-ਝੰਡਾ ਦਿਵਸ ਫ਼ੰਡ ਦੀ ਵਰਤੋਂ ਸਾਬਕਾ ਸੈਨਿਕਾਂ/ਪਰਿਵਾਰਾਂ ਦੀ ਆਰਥਿਕ ਮੱਦਦ ਲਈ ਕੀਤੀ ਜਾਂਦੀ ਹੈ
ਪਟਿਆਲਾ, 7 ਦਸੰਬਰ-
ਹਥਿਆਰਬੰਦ ਸੈਨਾ ਝੰਡਾ ਦਿਵਸ ਦੇ ਮੌਕੇ ‘ਤੇ ਅੱਜ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਦੇ ਅਧਿਕਾਰੀਆਂ ਵਲੋਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੂੰ ਟੋਕਨ ਫਲੈਗ ਲਗਾਕੇ ਇਸ ਮੁਹਿੰਮ ਦਾ ਅਗਾਜ਼ ਕੀਤਾ ਗਿਆ। ਉਨ੍ਹਾਂ ਇਸ ਮੌਕੇ ਦੇਸ਼ ਦੇ ਸੈਨਿਕਾਂ ਨਾਲ ਇਕੱਜੁਟਤਾ ਦਾ ਪ੍ਰਗਟਾਵਾ ਕਰਦਿਆਂ, ਝੰਡਾ ਦਿਵਸ ਲਈ ਵਿੱਤੀ ਯੋਗਦਾਨ ਵੀ ਦਿੱਤਾ।
ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਇਸ ਮੌਕੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਜਿਵੇਂ ਸਮੁੱਚੇ ਦੇਸ਼ ਵਾਸੀ ਮਾਣ ਅਤੇ ਸਨਮਾਨ ਨਾਲ ਝੰਡਾ ਦਿਵਸ ਫ਼ੰਡ ਵਿੱਚ ਯੋਗਦਾਨ ਦੇ ਕੇ, ਦੇਸ਼ ਦੀ ਆਨ ਅਤੇ ਸ਼ਾਨ ਲਈ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦ ਸੈਨਿਕਾਂ ਦੀਆਂ ਕੁਰਬਾਨੀਆਂ ਪ੍ਰਤੀ ਫ਼ੰਡ ਦੇ ਕੇ ਸਤਿਕਾਰ ਪ੍ਰਗਟ ਕਰਦੇ ਹਨ, ਉਸੇ ਤਰ੍ਹਾਂ ਅਸੀਂ ਜ਼ਿਲ੍ਹਾ ਵਾਸੀ ਵੀ ਇਸ ਮੌਕੇ ‘ਤੇ ਆਪਣੇ ਜਵਾਨਾਂ ਲਈ ਖੁੱਲ੍ਹੇ ਦਿਲ ਨਾਲ ਯੋਗਦਾਨ ਦੇਈਏ।
ਉਨ੍ਹਾਂ ਕਿਹਾ ਕਿ ਝੰਡਾ ਦਿਵਸ ਲਈ ਇਕੱਤਰ ਕੀਤੀ ਜਾਂਦੀ ਰਾਸ਼ੀ ਸ਼ਹੀਦ/ਡਿਊਟੀ ਜਾਂ ਸੈਨਿਕ ਅਪਰੇਸ਼ਨ ਦੌਰਾਨ ਅੰਗਹੀਣ ਹੋਏ ਸੈਨਿਕਾਂ ਅਤੇ ਲੋੜਵੰਦ ਸਾਬਕਾ ਸੈਨਿਕਾਂ ਦੇ ਪਰਿਵਾਰਾਂ ਦੀ ਭਲਾਈ ਲਈ ਵਰਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਇਸ ਸਾਲ ‘ਫਲੈਗ ਡੇ’ ਫੰਡ ਇਕੱਤਰ ਕਰਨ ਲਈ 14 ਲੱਖ ਰੁਪਏ ਦਾ ਟੀਚਾ ਰੱਖਿਆ ਗਿਆ ਹੈ ਜਿਹੜਾ ਕਿ ਜ਼ਿਲ੍ਹੇ ਦੇ ਸਮੂਹ ਸਾਬਕਾ ਸੈਨਿਕਾਂ/ਨਾਗਰਿਕਾਂ ਅਤੇ ਜ਼ਿਲ੍ਹੇ ਦੇ ਸਰਕਾਰੀ ਅਤੇ ਅਰਧ ਸਰਕਾਰੀ ਅਦਾਰਿਆਂ ਦੇ ਸਹਿਯੋਗ ਨਾਲ ਪੂਰਾ ਕੀਤਾ ਜਾਵੇਗਾ। ਪਿਛਲੇ ਸਾਲ ਜ਼ਿਲ੍ਹੇ ਵੱਲੋਂ ਹਥਿਆਰਬੰਦ ਸੈਨਾਵਾਂ ‘ਫਲੈਗ ਡੇ’ ਫ਼ੰਡ ‘ਚ 6.42 ਲੱਖ ਰੁਪਏ ਦਾ ਯੋਗਦਾਨ ਪਾਇਆ ਗਿਆ।
ਇਸ ਮੌਕੇ ਸੈਨਿਕਾਂ ਦੀ ਵੀਰ ਗਾਥਾ ਅਤੇ ਰੱਖਿਆ ਸੇਵਾਵਾਂ ਭਲਾਈ ਵਿਭਾਗ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਦਾ ਮੈਗਜ਼ੀਨ ‘ਰਣਜੋਧੇ’ ਵੀ ਜਾਰੀ ਕੀਤਾ ਗਿਆ। ਪਿਛਲੇ ਸਾਲ ਦੇ ਇਕੱਤਰ ਹੋਏ ਫੰਡ ‘ਚੋਂ ਅੱਜ 8 ਸਾਬਕਾ ਸੈਨਿਕਾਂ/ਪਰਿਵਾਰਾਂ ਨੂੰ ਪ੍ਰਤੀ ਪਰਿਵਾਰ 10 ਹਜ਼ਾਰ ਰੁਪਏ ਦੀ ਮਾਲੀ ਸਹਾਇਤਾ ਵੀ ਦਿੱਤੀ ਗਈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਦਿਨ ਦੇਸ਼ ਦੀ ਰੱਖਿਆ ਲਈ ਜਾਨਾਂ ਕੁਰਬਾਨ ਕਰਨ ਵਾਲੇ ਸੈਨਿਕਾਂ ਅਤੇ ਸਾਬਕਾ ਸੈਨਿਕਾਂ ਨੂੰ ਸਤਿਕਾਰ ਮਾਣ, ਸਨਮਾਨ ਅਤੇ ਸੁਰੱਖਿਆ ਸੈਨਾਵਾਂ ਨਾਲ ਆਪਣੀ ਇੱਕਮੁਠਤਾ ਨੂੰ ਦਰਸਾਉਣ ਲਈ ਮਨਾਇਆ ਜਾਂਦਾ ਹੈ। ਇਸ ਦੌਰਾਨ ਪੂਰਾ ਦੇਸ਼ ਪੂਰੇ ਜ਼ੋਸ਼ ਅਤੇ ਮਾਣ ਨਾਲ ਝੰਡਾ ਦਿਵਸ ਫੰਡ ਵਿੱਚ ਹਿੱਸਾ ਪਾਉਂਦਾ ਹੈ ਅਤੇ ਸਮੂਹ ਦੇਸ਼ ਵਾਸੀ, ਬੱਚੇ ਤੇ ਬਜ਼ੁਰਗ ਟੋਕਨ ਫਲੈਗ ਲਗਾਕੇ ਸ਼ਹੀਦਾਂ ਦੀਆਂ ਕੁਰਬਾਨੀਆਂ ਪ੍ਰਤੀ ਦਾਨ ਦੇ ਕੇ ਧੰਨਵਾਦ ਪ੍ਰਗਟ ਕਰਦੇ ਹਨ।
ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਪਟਿਆਲਾ ਲੈਫ਼ਟੀਨੈਟ ਕਰਨਲ (ਸੇੇਵਾਮੁਕਤ) ਨੇ ਝੰਡਾ ਦਿਵਸ ਨੂੰ ਦੇਸ਼ ਦੀ ਖਾਤਰ ਜਾਨ ਕੁਰਬਾਨ ਤੱਕ ਕਰ ਜਾਣ ਵਾਲੇ ਸੈਨਿਕਾਂ ਪ੍ਰਤੀ ਵਚਨਬੱਧਤਾ ਦਾ ਬਿਹਤਰ ਮੌਕਾ ਕਰਾਰ ਦਿੰਦਿਆਂ, ਇਸ ਮੌਕੇ ਆਪਣੀ ਨੈਤਿਕ ਜ਼ਿੰਮੇਂਵਾਰੀ ਨਾਲ ਉਨ੍ਹਾਂ ਦੀ ਭਲਾਈ ਲਈ ਫੰਡ ਇਕੱਤਰ ਕਰਨ ਲਈ ਸਮੂਹ ਲੋਕਾਂ ਨੂੰ ਅੱਗੇ ਆਉਣ ਦਾ ਸੱਦਾ ਦਿੱਤਾ। ਉਨ੍ਹਾਂ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਕੋਲ ਦੇਸ਼ ਦੀ ਰੱਖਿਆ ਲਈ ਬਲੀਦਾਨ ਦੇਣ ਵਾਲੇ 68 ਮਹਾਨ ਸ਼ਹੀਦ ਸੈਨਿਕਾਂ ਦੀ ਵਿਰਾਸਤ ਹੈ, ਜਿਨ੍ਹਾਂ ‘ਚ ਪੰਜ ਇਸ ਸਾਲ ਦੇਸ਼ ਦੀ ਰੱਖਿਆ ਲਈ ਜਾਨ ਕੁਰਬਾਨ ਕਰ ਗਏ ਸੈਨਿਕ ਵੀ ਸ਼ਾਮਿਲ ਹਨ।
ਫ਼ੋਟੋ ਕੈਪਸ਼ਨ: 01: ਹਥਿਆਰਬੰਦ ਸੈਨਾਵਾਂ ਝੰਡਾ ਦਿਵਸ ‘ਤੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਟੋਕਨ ਫ਼ਲੈਗ ਲਗਵਾਉਣ ਬਾਅਦ ਫ਼ੰਡ ਇਕੱਤਰ ਕਰਨ ਦੀ ਸ਼ੁਰੂਆਤ ‘ਚ ਆਪਣਾ ਯੋਗਦਾਨ ਪਾ ਕੇ ਕਰਦੇ ਹੋਏ।
02: ਹਥਿਆਰਬੰਦ ਸੈਨਾਵਾਂ ਝੰਡਾ ਦਿਵਸ ਮੌਕੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਸੈਨਿਕ ਵੀਰ ਗਾਥਾ ਅਤੇ ਹੋਰ ਪ੍ਰਾਪਤੀਆਂ ਨਾਲ ਸਬੰਧਤ ਮੈਗਜ਼ੀਨ ‘ਰਣਜੋਧੇ’ ਜਾਰੀ ਕਰਦੇ ਹੋਏ।
03: ਹਥਿਆਰਬੰਦ ਸੈਨਾਵਾਂ ਝੰਡਾ ਦਿਵਸ ਫ਼ੰਡ ‘ਚੋਂ ਸਾਬਕਾ ਸੈਨਿਕ/ਪਰਿਵਾਰਾਂ ਨੂੰ ਮਾਲੀ ਸਹਾਇਤਾ ਸੌਂਪਦੇ ਹੋਏ ਡਿਪਟੀ ਕਮਿਸ਼ਨਰ ਕੁਮਾਰ ਅਮਿਤ।