ਉਪ-ਮੰਡਲ ਮੈਜਿਸਟਰੇਟ ਖਡੂਰ ਸਾਹਿਬ ਸ੍ਰੀ ਰੋਹਿਤ ਗੁਪਤਾ ਅਤੇ ਸਮੂਹ ਸਟਾਫ਼ ਨੇ ਕਰਵਾਇਆ ਕਰੋਨਾ ਟੈਸਟ

ਕੋਵਿਡ-19 ਦੀ ਮਹਾਂਮਾਰੀ ਨੂੰ ਨਜਿੱਠਣ ਲਈ ਲੋਕਾਂ ਨੂੰ ਆਪਣਾ ਕਰੋਨਾ ਟੈਸਟ ਕਰਵਾਉਣ ਦੀ ਕੀਤੀ ਅਪੀਲ
ਤਰਨ ਤਾਰਨ, 24 ਸਤੰਬਰ :
ਕਰੋਨਾ-19 ਮਹਾਂਮਾਰੀ ਦੇ ਵਾਧੇ ਕਾਰਨ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਅੱਜ ਨੂੰ ਸ੍ਰੀ ਰੋਹਿਤ ਗੁਪਤਾ, ਪੀ. ਸੀ. ਐੱਸ, ਉਪ ਮੰਡਲ ਮੈਜਿਸਟਰੇਟ ਖਡੂਰ ਸਾਹਿਬ, ਸ੍ਰੀ ਹਿਰਦੈਪਾਲ ਸਿੰਘ ਨਾਇਬ ਤਹਿਸੀਲਦਾਰ, ਗੋਇੰਦਵਾਲ ਸਾਹਿਬ, ਐਸ. ਡੀ. ਐਮ ਦਫਤਰ, ਤਹਿਸੀਲ ਦਫਤਰ, ਖਡੂਰ ਸਾਹਿਬ ਅਤੇ ਨਾਇਬ ਤਹਿਸੀਲਦਾਰ, ਗੋਇੰਦਵਾਲ ਸਾਹਿਬ ਅਤੇ ਸਮੂਹ ਸਟਾਫ਼ ਵਲੋਂ ਸਬ ਡਵੀਜਨ ਹਸਪਤਾਲ, ਖਡੂਰ ਸਾਹਿਬ ਵਿਖੇ ਕਰੋਨਾ ਟੈਸਟ ਕਰਵਾਇਆ ਗਿਆ।
ਇਸ ਮੌਕੇ ‘ਤੇ ਉਪ ਮੰਡਲ ਮੈਜਿਸਟਰੇਟ, ਖਡੂਰ ਸਾਹਿਬ ਵਲੋਂ ਅਪੀਲ ਕੀਤੀ ਗਈ ਕਿ ਕੋਵਿਡ-19 ਦੀ ਮਹਾਂਮਾਰੀ ਨੂੰ ਨਜਿੱਠਣ ਲਈ ਇਹ ਬਹੁਤ ਜ਼ਰੂਰੀ ਹੈ ਕਿ ਨਿਯਮਤ ਤੌਰ ‘ਤੇ ਸਾਰੇ ਵਿਅਕਤੀ ਕਿਸੇ ਵੀ ਚਿੰਨ੍ਹ ਦੇ ਪ੍ਰਗਟ ਹੋਣ ‘ਤੇ ਜਿਸ ਵਿਚ ਬੁਖਾਰ, ਖਾਂਸੀ, ਜੁਕਾਮ ਸ਼ਾਮਲ ਹੋਣ, ਆਪਣੀ ਕਰੋਨਾ ਟੈਸਟਿੰਗ ਜਰੂਰ ਕਰਵਾਉਣ ਤਾਂ ਜੋ ਸਮੇਂ ਸਿਰ ਉਹ ਆਪਣੇ ਪਰਿਵਾਰ ਅਤੇ ਆਲੇ ਦੁਆਲੇ ਅਤੇ ਸਮਾਜ ਨੂੰ ਸੁਰੱਖਿਅਤ ਕਰ ਸਕਣ।
ਉਹਨਾਂ ਵਲੋਂ ਇਹ ਵੀ ਅਪੀਲ ਕੀਤੀ ਗਈ ਕਿ ਜਿਹਨਾਂ ਵਿਅਕਤੀਆਂ ਨੂੰ ਕਰੋਨਾ ਸੰਕਰਮਨ ਦਾ ਪਰਤੱਖ ਚਿੰਨ ਨਹੀਂ ਹੈ ਲੇਕਿਨ ਉਹ ਕਿਸੇ ਕਰੋਨਾ ਪਾਜ਼ੀਟਿਵ ਵਿਅਕਤੀ ਦੇ ਸੰਪਰਕ ਵਿਚ ਆਏ ਹਨ ਉਹ ਵੀ ਬਿਨਾਂ ਕਿਸੇ ਦੇਰੀ ਦੇ ਕਰੋਨਾ ਟੈਸਟਿੰਗ ਕਰਵਾਉਣ। ਇਹ ਟੈਸਟਿੰਗ ਸੁਵਿਧਾ ਸਰਕਾਰੀ ਹਸਪਤਾਲ, ਖਡੂਰ ਸਾਹਿਬ, ਮੀਆਂਵਿੰਡ ਅਤੇ ਸਰਹਾਲੀ ਵਿਖੇ ਮੌਜੂਦ ਹੈ ਅਤੇ ਨਾਲ ਹੀ ਕਈ ਪਿੰਡਾਂ ਵਿਚ ਜਿਥੇ ਕਿ ਹੈਲਥ ਸੈਂਟਰ ਮੌਜੂਦ ਹਨ, ਉੱਥੇ ਲੋਕਾਂ ਦੀ ਸਹੂਲਤ ਲਈ ਕੈਂਪ ਵੀ ਲਗਵਾਏ ਜਾ ਰਹੇ ਹਨ।
ਸ੍ਰੀ ਰੋਹਿਤ ਗੁਪਤਾ, ਪੀ. ਸੀ. ਐੱਸ ਵਲੋਂ ਇਹ ਵੀ ਕਿਹਾ ਗਿਆ ਕਿ ਹਰ ਵਿਅਕਤੀ ਆਪਣੇ ਕਿੱਤੇ ਜਾਂ ਰੋਜ਼ਗਾਰ ਲਈ ਸਮਾਜ ਵਿਚ ਵਿਚਰ ਰਿਹਾ ਹੈ ਇਸ ਲਈ ਅਹਿਤਿਆਤ ਲਈ ਟੈਸਟਿੰਗ ਕਰਵਾਉਣੀ ਜਰੂਰੀ ਹੈ ਤਾਂ ਜੋ ਕਿ ਇਸ ਬਿਮਾਰੀ ਦੇ ਫੈਲਾਅ ਨੂੰ ਰੋਕਿਆ ਜਾ ਸਕੇ।
Spread the love