‘ਨੇਵਾ’ ਪ੍ਰੋਜੈਕਟ ਦੀ ਸ਼ੁਰੂਆਤ ਨਾਲ ਪੰਜਾਬ ਵਿਧਾਨ ਸਭਾ ਹੋਈ ਕਾਗਜ਼ ਰਹਿਤ : ਸਪੀਕਰ ਕੁਲਤਾਰ ਸਿੰਘ ਸੰਧਵਾਂ


ਚੰਡੀਗੜ, 8 ਫਰਵਰੀ 2025

ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ ਤੇ ਗਤੀਸ਼ੀਲ ਅਗਵਾਈ ਹੇਠ ਪੰਜਾਬ ਵਿਧਾਨ ਸਭਾ, ਸਕੱਤਰੇਤ ਵਿੱਚ ਰਾਸ਼ਟਰੀ ਈ-ਵਿਧਾਨ ਐਪਲੀਕੇਸ਼ਨ (ਨੇਵਾ) ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ ਅਤੇ ਪੰਜਾਬ ਵਿਧਾਨ ਸਭਾ ਵਿੱਚ ਹੋਣ ਵਾਲੇ ਸਮਾਗਮਾਂ ਦੀ ਕਾਰਵਾਈ ਨੂੰ ਕਾਗਜ ਰਹਿਤ ਬਣਾਇਆ ਗਿਆ ਹੈ। ਇਹ ਪੰਜਾਬ ਵਿਧਾਨ ਸਭਾ ਦੇ ਕੰਮਕਾਜ ਨੂੰ ਹੋਰ ਬਿਹਤਰ ਬਣਾਉਣ ਲਈ ਇੱਕ ਨਵੇਕਲਾ ਤੇ ਇਨਕਲਾਬੀ ਕਦਮ ਹੈ।

ਸੰਧਵਾਂ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਡਿਜੀਟਾਈਜੇਸ਼ਨ ਸਦਕਾ ਵਿਧਾਇਕਾਂ ਦੀ ਜਨਤਾ ਦੇ ਪ੍ਰਮੁੱਖ ਮੁੱਦਿਆਂ ਨੂੰ ਉਠਾਉਣ ਵਿੱਚ ਕੁਸ਼ਲਤਾ ਹੋਰ ਵਧੇਗੀ ਅਤੇ ਵਿਧਾਨ ਸਭਾ ਦੇ ਕੰਮਕਾਜ ਨੂੰ ਕਾਗਜ਼ ਰਹਿਤ ਬਣਾਇਆ ਜਾਣਾ ਇੱਕ ਨਵੇਂ ਯੁੱਗ ਦੀ ਸੁਰੂਆਤ ਦਾ ਸੂਚਕ ਹੈ । ਪਾਰਦਰਸ਼ੀ ਅਤੇ ਜਵਾਬਦੇਹ ਢੰਗ ਨਾਲ ਜਾਣਕਾਰੀ ਸਾਂਝੀ ਕਰਨ ਦੇ ਮੱਦੇਨਜ਼ਰ ਫੈਸਲਿਆਂ ਅਤੇ ਰਿਕਾਰਡਾਂ ਨੂੰ ਟਰੈਕ ਕਰਨਾ ਹੁਣ ਆਸਾਨ ਹੋ ਗਿਆ ਹੈ।

ਸਪੀਕਰ ਨੇ ਦੱਸਿਆ ਕਿ ਸਾਲ 2022 ਤੋਂ ਸਦਨ ਦੀ ਕਾਰਵਾਈ ਦਾ ਸਿੱਧਾ ਪ੍ਰਸਾਰਣ ਪੰਜਾਬ ਵਿਧਾਨ ਸਭਾ ਅਤੇ ਪੰਜਾਬ ਸਰਕਾਰ ਦੇ ਅਧਿਕਾਰਤ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਕੀਤਾ ਜਾ ਰਿਹਾ ਹੈ, ਜਿਸ ਰਾਹੀਂ ਆਮ ਲੋਕ ਵੀ ਸਦਨ ਦੀ ਕਾਰਵਾਈ ਨੂੰ ਆਸਾਨੀ ਨਾਲ ਦੇਖ ਸਕਦੇ ਹਨ। ਸਦਨ ਵਿੱਚ ਜਾਣਕਾਰੀ ਦੇ ਆਦਾਨ-ਪ੍ਰਦਾਨ ਨੂੰ ਆਸਾਨ ਬਣਾਉਣ ਲਈ 23 ਸਤੰਬਰ 2023 ਨੂੰ ਪੰਜਾਬ ਵਿਧਾਨ ਸਭਾ ਵਿੱਚ ਰਾਸ਼ਟਰੀ ਈ-ਵਿਧਾਨ ਐਪਲੀਕਸ਼ਨ ਦਾ ਉਦਘਾਟਨ ਕੀਤਾ ਗਿਆ ਸੀ।

ਰਾਸ਼ਟਰੀ ਈ-ਵਿਧਾਨ ਐਪਲੀਕੇਸਨ (ਨੇਵਾ) ਭਾਰਤ ਸਰਕਾਰ ਦਾ ਇੱਕ ਮਿਸ਼ਨ ਮੋਡ ਪ੍ਰੋਜੈਕਟ ਹੈ, ਜਿਸ ਤਹਿਤ ਦੇਸ ਦੀਆਂ ਵੱਖ-ਵੱਖ ਵਿਧਾਨ ਸਭਾਵਾਂ ਦਾ ਕੰਮਕਾਜ ਕਾਗਜ ਰਹਿਤ ਢੰਗ ਨਾਲ ਕੀਤਾ ਜਾ ਰਿਹਾ ਹੈ ਅਤੇ ਇਸ ਪ੍ਰੋਜੈਕਟ ਦਾ ਉਦੇਸ਼ ਵਿਧਾਨ ਸਭਾਵਾਂ ਦੀ ਕਾਰਵਾਈ ਨੂੰ ਕੁਸ਼ਲ ਅਤੇ ਪਾਰਦਰਸੀ ਢੰਗ ਨਾਲ ਪੇਸ਼ ਕਰਨਾ ਹੈ।

———-
Spread the love