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਚਾਰ ਦੀ ਭੁੱਖ ਦੇ ਨਤੀਜੇ ਵਜੋਂ ਹੈਲਥ ਤੇ ਵੈਲਨੈਸ ਕਲੀਨਿਕਾਂ ਰਾਹੀਂ ਪੰਜਾਬੀਆਂ ਨੂੰ ਸਿਹਤ ਸੇਵਾਵਾਂ ਨਹੀਂ ਮਿਲ ਸਕੀਆਂ ਤੇ ਸੂਬੇ ਨੂੰ ਇਕ ਸਾਲ ਤੋਂ ਵੱਧ ਸਮੇਂ ਤੱਕ 765 ਕਰੋੜ ਰੁਪਏ ਨਹੀਂ ਮਿਲੇ ਤੇ ਉਲਟਾ 100 ਕਰੋੜ ਰੁਪਏ ਤੋਂ ਜ਼ਿਆਦਾ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਇਸ਼ਤਿਹਾਰਬਾਜ਼ੀ ’ਤੇ ਫੂਕੇ ਗਏ ਜੋ ਮੁੱਖ ਮੰਤਰੀ ਤੋਂ ਵਸੂਲੇ ਜਾਣੇ ਚਾਹੀਦੇ ਹਨ।

ਇਥੇ ਜਾਰੀ ਕੀਤੇ ਇਕ ਬਿਆਨ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਵੱਲੋਂ ਉਹਨਾਂ ਦੀ ਫੋਟੋ ਕੇਂਦਰ ਦੇ ਫੰਡਾਂ ਨਾਲ ਬਣੇ ਸਿਹਤ ਤੇ ਪਰਿਵਾਰ ਭਲਾਈ ਕਲੀਨਿਕਾਂ ਤੋਂ ਹਟਾਉਣ ਦੀ ਮੰਗ ਦਾ ਡੇਢ ਸਾਲ ਤੱਕ ਵਿਰੋਧ ਕੀਤਾ। ਇਸ ਕਾਰਣ ਨਾ ਸਿਰਫ ਕਲੀਨਿਕ ਇਕ ਸਾਲ ਲਈ ਬੇਹਾਲ ਰਹੇ ਬਲਕਿ ਕਲੀਨਿਕਾਂ ਵਿਚ ਸਟਾਫ ਦੀ ਤਾਇਨਾਤੀ ’ਤੇ ਵੀ ਬੇਲੋੜਾ ਖਰਚਾ ਕੀਤਾ ਗਿਆ। ਇਸ ਕਾਰਣ ਦਿਹਾਤੀ ਖੇਤਰ ਵਿਚ ਸਿਹਤ ਸੇਵਾਵਾਂ ਬੁਰੀ ਤਰ੍ਹਾਂ ਠੱਪ ਹੋ ਗਈਆਂ ਕਿਉਂਕਿ ਸਟਾਫ ਪੇਂਡੂ ਡਿਸਪੈਂਸਰੀਆਂ ਤੋਂ ਹਟਾ ਕੇ ਕਲੀਨਿਕਾਂ ਵਿਚ ਤਾਇਨਾਤ ਕਰ ਦਿੱਤਾ ਗਿਆ ਜਿਹਨਾਂ ਦਾ ਨਾਂ ਆਮ ਆਦਮੀ ਕਲੀਨਿਕ ਰੱਖਿਆ ਗਿਆ।
ਸਰਦਾਰ ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਅਤੇ ਪੰਜਾਬੀਆਂ ਨੂੰ ਇਸ ਸਾਰੀ ਪ੍ਰਕਿਰਿਆ ਦਾ ਖਮਿਆਜ਼ਾ ਭੁਗਤਣਾ ਪਿਆ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਆਮ ਆਦਮੀ ਕਲੀਨਿਕਾਂ ਦੇ ਪ੍ਰਚਾਰ ’ਤੇ 100 ਕਰੋੜ ਰੁਪਏ ਤੋਂ ਵੱਧ ਰਕਮ ਬਰਬਾਦ ਕੀਤੀ ਜਾ ਹੈ ਅਤੇ ਇਹਨਾਂ ਦੇ ਸੂਬਾ ਪੱਧਰੀ ਉਦਘਾਟਨ ’ਤੇ ਵੀ ਕਰੋੜਾਂ ਰੁਪਏ ਫੂਕੇ ਗਏ ਹਨ।

ਉਹਨਾਂ ਕਿਹਾ ਕਿ ਮੁੱਖ ਮੰਤਰੀ ਦੀ ਤਸਵੀਰ ਸੂਬੇ ਭਰ ਵਿਚ ਬੋਰਡਾਂ ’ਤੇ ਲਗਾ ਕੇ ਆਮ ਆਦਮੀ ਕਲੀਨਿਕ ਸਕੀਮ ਦਾ ਪ੍ਰਚਾਰ ਭਗਵੰਤ ਮਾਨ ਦੇ ਨਾਂ ਦਾ ਪ੍ਰਚਾਰ ਬਣਾ ਕੇ ਕੀਤਾ ਗਿਆ। ਉਹਨਾਂ ਕਿਹਾ ਕਿ ਇਹ ਰਾਸ਼ੀ ਮੁੱਖ ਮੰਤਰੀ ਤੋਂ ਵਸੂਲਣੀ ਚਾਹੀਦੀ ਹੈ।
ਅਕਾਲੀ ਆਗੂ ਨੇ ਸਾਰੀ ਸਿਹਤ ਬੁਨਿਆਦੀ ਢਾਂਚੇ ਦੀ ਫੌਰੀ ਸਮੀਖਿਆ ਦੀ ਲੋੜ ’ਤੇ ਵੀ ਜ਼ੋਰ ਦਿੱਤਾ ਅਤੇ ਕਿਹਾ ਕਿ ਅੱਜ ਹਾਲਾਤ ਇਹ ਹੈ ਕਿ ਨਾ ਤਾਂ ਸਰਕਾਰੀ ਹਸਪਤਾਲਾਂ ਵਿਚ ਦਵਾਈਆਂ ਉਪਲਬਧ ਹਨ ਤੇ ਨਾ ਹੀ ਕੋਈ ਟੈਸਟ ਹੋ ਰਹੇ ਹਨ ਤੇ ਨਾ ਹੀ ਲੋੜੀਂਦੇ ਡਾਕਟਰ ਤੇ ਪੈਰਾ ਮੈਡੀਕਲ ਸਟਾਫ ਮੌਜੂਦ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਹਰ ਜ਼ਿਲ੍ਹੇ ਵਿਚ ਮੈਡੀਕਲ ਕਾਲਜ ਖੋਲ੍ਹਣ ਦਾ ਐਲਾਨ ਕੀਤਾ ਸੀ ਪਰ ਇਹ ਤਾਂ ਮੁਹੱਲਾ ਕਲੀਨਿਕ ਵੀ ਨਹੀਂ ਚਲਾ ਸਕ ਰਹੀ ਅਤੇ ਸਾਰੇ ਸਿਵਲ ਹਪਤਸਾਲਾਂ ਤੇ ਮੈਡੀਕਲ ਕਾਲਜਾਂ ਵਿਚ ਵੀ ਲੋਕਾਂ ਨੂੰ ਬੁਨਿਆਦੀ ਮੈਡੀਕਲ ਸੇਵਾਵਾਂ ਨਹੀਂ ਮਿਲ ਰਹੀਆਂ।

 

 

Spread the love