ਪਟਿਆਲਾ ਜ਼ਿਲ੍ਹੇ ਦੀਆਂ ਸਾਰੀਆਂ 9 ਮਾਰਕੀਟ ਕਮੇਟੀਆਂ ‘ਚ ਸਥਾਪਤ ਨੇ ਕਿਸਾਨ ਹੈਲਪ ਡੈਸਕ: ਜ਼ਿਲ੍ਹਾ ਮੰਡੀ ਅਫ਼ਸਰ
ਪਟਿਆਲਾ, 22 ਅਪ੍ਰੈਲ:
ਪਟਿਆਲਾ ਜ਼ਿਲ੍ਹੇ ਦੇ ਕਿਸਾਨਾਂ ਦੀ ਕਣਕ ਦੀ ਖ਼ਰੀਦ ਤੋਂ ਬਾਅਦ ਉਨ੍ਹਾਂ ਦੇ ਖਾਤਿਆਂ ‘ਚ ਸਿੱਧੀ ਅਦਾਇਗੀ ਕਰਨ ਲਈ ਜਿਥੇ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ, ਉਥੇ ਹੀ ਕਿਸਾਨਾਂ ਦੀ ਅਨਾਜ ਖ਼ਰੀਦ ਪੋਰਟਲ ‘ਤੇ ਰਜਿਸਟਰੇਸ਼ਨ ਕਰਨ ਲਈ ਪਟਿਆਲਾ ਜ਼ਿਲ੍ਹੇ ਦੀਆਂ ਸਾਰੀਆਂ 9 ਮਾਰਕੀਟ ਕਮੇਟੀਆਂ ‘ਚ ਕਿਸਾਨ ਹੈਲਪ ਡੈਸਕ ਸਥਾਪਤ ਕੀਤੇ ਗਏ ਹਨ, ਜਿਥੇ ਕਿਸਾਨ ਸਿੱਧੀ ਅਦਾਇਗੀ ਲਈ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਮੰਡੀ ਅਫ਼ਸਰ ਅਜੈ ਪਾਲ ਸਿੰਘ ਨੇ ਦੱਸਿਆ ਕਿ ਕਿਸਾਨਾਂ ਦੇ ਖਾਤਿਆਂ ‘ਚ ਜਿਣਸ ਦੀ ਸਿੱਧੀ ਅਦਾਇਗੀ ਕਰਨ ਲਈ ਅਨਾਜ ਖ਼ਰੀਦ ਪੋਰਟਲ ਬਣਾਇਆ ਗਿਆ ਹੈ ਅਤੇ ਜਿਨ੍ਹਾਂ ਕਿਸਾਨਾਂ ਦੀ ਇਸ ਪੋਰਟਲ ‘ਤੇ ਰਜਿਸਟਰੇਸ਼ਨ ਨਹੀਂ ਹੋਈ ਹੈ, ਉਨ੍ਹਾਂ ਦੀ ਰਜਿਸਟਰੇਸ਼ਨ ਮਾਰਕੀਟ ਕਮੇਟੀਆਂ ‘ਚ ਸਥਾਪਤ ਕੀਤੇ ਗਏ ਹੈਲਪ ਡੈਸਕ ‘ਤੇ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਭਾਵੇਂ ਪੋਰਟਲ ‘ਤੇ ਪਹਿਲਾਂ ਹੀ ਕਿਸਾਨਾਂ ਦੀ ਰਜਿਸਟਰੇਸ਼ਨ ਹੋਈ ਹੈ ਪਰ ਜਿਹੜੇ ਕਿਸਾਨ ਹਾਲੇ ਤੱਕ ਰਜਿਸਟਰ ਨਹੀਂ ਹੋਏ ਹਨ ਅਤੇ ਉਨ੍ਹਾਂ ਨੂੰ ਕਣਕ ਦੀ ਅਦਾਇਗੀ ਨਹੀਂ ਹੋਈ ਹੈ, ਉਨ੍ਹਾਂ ਨੂੰ ਪੋਰਟਲ ‘ਤੇ ਰਜਿਸਟਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 122 ਕਿਸਾਨਾਂ ਨੂੰ ਰਜਿਸਟਰ ਕੀਤਾ ਜਾ ਚੁੱਕਾ ਹੈ।
ਉਨ੍ਹਾਂ ਅਨਾਜ ਖ਼ਰੀਦ ਪੋਰਟਲ ‘ਤੇ ਰਜਿਸਟਰੇਸ਼ਨ ਦੀ ਪ੍ਰਕਿਰਿਆ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਲਈ ਕਿਸਾਨ ਨੂੰ ਆਪਣਾ ਆਧਾਰ ਕਾਰਡ, ਬੈਂਕ ਖਾਤਾ ਅਤੇ ਸਬੰਧਤ ਆੜ੍ਹਤੀਏ ਸਬੰਧੀ ਵੇਰਵੇ ਦੇਣੇ ਹੁੰਦੇ ਹਨ, ਇਸ ਉਪਰੰਤ ਪਹਿਲਾਂ ਆਈ ਫਾਰਮ ਅਤੇ ਫੇਰ ਜੇ ਫਾਰਮ ਜਰਨੇਟ ਹੁੰਦਾ ਹੈ।
ਜ਼ਿਲ੍ਹਾ ਮੰਡੀ ਅਫ਼ਸਰ ਨੇ ਦੱਸਿਆ ਕਿ ਕਿਸਾਨ ਹੈਲਪ ਡੈਸਕ ‘ਤੇ ਅਕਾਊਂਟ ਰਜਿਸਟਰੇਸ਼ਨ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੀ ਅਦਾਇਗੀ ਸਬੰਧੀ ਮੁਸ਼ਕਲ ਜਾ ਫੇਰ ਮੰਡੀ ‘ਚ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਮੌਕੇ ‘ਤੇ ਹੀ ਨਿਪਟਾਰਾ ਕੀਤਾ ਜਾਂਦਾ ਹੈ। ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕਰਦਿਆ ਕਿਹਾ ਕਿ ਜੇਕਰ ਕਿਸੇ ਨੂੰ ਅਦਾਇਗੀ ਸਬੰਧੀ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਹੈ ਤਾਂ ਉਹ ਆਪਣੀ ਨੇੜਲੀ ਮਾਰਕੀਟ ਕਮੇਟੀ ‘ਚ ਜਾਕੇ ਉਥੇ ਸਥਾਪਤ ਕਿਸਾਨ ਹੈਲਪ ਡੈਸਕ ‘ਤੇ ਆਪਣੀ ਮੁਸ਼ਕਲ ਦੱਸਕੇ ਹੱਲ ਹੱਲ ਕਰਵਾ ਸਕਦੇ ਹਨ।
ਕੈਪਸ਼ਨ : ਨਾਭਾ ਮਾਰਕੀਟ ਕਮੇਟੀ ਵਿਖੇ ਸਥਾਪਤ ਕਿਸਾਨ ਹੈਲਪ ਡੈਸਕ ‘ਤੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣਦੇ ਹੋਏ ਕਰਮਚਾਰੀ।