ਅਕਾਲੀ ਦਲ ਦੇ ਵਫਦ ਵੱਲੋਂ ਹਰਜਿੰਦਰ ਸਿੰਘ ਧਾਮੀ ਨਾਲ ਮੁਲਾਕਾਤ, ਸ਼੍ਰੋਮਣੀ ਕਮੇਟੀ ਪ੍ਰਧਾਨ ਵਜੋਂ ਸੇਵਾਵਾਂ ਨਿਭਾਉਂਦੇ ਰਹਿਣ ਦੀ ਕੀਤੀ ਅਪੀਲ

ਹੁਸ਼ਿਆਰਪੁਰ, 19 ਫਰਵਰੀ 2025

ਸ਼੍ਰੋਮਣੀ ਅਕਾਲੀ ਦਲ ਦੇ ਇਕ ਉੱਚ ਪੱਧਰੀ ਵਫਦ ਨੇ ਅੱਜ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਆਪਣੀਆਂ ਸੇਵਾਵਾਂ ਜਾਰੀ ਰੱਖਣ ਦੀ ਅਪੀਲ ਕੀਤੀ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਵਫਦ ਨੇ ਐਡਵੋਕੇਟ ਧਾਮੀ ਨਾਲ ਮੁਲਾਕਾਤ ਕਰ ਕੇ ਉਹ ਹਾਲਾਤ ਸਮਝਣ ਦੀ ਕੋਸ਼ਿਸ਼ ਕੀਤੀ ਜਿਹਨਾਂ ਕਾਰਣ ਉਹਨਾਂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਵਜੋਂ ਅਸਤੀਫਾ ਦਿੱਤਾ।

ਉਹਨਾਂ ਕਿਹਾ ਕਿ ਇਹ ਸਪਸ਼ਟ ਹੈ ਕਿ ਐਡਵੋਕੇਟ ਧਾਮੀ ਨੇ ਮਾਨਸਿਕ ਪੀੜਾ ਕਾਰਣ ਅਸਤੀਫਾ ਦਿੱਤਾ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਕੁਝ ਚੀਜ਼ਾਂ ਦਿਲ ਨੂੰ ਲਗਾ ਲਈਆਂ ਜਿਸ ਕਾਰਣ ਉਹਨਾਂ ਅਚਨਚੇਤ ਅਸਤੀਫਾ ਦੇ ਦਿੱਤਾ। ਉਹਨਾਂ ਕਿਹਾ ਕਿ ਅਸੀਂ ਐਡਵੋਕੇਟ ਧਾਮੀ ਨੂੰ ਭਰੋਸਾ ਦੁਆਇਆ ਹੈ ਕਿ ਸਾਰੀ ਪਾਰਟੀ ਉਹਨਾਂ ਦੇ ਨਾਲ ਹੈ ਤੇ ਇਸ ਅਹਿਮ ਸਮੇਂ ਵਿਚ ਪੰਥ ਨੂੰ ਉਹਨਾਂ ਦੀ ਲੀਡਰਸ਼ਿਪ ਦੀ ਜ਼ਰੂਰਤ ਹੈ।

ਡਾ. ਚੀਮਾ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਐਡਵੋਕੇਟ ਧਾਮੀ ਦੇ ਅਸਤੀਫੇ ਨਾਲ ਜੁੜੇ ਸਾਰੇ ਮਸਲੇ ਨੂੰ ਹੱਲ ਕਰਨਾ ਚਾਹੁੰਦਾ ਹੈ। ਉਹਨਾਂ ਕਿਹਾ ਕਿ ਅਸੀਂ ਉਹਨਾਂ ਨਾਲ ਨਿਰੰਤਰ ਗੱਲਬਾਤ ਕਰਦੇ ਰਹਾਂਗੇ ਤੇ ਸਾਰੇ ਮਸਲਿਆਂ ਦੇ ਹੱਲ ਵਾਸਤੇ ਕੰਮ ਕਰਾਂਗੇ।

Spread the love