ਕਿਸਾਨਾਂ ਦੀ ਸਹਾਇਤਾ ਲਈ ਸਥਾਪਿਤ ਕੀਤੇ ਗਏ ਕਿਸਾਨ ਹੈਲਪ ਡੈਸਕ

*ਜ਼ਿਲਾ ਬਰਨਾਲਾ ਦੀਆਂ 5 ਮਾਰਕੀਟ ਕਮੇਟੀਆਂ ਵਿਚ ਬਣੇ ਹਨ ਕਿਸਾਨ ਸਹਾਇਤਾ ਕੇਂਦਰ
*ਆਨਲਾਈਨ ਅਦਾਇਗੀ ਸਬੰਧੀ ਰਜਿਸਟ੍ਰੇਸ਼ਨ ਲਈ ਦਿੱਤੀਆਂ ਜਾ ਰਹੀਆਂ ਹਨ ਸੇਵਾਵਾਂ: ਜ਼ਿਲਾ ਮੰਡੀ ਅਫਸਰ

ਬਰਨਾਲਾ, 23 ਅਪਰੈਲ
ਕਿਸਾਨਾਂ ਨੂੰ ਫਸਲ ਦੀ ਸਿੱਧੀ ਅਦਾਇਗੀ ਸਬੰਧੀ ਰਜਿਸਟ੍ਰੇਸ਼ਨ ਲਈ ਆ ਰਹੀਆਂ ਦਿੱਕਤਾਂ ਦੇ ਨਿਬੇੜੇ ਅਤੇ ਸਹੀ ਅਗਵਾਈ ਕਰਨ ਲਈ ਜ਼ਿਲਾ ਬਰਨਾਲਾ ਦੀਆਂ 5 ਮਾਰਕੀਟ ਕਮੇਟੀਆਂ ਦੇ ਦਫਤਰਾਂ ਵਿਚ ਕਿਸਾਨ ਹੈਲਪ ਡੈਸਕ ਬਣਾਏ ਗਏ ਹਨ, ਜੋ ਕਿਸਾਨਾਂ ਲਈ ਸਹਾਈ ਸਿੱਧ ਹੋ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲਾ ਮੰਡੀ ਅਫਸਰ ਜਸਪਾਲ ਸਿੰਘ ਨੇ ਦੱਸਿਆ ਕਿ ਕਣਕ ਦੀ ਖ਼ਰੀਦ ਤੋਂ ਬਾਅਦ ਉਨਾਂ ਦੇ ਖਾਤਿਆਂ ਵਿਚ ਸਿੱਧੀ ਅਦਾਇਗੀ ਕਰਨ ਲਈ ਜਿੱਥੇ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ, ਉਥੇ ਹੀ ਕਿਸਾਨਾਂ ਦੀ ਅਨਾਜ ਖ਼ਰੀਦ ਪੋਰਟਲ ’ਤੇ ਰਜਿਸਟਰੇਸ਼ਨ ਕਰਨ ਲਈ ਕਿਸਾਨ ਹੈਲਪ ਡੈਸਕ ਸਥਾਪਤ ਕੀਤੇ ਗਏ ਹਨ। ਉਨਾਂ ਦੱਸਿਆ ਕਿ ਕਿਸਾਨਾਂ ਦੇ ਖਾਤਿਆਂ ਵਿਚ ਜਿਣਸ ਦੀ ਸਿੱਧੀ ਅਦਾਇਗੀ ਕਰਨ ਲਈ ਅਨਾਜ ਖ਼ਰੀਦ ਪੋਰਟਲ ਬਣਾਇਆ ਗਿਆ ਹੈ ਅਤੇ ਜਿਨਾਂ ਕਿਸਾਨਾਂ ਦੀ ਇਸ ਪੋਰਟਲ ’ਤੇ ਰਜਿਸਟਰੇਸ਼ਨ ਨਹੀਂ ਹੋਈ ਹੈ, ਉਨਾਂ ਦੀ ਰਜਿਸਟਰੇਸ਼ਨ ਪੰਜੇ ਮਾਰਕੀਟ ਕਮੇਟੀਆਂ ਬਰਨਾਲਾ, ਤਪਾ, ਧਨੌਲਾ, ਮਹਿਲ ਕਲਾਂ ਤੇ ਭਦੌੜ ਵਿਚ ਸਥਾਪਤ ਕੀਤੇ ਗਏ ਹੈਲਪ ਡੈਸਕ ’ਤੇ ਕੀਤੀ ਜਾ ਰਹੀ ਹੈ।
ਉਨਾਂ ਅਨਾਜ ਖ਼ਰੀਦ ਪੋਰਟਲ ’ਤੇ ਰਜਿਸਟਰੇਸ਼ਨ ਦੀ ਪ੍ਰਕਿਰਿਆ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਲਈ ਕਿਸਾਨ ਨੂੰ ਆਪਣਾ ਆਧਾਰ ਕਾਰਡ, ਬੈਂਕ ਖਾਤਾ ਅਤੇ ਸਬੰਧਤ ਆੜਤੀਏ ਸਬੰਧੀ ਵੇਰਵੇ ਦੇਣੇ ਹੁੰਦੇ ਹਨ, ਇਸ ਮਗਰੋਂ ਪਹਿਲਾਂ ਆਈ ਫਾਰਮ ਅਤੇ ਫੇਰ ਜੇ ਫਾਰਮ ਜਨਰੇਟ ਹੁੰਦਾ ਹੈ। ਜ਼ਿਲਾ ਮੰਡੀ ਅਫ਼ਸਰ ਨੇ ਦੱਸਿਆ ਕਿ ਕਿਸਾਨ ਹੈਲਪ ਡੈਸਕ ’ਤੇ ਅਕਾਊਂਟ ਰਜਿਸਟਰੇਸ਼ਨ ਤੋਂ ਇਲਾਵਾ ਕਿਸੇ ਵੀ ਤਰਾਂ ਦੀ ਅਦਾਇਗੀ ਸਬੰਧੀ ਮੁਸ਼ਕਲ ਆਦਿ ਬਾਰੇ ਵੀ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।
ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰਾਂ ਦੀ ਜ਼ਰੂਰਤ ਪੈਣ ’ਤੇ ਕਿਸਾਨ ਹੈਲਪ ਡੈਸਕ ’ਤੇ ਰਾਬਤਾ  ਬਣਾਉਣ।

Spread the love