— ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਪੁਲਿਸ ਪੰਜਾਬ ਨੂੰ ਸੁਰੱਖਿਅਤ ਤੇ ਸਲਾਮਤ ਸੂਬਾ ਬਣਾਉਣ ਲਈ ਵਚਨਬੱਧ
—ਐਸ.ਏ.ਐਸ. ਨਗਰ ਅਤੇ ਏਜੀਟੀਐਫ ਦੀਆਂ ਪੁਲਿਸ ਟੀਮਾਂ ਗੈਂਗਸਟਰ ਨੂੰ ਉਥੇ ਲਿਜਾ ਰਹੀਆਂ ਸਨ ਜਿੱਥੇ ਉਸਨੇ ਪਿਸਤੌਲ ਲੁਕਾਇਆ ਸੀ: ਡੀਜੀਪੀ ਗੌਰਵ ਯਾਦਵ
— 50 ਲੱਖ ਰੁਪਏ ਦੀ ਫਿਰੌਤੀ ਦੇ ਮਾਮਲੇ ‘ਚ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਗਿਆ ਸੀ ਗ੍ਰਿਫ਼ਤਾਰ ਕੀਤਾ ਦੋਸ਼ੀ : ਐਸ.ਐਸ.ਪੀ. ਦੀਪਕ ਪਾਰੀਕ
ਚੰਡੀਗੜ੍ਹ/ਐਸਏਐਸ ਨਗਰ, 1 ਮਾਰਚ 2025
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ’ਤੇ ਸੰਗਠਿਤ ਅਪਰਾਧ ਵਿਰੁੱਧ ਸ਼ੁਰੂ ਕੀਤੀ ਲੜਾਈ ਤਹਿਤ ਐਸ.ਏ.ਐਸ. ਨਗਰ ਪੁਲਿਸ ਅਤੇ ਪੰਜਾਬ ਐਂਟੀ-ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਦੀ ਵੱਡੀ ਕਾਰਵਾਈ ਦੌਰਾਨ ਡੇਰਾ ਬੱਸੀ ਵਿਖੇ ਜ਼ੀਰਕਪੁਰ-ਅੰਬਾਲਾ ਹਾਈਵੇਅ ’ਤੇ ਘੱਗਰ ਪੁਲ ਨੇੜੇ ਪੁਲਿਸ ਹਿਰਾਸਤ ਚੋਂ ਭੱਜਣ ਦੀ ਨਾਕਾਮ ਕੋਸ਼ਿਸ਼ ਕਰਦਿਆਂ ਗੈਂਗਸਟਰ ਮਲਕੀਅਤ ਉਰਫ਼ ਮੈਕਸੀ ਖੱਬੀ ਲੱਤ ’ਤੇ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ। ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਸ਼ਨੀਵਾਰ ਨੂੰ ਦਿੱਤੀ।
ਅੰਮ੍ਰਿਤਸਰ ਦੇ ਰਾਜਾਸਾਂਸੀ ਨੇੜਲੇ ਪਿੰਡ ਰੋੜਾਲਾ ਦਾ ਰਹਿਣ ਵਾਲਾ ਗੈਂਗਸਟਰ ਮੈਕਸੀ, ਵਿਦੇਸ਼ੀ ਅੱਤਵਾਦੀ ਗੋਲਡੀ ਬਰਾੜ ਅਤੇ ਗੈਂਗਸਟਰ ਗੋਲਡੀ ਢਿੱਲੋਂ ਦਾ ਕਾਰਕੁਨ ਹੈ ਅਤੇ ਉਨ੍ਹਾਂ ਦੇ ਇਸ਼ਾਰੇ ’ਤੇ ਜਬਰਨ ਵਸੂਲੀ ਰੈਕੇਟ ਚਲਾ ਰਿਹਾ ਸੀ। ਹਾਲ ਹੀ ਵਿੱਚ, ਮੈਕਸੀ ਅਤੇ ਉਸਦੇ ਸਾਥੀ ਸੰਦੀਪ ਉਰਫ਼ ਦੀਪ ਨੂੰ ਪਟਿਆਲਾ ਪੁਲਿਸ ਨੇ ਅਸਲਾ ਐਕਟ ਦੇ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਸੀ, ਜਿਸ ਤੋਂ ਬਾਅਦ, ਦੋਵਾਂ ਨੂੰ ਐਸ.ਏ.ਐਸ. ਨਗਰ ਪੁਲਿਸ ਵੱਲੋਂ ਸ਼ੁੱਕਰਵਾਰ ਨੂੰ ਫਿਰੌਤੀ ਦੇ ਇੱਕ ਕੇਸ ਵਿੱਚ ਪਟਿਆਲਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਗਿਆ ਸੀ। ਜ਼ਿਕਰਯੋਗ ਹੈ ਕਿ ਜਨਵਰੀ 2025 ਵਿੱਚ ਉਕਤ ਮੁਲਜ਼ਮਾਂ ਵੱਲੋਂ ਮੋਹਾਲੀ ਸਥਿਤ ਪ੍ਰਾਪਰਟੀ ਡੀਲਰ ਕੋਲੋਂ 50 ਲੱਖ ਰੁਪਏ ਦੀ ਫਿਰੌਤੀ ਲੈਣ ਲਈ ਨਿਸ਼ਾਨਾ ਬਣਾਇਆ ਗਿਆ ਸੀ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੈਕਸੀ ਦੇ ਖੁਲਾਸੇ ਤੋਂ ਬਾਅਦ, ਡੀਐਸਪੀ ਡੇਰਾ ਬੱਸੀ ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਵਾਲੀ ਪੁਲਿਸ ਟੀਮ ਵੱਲੋਂ ਦੋਸ਼ੀ ਨੂੰ ਉਸਦੇ ਕਬੂਲਨਾਮੇ ਮੁਤਾਬਿਕ ਜ਼ੀਰਕਪੁਰ-ਅੰਬਾਲਾ ਹਾਈਵੇਅ ’ਤੇ ਇੱਕ ਸੁੰਨਸਾਨ ਥਾਂ ਵੱਲ ਇੱਕ .32 ਕੈਲੀਬਰ ਪਿਸਤੌਲ, ਜੋ ਉਸਨੇ ਪੀੜਤ ਪ੍ਰਾਪਟੀ ਡੀਲਰ ਨੂੰ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਲੁਕਾ ਕੇ ਰੱਖਿਆ ਸੀ, ਦੀ ਬਰਾਮਦਗੀ ਲਈ ਲਿਜਾਇਆ ਜਾ ਰਿਹਾ ਸੀ ।
ਉਨ੍ਹਾਂ ਕਿਹਾ , ‘‘ਮੌਕੇ ’ਤੇ ਪਹੁੰਚਣ ’ਤੇ, ਦੋਸ਼ੀ ਨੇ ਹਿਰਾਸਤ ਤੋਂ ਭੱਜਣ ਦੀ ਕੋਸ਼ਿਸ਼ ਵਿੱਚ ਪੁਲਿਸ ਟੀਮ ’ਤੇ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਆਤਮ-ਰੱਖਿਆ ਅਤੇ ਪੁਲਿਸ ਟੀਮ ਵੱਲੋਂ ਕੀਤੀ ਜਵਾਬੀ ਗੋਲੀਬਾਰੀ ਵਿੱਚ, ਮੈਕਸੀ ਦੀ ਖੱਬੀ ਲੱਤ ਵਿੱਚ ਗੋਲੀ ਲੱਗੀ ਅਤੇ ਹੁਣ ਉਹ ਸਿਵਲ ਹਸਪਤਾਲ, ਮੋਹਾਲੀ ਵਿੱਚ ਜ਼ੇਰੇ-ਇਲਾਜ ਹੈ।”
ਡੀਜੀਪੀ ਨੇ ਕਿਹਾ ਕਿ ਉਸਦੇ ਕਬਜ਼ੇ ਵਿੱਚੋਂ ਹਥਿਆਰ ਦੇ ਨਾਲ-ਨਾਲ ਤਿੰਨ ਕਾਰਤੂਸ ਅਤੇ ਦੋ ਵਰਤੇ/ਖਾਲੀ ਖੋਲ ਵੀ ਬਰਾਮਦ ਕੀਤੇ ਗਏ ਹਨ।
ਹੋਰ ਵੇਰਵੇ ਸਾਂਝੇ ਕਰਦੇ ਹੋਏ, ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀ) ਐਸਏਐਸ ਨਗਰ ਦੀਪਕ ਪਾਰੀਕ ਨੇ ਕਿਹਾ ਕਿ ਗ੍ਰਿਫਤਾਰ ਦੋਸ਼ੀ ਦਾ ਅਪਰਾਧਿਕ ਪਿਛੋਕੜ ਹੈ ਜਿਸਦੇ ਖਿਲਾਫ ਜ਼ਬਰਨ ਵਸੂਲੀ ਅਤੇ ਹਥਿਆਰ ਐਕਟ ਨਾਲ ਸਬੰਧਤ ਕਈ ਮਾਮਲੇ ਦਰਜ ਹਨ। ਉਨ੍ਹਾਂ ਅੱਗੇ ਕਿਹਾ ਕਿ ਅਗਲੇਰੀ ਜਾਂਚ ਜਾਰੀ ਹੈ।
ਇਸ ਸਬੰਧੀ ਐਸਏਐਸ ਨਗਰ ਦੇ ਡੇਰਾਬੱਸੀ ਪੁਲਿਸ ਸਟੇਸ਼ਨ ਵਿਖੇ ਬੀਐਨਐਸ ਦੀ ਧਾਰਾ 109, 132, 221 ਅਤੇ 262 ਅਤੇ ਅਸਲਾ ਐਕਟ ਦੀ ਧਾਰਾ 25 ਦੇ ਤਹਿਤ ਇੱਕ ਨਵਾਂ ਮਾਮਲਾ ਐਫਆਈਆਰ ਨੰਬਰ 46 ਮਿਤੀ 01/03/2025 ਅਧੀਨ ਦਰਜ ਕੀਤਾ ਗਿਆ ਹੈ।
————