ਜ਼ਿਲਾ ਵਾਸੀ ਮਾਸਕ ਲਾਜ਼ਮੀ ਤੌਰ ’ਤੇ ਪਾ ਕੇ ਰੱਖਣ ਅਤੇ ਸਾਵਧਾਨੀਆਂ ਦੀ ਪਾਲਣਾ ਕਰਨ
ਗੁਰਦਾਸਪੁਰ, 21 ਮਾਰਚ ( ) ਜਨਾਬ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ ਨੇ ਜਿਲਾ ਵਾਸੀਆਂ ਨੂੰ ਦਿਨੋ ਦਿਨ ਕੋਵਿਡ-19 ਕਾਰਨ ਵੱਧ ਰਹੇ ਪੋਜ਼ਟਿਵ ਕੇਸ ਅਤੇ ਮੌਤਾ ਦੀ ਵੱਧ ਰਹੀ ਗਿਣਤੀ ਤੇ ਚਿੰਤਾ ਤੇ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਮੋਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਜ਼ਿਲ੍ਹਾ ਵਾਸੀਆਂ ਨੂੰ ਹੋਰ ਸੁਚੇਤ ਹੋਣ ਦੀ ਲੋੜ ਹੈ ਅਤੇ ਮਾਸਕ ਲਾਜ਼ਮੀ ਤੋਰ ਤੇ ਪਹਿਨਣ ਤੋਂ ਇਲਾਵਾ ਦੂਸਰੀਆਂ ਸਾਵਧਾਨੀਆਂ ਅਪਣਾਉਣ ਦੀ ਜਰੂਰਤ ਹੈ।
ਡਿਪਟੀ ਕਮਿਸ਼ਨਰ ਨੇ ਜਿਲੇ ਅੰਦਰ ਦਿਨੋ ਦਿਨ ਵੱਧ ਰਹੇ ਕੇਸ ਅਤੇ ਮੋਤਾਂ ਦੀ ਗਿਣਤੀ ਬਾਰੇ ਦੱਸਿਆ ਕਿ 14 ਮਾਰਚ ਨੂੰ 88 ਪੋਜ਼ਟਿਵ ਕੇਸ ਆਏ ਤੇ ਕੋਈ ਮੋਤ ਨਹੀਂ ਹੋਈ, 15 ਮਾਰਚ ਨੂੰ 87 ਕੇਸ ਆਏ ਤੇ 1 ਮੋਤ ਹੋਈ, 16 ਮਾਰਚ ਨੂੰ 39 ਕੇਸ ਆਏ ਤੇ 2 ਮੌਤਾਂ, 17 ਮਾਰਚ ਨੂੰ 112 ਕੇਸ ਤੇ 2 ਮੌਤਾਂ, 18 ਮਾਰਚ ਨੂੰ 110 ਕੇਸ ਅਤੇ 2 ਮੌਤਾ, 19 ਮਾਰਚ ਨੂੰ 158 ਕੇਸ ਅਤੇ 3 ਮੌਤਾਂ ਅਤੇ 20 ਮਾਰਚ ਨੂੰ 157 ਨਵੇਂ ਕੇਸ ਆਏ ਅਤੇ 3 ਮੌਤਾਂ ਹੋਈਆਂ। ਇਹ ਅੰਕੜਾ ਦਰਸਾਉਂਦਾ ਹੈ ਕਿ ਰੋਜਾਨਾ ਕੋਰੋਨਾ ਬਿਮਾਰੀ ਦੇ ਕੇਸ ਵੀ ਵੱਧ ਰਹੇ ਹਨ ਅਤੇ ਮੌਤਾਂ ਦੀ ਗਿਣਤੀ ਵੀ ਵੱਧ ਰਹੀ ਹੈ। ਇਸ ਲਈ ਜਰੂਰਤ ਹੈ ਕਿ ਅਸੀ ਸਰਕਾਰ ਤੇ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰੀਏ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਵੇਖਣ ਵਿਚ ਆਇਆ ਹੈ ਕਿ ਲੋਕਾਂ ਨੇ ਮਾਸਕ ਪਾਉਣ ਦੀ ਵਰਤੋਂ ਬਿਲਕੁਲ ਤਿਆਗ ਦਿੱਤੀ ਹੈ, ਜੋ ਬਿਮਾਰੀ ਦੇ ਵੱਧਣ ਦਾ ਮੁੱਖ ਕਾਰਨ ਬਣ ਰਹੀ ਹੈ, ਇਸ ਲਈ ਪੁਲਿਸ ਵਿਭਾਗ ਨੂੰ ਸਖਤ ਹਦਾਇਤ ਕੀਤੀ ਗਈ ਹੈ ਕਿ ਉਹ ਮਾਸਕ ਨਾ ਪਾਉਣ ਵਾਲੇ ਦਾ ਮੋਕੇ ਤੇ ਕੋਰੋਨਾ ਟੈਸਟ (ਆਰ.ਟੀ.ਪੀ.ਸੀ.ਆਰ) ਕਰਵਾਉਣ, ਜਿਸ ਲਈ ਗੁਰਦਾਸਪੁਰ ਅਤੇ ਬਟਾਲਾ ਵਿਖੇ ਪੁਲਿਸ ਟੀਮ ਨੂੰ ਸਿਹਤ ਵਿਭਾਗ ਦੀ ਮੋਬਾਇਲ ਟੀਮ ਉਪਲੱਬਧ ਕਰਵਾਈ ਗਈ ਹੈ, ਜੋ ਮੌਕੇ ਤੇ ਟੈਸਟ ਕਰੇਗੀ ਅਤੇ ਜਿਥੇ ਮੋਬਾਇਲ ਟੈਸਟਿੰਗ ਟੀਮ ਨਹੀਂ ਹੋਵੇਗੀ, ਓਥੋ ਨੇੜਲੇ ਸਿਹਤ ਕੇਂਦਰ ਵਿਚ ਕੋਰੋਨਾ ਟੈਸਟ ਕਰਵਾਇਆ ਜਾਵੇਗਾ। ਉਨਾਂ ਕਿਹਾ ਕਿ ਟੈਸਟ ਤੋਂ ਇਲਾਵਾ ਜੁਰਮਾਨਾ ਅਤੇ 188 ਦਾ ਪਰਚਾ ਦਰਜ ਕਰਕੇ ਕਾਨੂੰਨੀ ਕਾਰਵਾਈ ਵੀ ਅਮਲ ਵਿਚ ਲਿਆਂਦੀ ਜਾਵੇਗੀ।
ਉਨਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਸ ਤਰਾਂ ਲੋਕਾਂ ਨੇ ਪਹਿਲਾਂ ਪ੍ਰਸ਼ਾਸਨ ਨਾਲ ਸਹਿਯੋਗ ਕੀਤਾ ਸੀ ਤੇ ਜਿਲੇ ਅੰਦਰ ਕੋਰੋਨਾ ਬਿਮਾਰੀ ਦੇ ਫੈਲਾਅ ਨੂੰ ਰੋਕਣ ਵਿਚ ਯੋਗਦਾਨ ਪਾਇਆ ਸੀ, ਓਸੇ ਤਰਾਂ ਕੋਰੋਨਾ ਬਿਮਾਰੀ ਦੀ ਦੂਸਰੀ ਲਹਿਰ ਤੋਂ ਬਚਾਅ ਲਈ ਪੂਰਨ ਸਹਿਯੋਗ ਕਰਨ। ਮਾਸਕ ਲਾਜ਼ਮੀ ਤੋਰ ਤੇ ਪਹਿਨਿਆ ਜਾਵੇ। ਸਮਾਜਿਕ ਦੂਰੀ ਬਣਾ ਕੇ ਰੱਖਣ ਅਤੇ ਹੱਥਾਂ ਨੂੰ ਸਾਬੁਣ ਨਾਲ ਵਾਰ-ਵਾਰ ਧੋਤਾ ਜਾਵੇ।