ਗੁਰਦਾਸਪੁਰ, 21 ਜਨਵਰੀ ( ) ਡਾ.ਵਰਿੰਦਰ ਜਗਤ ਸਿਵਲ ਸਰਜਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਵਿਡ-19 ਵੈਕਸੀਨ ਤਹਿਤ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਵੈਕਸੀਨ ਮਨੁੱਖੀ ਸਿਹਤ ਲਈ ਸੁਰੱਖਿਅਤ ਹੈ । ਉਨਾਂ ਦੱਸਿਆ ਕਿ 20 ਜਨਵਰੀ ਤਕ 414 ਸਿਹਤ ਕਰਮੀਆਂ ਨੂੰ ਵੈਕਸੀਨ ਲਗਾਈ ਜਾ ਚੁੱਕੀ ਹੈ, ਜਿਸ ਦਾ ਕੋਈ ਮਾੜਾ ਪ੍ਰਭਾਵ ਵੇਖਣ ਨੂੰ ਨਹੀਂ ਮਿਲਿਆ ਹੈ। ਇਸ ਮੌਕੇ ਡਾ. ਅਰਵਿੰਦ ਮਨਚੰਦਾ ਜ਼ਿਲਾ ਟੀਕਾਕਰਨ ਅਫਸਰ ਵੀ ਮੋਜੂਦ ਸਨ।
ਸਿਵਲ ਸਰਜਨ ਨੇ ਅੱਗੇ ਦੱਸਿਆ ਕੋਵਿਡ-19 ਵੈਕਸੀਨ ਦੇ ਪਹਿਲੇ ਪੜਾਅ ਵਿਚ ਸਿਹਤ ਕਰਮੀਆਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਿਹਤ ਕਰਮੀਆਂ ਦੇ ਟੀਕਾਕਰਨ ਉਪਰੰਤ ਫਰੰਟ ਲਾਈਨ ਵਿਚ ਡਿਊਟੀ ਨਿਭਾਉਣ ਵਾਲੇ ਪੰਜਾਬ ਪੁਲਿਸ, ਮਾਲ ਵਿਭਾਗ, ਬੀ.ਐਸ.ਐਫ. ਆਰਮੀ ਆਦਿ ਨੂੰ ਵੈਕਸੀਨ ਲਗਾਈ ਜਾਵੇਗੀ। ਉਪਰੰਤ 50 ਸਾਲ ਤੋਂ ਵੱਧ ਉਮਰ ਵਾਲਿਆਂ ਨੂੰ ਵੈਕਸੀਨ ਸਿਹਤ ਵਿਭਾਗ ਦੇ ਆਦੇਸ਼ਾ ਅਨੁਸਾਰ ਵਾਰੋ ਵਾਰੀ ਲਗਾਈ ਜਾਵੇਗੀ।
ਸਿਵਲ ਸਰਜਨ ਨੇ ਅੱਗੇ ਦੱਸਿਆ ਕਿ ਕੋਵਿਡ-19 ਟੀਕਾਕਰਣ ਲਈ ਜ਼ਿਲ੍ਹੇ ਵਿੱਚ 4 ਸਥਾਨ, ਜ਼ਿਲਾ ਹਸਪਤਾਲ ਗੁਰਦਾਸਪੁਰ, ਸਿਵਲ ਹਸਪਤਾਲ ਬਟਾਲਾ, ਸੀ.ਐਚਸੀ ਕਲਾਨੌਰ ਅਤੇ ਤਿੱਬੜੀ ਕੈਂਪ ਵਿਖੇ ਬਣਾਏ ਗਏ ਹਨ। ਹਰੇਕ ਟੀਕਾਕਰਣ ਸੈਸ਼ਨ ਦੇ ਪ੍ਰਬੰਧਨ ਲਈ 5 ਮੈਂਬਰੀ ਟੀਮ ਬਣਾਈ ਗਈ ਅਤੇ ਟੀਮ ਦੀਆਂ ਨਿਰਧਾਰਤ ਜਿੰਮੇਵਾਰੀਆਂ ਮੁਤਾਬਿਕ ਪਹਿਲਾ ਵੈਕਸੀਨੇਸ਼ਨ ਅਧਿਕਾਰੀ ਐਂਟਰਸ ‘ਤੇ ਇਹ ਯਕੀਨੀ ਬਣਾਏਗਾ ਕਿ ਸਿਰਫ ਯੋਗ ਵੈਕਸੀਨੇਟਰ ਹੀ ਦਾਖਲ ਹੋਣ, ਦੂਜਾ ਵੈਕਸੀਨੇਸ਼ਨ ਅਧਿਕਾਰੀ ਕੋਵਿਨ ਐਪ ‘ਤੇ ਲਾਭਪਾਤਰੀਆਂ ਦੀ ਤਸਦੀਕ ਕਰੇਗਾ, ਤੀਜਾ ਵੈਕਸੀਨੇਸ਼ਨ ਅਧਿਕਾਰੀ ਇੰਟ੍ਰਾ ਮਸਕੁਲਰ ਵਜੋਂ ਟੀਕਾ ਲਗਾਏਗਾ, ਚੌਥਾ ਵੈਕਸੀਨੇਸ਼ਨ ਅਧਿਕਾਰੀ ਏਈਐਫਆਈ (ਟੀਕਾਕਰਣ ਤੋਂ ਬਾਅਦ ਐਡਵਰਸ ਈਫੈਕਟ) ਦੀ ਨਿਗਰਾਨੀ ਲਈ ਓਬਜ਼ਰਵੇਸ਼ਨ ਰੂਮ ਵਿਖੇ ਤਾਇਨਾਤ ਹੋਵੇਗਾ ਅਤੇ ਪੰਜਵਾਂ ਵੈਕਸੀਨੇਸ਼ਨ ਅਧਿਕਾਰੀ ਲਾਭਪਾਤਰੀਆਂ ਦੀ ਆਮਦ ਨੂੰ ਨਿਯੰਤਰਣ ਕਰਨ ਵਿਚ ਸਹਾਇਤਾ ਕਰੇਗਾ।