ਡੀ.ਸੀ ਵੱਲੋਂ ਜ਼ਿਲ੍ਹੇ ‘ਚ 10 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਹੀ ਕਣਕ ਦੀ ਖ਼ਰੀਦ ਲਈ ਬੰਦੋਬਸਤ ਤੁਰੰਤ ਮੁਕੰਮਲ ਕਰਨ ਦੇ ਆਦੇਸ਼

-ਕੋਵਿਡ ਤੋਂ ਬਚਾਅ ਲਈ ਸਰਕਾਰ ਵੱਲੋਂ ਮੰਡੀਆਂ ‘ਚ ਇਸ ਸਾਲ ਵੀ ਕੂਪਨ ਅਧਾਰਤ ਟਰਾਲੀਆਂ ਦਾ ਦਾਖਲਾ ਯਕੀਨੀ ਬਣਾਇਆ ਜਾਵੇਗਾ
ਪਟਿਆਲਾ, 5 ਅਪ੍ਰੈਲ:
ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਜ਼ਿਲ੍ਹੇ ‘ਚ 10 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਹੇ ਕਣਕ ਦੇ ਖ਼ਰੀਦ ਸੀਜ਼ਨ ਲਈ ਖੁਰਾਕ ਤੇ ਸਪਲਾਈ ਵਿਭਾਗ ਅਤੇ ਮੰਡੀਕਰਣ ਬੋਰਡ ਅਧਿਕਾਰੀਆਂ ਅਤੇ ਸਮੂਹ ਸਬ ਡਿਵੀਜ਼ਨਾਂ ਦੇ ਐਸ.ਡੀ.ਐਮਜ਼ ਨਾਲ ਅੱਜ ਸ਼ਾਮ ਮੀਟਿੰਗ ਕਰਕੇ ਕੋਵਿਡ ਦੇ ਮੱਦੇਨਜ਼ਰ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਅਤੇ ਜ਼ਿਲ੍ਹਾ ਮੰਡੀਕਰਣ ਅਫਸਰ ਨੂੰ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਕਿਹਾ ਕਿ 10 ਅਪ੍ਰੈਲ ਤੋਂ ਪਹਿਲਾਂ ਪਹਿਲਾਂ ਮੰਡੀਆਂ ਦੀ ਸਾਫ਼ ਸਫ਼ਾਈ, ਪਾਣੀ ਅਤੇ ਲਾਈਟਾਂ ਦਾ ਪ੍ਰਬੰਧ ਅਤੇ ਕੋਵਿਡ ਤੋਂ ਬਚਾਅ ਵਜੋਂ ਮੰਡੀ ਦੀ ਮਾਰਕਿੰਗ ਕਰਕੇ ਖਾਨੇ ਬਣਾਉਣ ਦਾ ਕੰਮ ਮੁਕੰਮਲ ਕਰ ਲਿਆ ਜਾਵੇ।
ਉਨ੍ਹਾਂ ਕਿਹਾ ਕਿ ਇਸ ਵਾਰ ਕੋਵਿਡ ਦੀ ਦੂਸਰੀ ਲਹਿਰ ਜ਼ਿਆਦਾ ਖਤਰਨਾਕ ਹੋਣ ਕਾਰਨ ਸਾਨੂੰ ਬਹੁਤ ਹੀ ਸਾਵਧਾਨ ਰਹਿਣਾ ਪਵੇਗਾ ਅਤੇ ਮੰਡੀਆਂ ‘ਚ ਆਉਣ ਵਾਲੇ ਕਿਸਾਨਾਂ, ਆੜ੍ਹਤੀਆਂ, ਮਜ਼ਦੂਰਾਂ ਅਤੇ ਢੋਆ-ਢੁਆਈ ਕਰਨ ਵਾਲੇ ਟਰੱਕ ਅਪਰੇਟਰਾਂ ਦੀ ਧਿਆਨ ਨਾਲ ਸਕਰੀਨਿੰਗ ਕਰਨ ਅਤੇ ਉਨ੍ਹਾਂ ਨੂੰ ਟੀਕਾਕਰਣ ਲਈ ਪ੍ਰੇਰਿਤ ਕਰਨ ਲਈ ਆਖਿਆ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਰਕਾਰ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਸੀਜ਼ਨ ਦੌਰਾਨ ਮੰਡੀਆਂ ‘ਚ ਕੋਵਿਡ ਦੀ ਸਕਰੀਨਿੰਗ ਦੇ ਨਾਲ ਨਾਲ ਉਨ੍ਹਾਂ ਦੇ ਟੀਕਾਕਰਣ ਲਈ ਮੋਬਾਇਲ ਟੀਮਾਂ ਗਠਿਤ ਕਰਨ ‘ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਇਸ ਵਾਰ ਮੰਡੀਆਂ ‘ਚ ਸਾਢੇ ਅੱਠ ਲੱਖ ਮੀਟਰਿਕ ਟਨ ਦੇ ਕਰੀਬ ਅਨਾਜ ਦੀ ਆਮਦ ਦੀ ਸੰਭਾਵਨਾ ਹੈ ਜਿਸ ਲਈ ਮੌਜੂਦਾ 110 ਖਰੀਦ ਕੇਂਦਰਾਂ ਤੋਂ ਇਲਾਵਾ ਪਿਛਲੇ ਸਾਲ ਵਾਂਗ ਵੱਡੀ ਗਿਣਤੀ ‘ਚ ਆਰਜ਼ੀ ਖ਼ਰੀਦ ਕੇਂਦਰ ਵੀ ਬਣਾਏ ਜਾਣਗੇ ਤਾਂ ਜੋ ਮੰਡੀਆਂ ‘ਚ ਭੀੜ ਹੋਣ ਤੋਂ ਰੋਕੀ ਜਾ ਸਕੇ। ਇਸ ਮੌਕੇ ਏ.ਡੀ.ਸੀ. (ਜ) ਪੂਜਾ ਸਿਆਲ ਗਰੇਵਾਲ, ਐਸ.ਡੀ.ਐਮ. ਦੂਧਨਸਾਧਾਂ ਅਕੁੰਰਜੀਤ ਸਿੰਘ, ਐਸ.ਡੀ.ਐਮ. ਪਟਿਆਲਾ ਚਰਨਜੀਤ ਸਿੰਘ, ਐਸ.ਡੀ.ਐਮ. ਨਾਭਾ ਕਾਲਾ ਰਾਮ ਕਾਂਸਲ, ਐਸ.ਡੀ.ਐਮ. ਰਾਜਪੁਰਾ ਖੁਸ਼ਦਿਲ ਸਿੰਘ, ਆਰ.ਟੀ.ਏ. ਪਰਮਜੀਤ ਸਿੰਘ, ਡੀ.ਐਫ.ਐਸ.ਸੀ. ਹਰਸ਼ਰਨਜੀਤ ਸਿੰਘ, ਜ਼ਿਲ੍ਹਾ ਮੰਡੀ ਅਫ਼ਸਰ ਅਜੈ ਪਾਲ ਸਿੰਘ ਸਮੇਤ ਵੱਖ ਵੱਖ ਖ਼ਰੀਦ ਏਜੰਸੀਆਂ ਦੇ ਨੁਮਾਇੰਦੇ ਹਾਜ਼ਰ ਸਨ।
ਕੈਪਸ਼ਨ : ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਕਣਕ ਖ਼ਰੀਦ ਦੇ ਪ੍ਰਬੰਧਾਂ ਸਬੰਧੀ ਮੀਟਿੰਗ ਕਰਦੇ ਹੋਏ।

Spread the love