*ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਸਹੂਲਤ ਲਈ ਤਿਆਰ ਕੀਤਾ ਗਿਆ ਹੈ ਵਟਸਐਪ ਚੈਟਬੋਟ ਪਲੈਟਫਾਰਮ
*ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰ ਦੇਣਗੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ
ਬਰਨਾਲਾ, 9 ਦਸੰਬਰ
ਹੈਪੀ ਸੀਡਰ ਜਾਂ ਸੁਪਰ ਸੀਡਰ ਜਿਹੀ ਆਧੁਨਿਕ ਮਸ਼ੀਨਰੀ ਦੀ ਵਰਤੋਂ ਨਾਲ ਬੀਜੀ ਗਈ ਕਣਕ ਅਤੇ ਮਸ਼ੀਨਰੀ ਬਾਬਤ ਕਿਸਾਨਾਂ ਦੇ ਸ਼ੰਕਿਆਂ ਦੇ ਹੱਲ ਲਈ ਪੰਜਾਬ ਸਰਕਾਰ ਵੱਲੋਂ ਵਟਸਐਪ ਚੈਟਬੋਟ ਤਿਆਰ ਕੀਤਾ ਗਿਆ ਹੈ, ਜਿੱਥੇ ਕਿ ਪੰਜਾਬ ਖੇਤੀਬਾੜੀ ਯੂਨੀਵਸਿਟੀ ਦੇ ਖੇਤੀ ਮਾਹਿਰ ਕਿਸਾਨਾਂ ਦੀਆਂ ਸੱਮਸਿਆਵਾਂ ਸਬੰਧੀ ਹੱਲ ਦੱਸਣਗੇ।
ਕਿਸਾਨਾਂ ਨੂੰ ਚੈਟਬੋਟ ਸਹੂਲਤ ਦਾ ਲਾਹਾ ਲੈਣ ਦਾ ਸੱਦਾ ਦਿੰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਵਟਸਐਪ ਚੈਟਬੋਟ ਰਾਹੀਂ ਕਣਕ ਸਬੰਧੀ ਸਾਰੇ ਸਵਾਲਾਂ ਦੇ ਜਵਾਬ ਜਿਵੇਂ ਕੇ ਸਿੰਜਾਈ ਦਾ ਪ੍ਰਬੰਧ, ਕਣਕ ਵਿਚ ਪੀਲੇਪਣ ਦੀ ਸਮੱਸਿਆ, ਕੀਟ ਪ੍ਰਬੰਧਾਂ, ਖਾਦ ਦੀ ਸਹੀ ਮਾਤਰਾ ਤੇ ਹੋਰ ਸਾਰੇ ਸਵਾਲਾਂ ਦੇ ਜਵਾਬ ਮਾਹਿਰਾਂ ਵੱਲੋਂ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਕਿਸਾਨ ਨੂੰ ਇਸ ਸੇਵਾ ਦਾ ਵੱਧ ਤੋਂ ਵੱਧ ਲਾਭ ਉਠਾਉਣ। ਉਨ੍ਹਾਂ ਦੱਸਿਆ ਕਿ ਇਹ ਸੇਵਾ ਸ਼ੁਰੂ ਕਰਨ ਲਈ ਕਿਸਾਨਾਂ ਨੂੰ ਆਪਣੇ ਮੋਬਾਈਲ ਵਿੱਚ 62831-91730 ਨੰਬਰ ਸੇਵ ਕਰਨਾ ਹੋਵੇਗਾ ਅਤੇ ਉਹ ਵਟਸਐਪ ’ਤੇ ਉਹ ਚੈਟਿੰਗ ਸ਼ੁਰੂ ਕਰ ਸਕਦੇ ਹਨ।
ਖੇਤੀ ਮਸ਼ੀਨਰੀ ਬਾਰੇ ਕਿਸੇ ਕਿਸਮ ਦੇ ਸ਼ੰਕਿਆਂ ਦੇ ਹੱਲ ਲਈ ਵੈੱਬਸਾਈਟ http://bit.ly/28xnc6u ਤੇ ਵੀ ਕਿਸਾਨ ਕਲਿਕ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਨੇ ਹੈਪੀ ਸੀਡਰ ਜਾਂ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਹੈ, ਉਨ੍ਹਾਂ ਦੇ ਸਾਰੇ ਮਸਲਿਆਂ ਤੇ ਪ੍ਰਸ਼ਨਾਂ ਦਾ ਹੱਲ ਇਸ ਚੈਟਬੋਟ ਵਿਚ ਹੈ। ਡਿਪਟੀ ਕਮਿਸ਼ਨਰ ਨੇ ਆਖਿਆ ਕਿ ਇਸ ਤੋਂ ਪਹਿਲਾਂ ਸਫਲ ਪਰਾਲੀ ਪ੍ਰਬੰਧਨ ਲਈ ਵੀ ਕਿਸਾਨਾਂ ਨੇ ਇਸ ਚੈਟਬੋਟ ਸਹੂਲਤ ਦਾ ਲਾਹਾ ਲਿਆ ਹੈ ਤੇ ਹੁਣ ਕਿਸਾਨ ਕਣਕ ਦੇ ਚੰਗੇ ਝਾੜ ਅਤੇ ਆਧੁਨਿਕ ਮਸ਼ੀਨਰੀ ਦੇ ਸੁਚੱਜੀ ਵਰਤੋਂ ਲਈ ਆਪਣੇ ਸਵਾਲਾਂ ਦੇ ਜਵਾਬ ਮਾਹਿਰਾਂ ਤੋਂ ਲੈ ਕੇ ਇਸ ਸਹੂਲਤ ਦਾ ਵੱਧ ਤੋਂ ਵੱਧ ਲਾਭ ਲੈਣ।