”ਇਨਵੈਸਟ ਪੰਜਾਬ” ਪੋਰਟਲ ਆਪਣੀ ਕਾਰਗੁਜ਼ਾਰੀ ਸਦਕਾ 28 ਰਾਜਾਂ ਵਿੱਚੋਂ ਅੱਵਲ: ਉਦਯੋਗ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ

– 58 ਹਜ਼ਾਰ ਦੇ ਕਰੀਬ ਛੋਟੇ ਅਤੇ ਦਰਮਿਆਨੇ ਨਵੇਂ ਉਦਯੋਗਾਂ ਨੇ ਕਰਵਾਈ ਰਜਿਸਟ੍ਰੇਸ਼ਨ

– ਛੋਟੇ ਅਤੇ ਦਰਮਿਆਨੇ ਉਦਯੋਗਪਤੀ ਆਪਣਾ ਕਾਰੋਬਾਰ ਸ਼ੁਰੂ ਕਰਨ ਤੋਂ 3 ਸਾਲਾਂ ਦੇ ਅੰਦਰ ਦਸਤਾਵੇਜ਼ੀ ਪ੍ਰਕਿਰਿਆ ਪੂਰੀ ਕਰ ਸਕਦੇ ਹਨ – ਉਦਯੋਗ ਤੇ ਵਣਜ ਮੰਤਰੀ

– ਸੌਂਦ ਵੱਲੋਂ ਕੌਮੀ ਅਤੇ ਕੌਮਾਂਤਰੀ ਉਦਯੋਗਪਤੀਆਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਦਾ ਸੱਦਾ

ਚੰਡੀਗੜ੍ਹ, 14 ਨਵੰਬਰ 2024 

ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕੌਮੀ ਅਤੇ ਕੌਮਾਂਤਰੀ ਉਦਯੋਗਪਤੀਆਂ ਨੂੰ  ਪੰਜਾਬ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ ਹੈ। ਇੱਥੋਂ ਜਾਰੀ ਇਕ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਕਾਰੋਬਾਰੀ ਆਪਣੀਆਂ ਸਨਅਤਾਂ ਸ਼ੁਰੂ ਕਰਨ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਹਰ ਪੱਖੋਂ ਉਦਯੋਗਪਤੀਆਂ ਦਾ ਸਾਥ ਦੇਵੇਗੀ।

ਉਨ੍ਹਾਂ ਕਿਹਾ ਕਿ ਨਿਵੇਸ਼ ਲਈ ਪੰਜਾਬ ਦਾ ਮਾਹੌਲ ਸਾਜਗਾਰ, ਢੁਕਵਾਂ ਅਤੇ ਸ਼ਾਂਤੀਪੂਰਵਕ ਹੈ ਅਤੇ ਉਦਯੋਗਾਂ ਦੀ ਉੱਨਤੀ ਤੇ ਪ੍ਰਫੁੱਲਤਾ ਲਈ ਪੰਜਾਬ ਸਰਕਾਰ ਪੂਰੀ ਸੰਜੀਦਗੀ ਅਤੇ ਸੁਹਿਰਦਤਾ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀਆਂ ਨੀਤੀਆਂ ਵੀ ਉਦਯੋਗ ਪੱਖੀ ਹਨ ਅਤੇ ਛੋਟੇ ਤੇ ਦਰਮਿਆਨੇ ਉਦਯੋਗਪਤੀ ਆਪਣਾ ਕਾਰੋਬਾਰ ਅੱਜ ਹੀ ਇਕ ਹਲਫ਼ੀਆ ਬਿਆਨ ਦੇ ਕੇ ਸ਼ੁਰੂ ਕਰ ਸਕਦੇ ਹਨ ਅਤੇ ਜ਼ਰੂਰੀ ਦਸਤਾਵੇਜ਼ੀ ਪ੍ਰਕਿਰਿਆ 3 ਸਾਲਾਂ ਦੇ ਅੰਦਰ ਅੰਦਰ ਪੂਰੀ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਵੱਡੇ ਉਦਯੋਗਾਂ ਨੂੰ ਵੀ ਇਹ ਸਹੂਲਤ ਦੇਣ ਦਾ ਫੈਸਲਾ ਮੁੱਖ ਮੰਤਰੀ ਪੱਧਰ ਉੱਤੇ ਵਿਚਾਰ ਅਧੀਨ ਹੈ।

ਸੌਂਦ ਨੇ ਦੱਸਿਆ ਕਿ ਸੂਬੇ ਦਾ “ਇਨਵੈਸਟ ਪੰਜਾਬ” ਪੋਰਟਲ ਆਪਣੀ ਕਾਰਗੁਜ਼ਾਰੀ ਸਦਕਾ 28 ਰਾਜਾਂ ਵਿੱਚੋਂ ਪਹਿਲਾ ਸਥਾਨ ਰੱਖਦਾ ਹੈ ਅਤੇ ਇਸ ਉੱਤੇ 58 ਹਜ਼ਾਰ ਦੇ ਕਰੀਬ ਛੋਟੇ ਅਤੇ ਦਰਮਿਆਨੇ ਨਵੇਂ ਉਦਯੋਗਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ, ਜੋ ਕਿ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਢਾਈ ਸਾਲਾਂ ਵਿੱਚ ਪੰਜਾਬ ਵਿੱਚ 86 ਹਜ਼ਾਰ ਕਰੋੜ ਰੁਪਏ ਤੋਂ ਵੀ ਜ਼ਿਆਦਾ ਦਾ ਨਿਵੇਸ਼ ਆਇਆ ਹੈ ਅਤੇ ਇਸ ਨੂੰ ਹੋਰ ਨਵੇਂ ਮੁਕਾਮ ਉੱਤੇ ਲਿਜਾਣ ਲਈ ਪੰਜਾਬ ਸਰਕਾਰ ਨੇ  ਕੋਸ਼ਿਸ਼ਾਂ ਹੋਰ ਤੇਜ਼ ਕਰ ਦਿੱਤੀਆਂ ਹਨ।

ਪੰਜਾਬ ਦੇ ਫੋਕਲ ਪੁਆਇੰਟਾਂ ਬਾਰੇ ਸੌਂਦ ਨੇ ਦੱਸਿਆ ਕਿ ਸੂਬੇ ਦੇ ਵੱਖ ਵੱਖ ਸ਼ਹਿਰਾਂ ਵਿੱਚ ਸਥਿਤ 52 ਫੋਕਲ ਪੁਆਇੰਟਾਂ ਵਿੱਚੋਂ 26 ਨਗਰ ਨਿਗਮਾਂ ਜਾਂ ਕਮੇਟੀਆਂ ਨੂੰ ਸੌਂਪ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਫੋਕਲ ਪੁਆਇੰਟਾਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਨਾਲ ਲੈਸ ਕਰਨ ਬਾਰੇ ਕੰਮ ਚੱਲ ਰਿਹਾ ਹੈ ਅਤੇ ਪਹਿਲੇ ਪੜਾਅ ਵਿੱਚ 5 ਸ਼ਹਿਰਾਂ ਦੇ ਫੋਕਲ ਪੁਆਇੰਟਾਂ ਨੂੰ ਰੋਲ ਮਾਡਲ ਵਜੋਂ ਵਿਕਸਿਤ ਕਰਨ ਦੀ ਯੋਜਨਾ ਹੈ। ਉਨ੍ਹਾਂ ਕਿਹਾ ਕਿ ਬਹੁਤ ਛੇਤੀ ਫੋਕਲ ਪੁਆਇੰਟਾਂ ਦੀ ਨਕਸ਼ ਨੁਹਾਰ ਬਦਲ ਦਿੱਤੀ ਜਾਵੇਗੀ।

ਇਕ ਖੁਸ਼ ਖਬਰੀ ਦਿੰਦਿਆਂ ਉਦਯੋਗ ਮੰਤਰੀ ਨੇ ਦੱਸਿਆ ਕਿ ਪੰਜਾਬ ਦੀ ਨਵੀਂ ਆਈ.ਟੀ. (ਇਨਫੋਰਮੇਸ਼ਨ ਟੈਕਨੋਲੋਜੀ) ਨੀਤੀ ਉੱਤੇ ਕੰਮ ਸ਼ੁਰੂ ਹੋ ਚੁੱਕਾ ਹੈ ਅਤੇ ਇਸਨੂੰ ਅਗਲੇ ਸਾਲ ਦੇ ਅੱਧ ਤੋਂ ਪਹਿਲਾਂ ਲਾਗੂ ਕਰਨ ਦੀ ਯੋਜਨਾ ਹੈ। ਉਨ੍ਹਾਂ ਕਿਹਾ ਕਿ ਇਸ ਨੀਤੀ ਤਹਿਤ  ਮੋਹਾਲੀ ਉੱਤਰੀ ਭਾਰਤ ਦੇ ਨਵੇਂ ਆਈ.ਟੀ. ਹੱਬ ਵਜੋਂ ਉੱਭਰ ਕੇ ਸਾਹਮਣੇ ਆਵੇਗਾ। ਉਨ੍ਹਾਂ ਕਿਹਾ ਕਿ ਇਸ ਨੀਤੀ ਦੇ ਲਾਗੂ ਹੋਣ ਤੋਂ ਬਾਅਦ ਕਰੀਬ 55 ਹਜ਼ਾਰ ਆਈ.ਟੀ. ਪੇਸ਼ੇਵਰਾਂ ਨੂੰ ਨੌਕਰੀਆਂ ਦੇ ਮੌਕੇ ਮਿਲਣਗੇ।

ਸੌਂਦ ਨੇ ਕਿਹਾ ਕਿ ਜਦੋਂ ਤੋਂ ਉਨ੍ਹਾਂ ਨੇ ਉਦਯੋਗ ਮੰਤਰੀ ਵੱਜੋਂ ਅਹੁਦਾ ਸੰਭਾਲਿਆ ਹੈ, ਬਹੁਤ ਸਾਰੇ  ਕਾਰੋਬਾਰੀਆਂ, ਐਸੋਸੀਏਸ਼ਨਾਂ, ਉਦਯੋਗਿਕ ਚੈਂਬਰਾ ਅਤੇ ਸਨਅਤੀ ਸਮੂਹ ਦੇ ਨੁਮਾਇੰਦਿਆਂ ਨਾਲ ਮੀਟਿੰਗਾਂ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰਿਆਂ ਤੋਂ ਮਿਲੇ ਮਸ਼ਵਰੇ ਅਤੇ ਸੁਝਾਅ ਨੂੰ ਨਵੀਆਂ ਨੀਤੀਆਂ ਅਤੇ ਯੋਜਨਾਵਾਂ ਬਣਾਉਣ ਸਮੇਂ ਧਿਆਨ ਵਿਚ ਰੱਖਿਆ ਜਾਵੇਗਾ। ਉਨ੍ਹਾਂ ਉਮੀਦ ਪ੍ਰਗਟਾਈ ਕਿ ਉਦਯੋਗ ਪੱਖੀ ਨੀਤੀਆਂ ਸਦਕਾ ਪੰਜਾਬ ਦਾ ਸਨਅਤੀ ਖੇਤਰ ਜਲਦ ਹੀ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰੇਗਾ ਅਤੇ ਹੋਰ ਜ਼ਿਆਦਾ ਨਵਾਂ ਨਿਵੇਸ਼ ਪੰਜਾਬ ਵਿੱਚ ਆਵੇਗਾ।

Spread the love