ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪਟਿਆਲਾ

ਬਲਾਕ ਸੰਮਤੀ ਭੁਨਰਹੇੜੀ ਤੇ ਪੰਚਾਇਤ ਦੇਵੀਨਗਰ/ਸਵਾਏ ਸਿੰਘ ਵਾਲਾ ਨੂੰ ਮਿਲਿਆ ਦੀਨ ਦਿਆਲ ਉਪਾਧਿਆ ਪੰਚਾਇਤ ਸਸ਼ਕਤੀਕਰਨ ਪੁਰਸਕਾਰ
-ਕੌਮੀ ਪੰਚਾਇਤੀ ਰਾਜ ਦਿਵਸ ਮੌਕੇ ਕਰਵਾਏ ਵਰਚੂਅਲ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨੇ ਦਿੱਤਾ ਪੁਰਸਕਾਰ
-ਡਿਪਟੀ ਕਮਿਸ਼ਨਰ ਵੱਲੋਂ ਵਧਾਈ, ਇਸੇ ਤਰ੍ਹਾਂ ਉਸਾਰੂ ਕੰਮ ਕਰਨ ਲਈ ਕੀਤਾ ਪ੍ਰੇਰਿਤ
ਭੁਨਰਹੇੜੀ/ਪਟਿਆਲਾ, 24 ਅਪ੍ਰੈਲ:
ਭਾਰਤ ਸਰਕਾਰ ਦੇ ਪੰਚਾਇਤੀ ਰਾਜ ਮੰਤਰਾਲੇ ਨੇ ਬਲਾਕ ਸੰਮਤੀ ਭੁਨਰਹੇੜੀ ਅਤੇ ਪੰਚਾਇਤ ਦੇਵੀਨਗਰ/ਸਵਾਏ ਸਿੰਘ ਵਾਲਾ ਨੂੰ ਬਿਹਤਰ ਕਾਰਗੁਜ਼ਾਰੀ ਬਦਲੇ ਦੀਨ ਦਿਆਲ ਉਪਾਧਿਆ ਪੰਚਾਇਤ ਸਸ਼ਕਤੀਕਰਨ ਪੁਰਸਕਾਰ ਪ੍ਰਦਾਨ ਕੀਤਾ ਹੈ, ਅੱਜ ਕੌਮੀ ਪੰਚਾਇਤੀ ਰਾਜ ਦਿਵਸ ਮੌਕੇ ਹੋਏ ਵਰਚੂਅਲ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬਲਾਕ ਸੰਮਤੀ ਭੁਨਰਹੇੜੀ ਅਤੇ ਦੇਵੀਨਗਰ/ਸਵਾਏ ਸਿੰਘ ਵਾਲਾ ਦੀ ਪੰਚਾਇਤ ਨੂੰ ਇਹ ਪੁਰਸਕਾਰ ਪ੍ਰਦਾਨ ਕੀਤਾ ਗਿਆ।
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪਟਿਆਲਾ ਵਿਖੇ ਵਰਚੂਅਲ ਸਮਾਗਮ ‘ਚ ਸ਼ਿਰਕਤ ਕਰਨ ਪਹੁੰਚੇ ਬਲਾਕ ਸੰਮਤੀ ਭੁਨਰਹੇੜੀ ਤੇ ਪੰਚਾਇਤ ਦੇਵੀਨਗਰ/ਸਵਾਏ ਸਿੰਘ ਵਾਲਾ ਦੇ ਮੈਂਬਰਾਂ ਨੂੰ ਇਹ ਪੁਰਸਕਾਰ ਮਿਲਣ ‘ਤੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਵਧਾਈ ਦਿੱਤੀ ਅਤੇ ਕਿਹਾ ਕਿ ਪਿੰਡਾਂ ‘ਚ ਉਹ ਰਹੇ ਵਿਕਾਸ ਦੇ ਕੰਮਾਂ ਸਦਕਾ ਹੀ ਅਜਿਹੇ ਕੌਮੀ ਪੱਧਰ ਦੇ ਪੁਰਸਕਾਰ ਪ੍ਰਾਪਤ ਹੋ ਰਹੇ ਹਨ। ਉਨ੍ਹਾਂ ਸਮੂਹ ਮੈਂਬਰਾਂ ਨੂੰ ਭਵਿੱਖ ‘ਚ ਵੀ ਅਜਿਹੇ ਉਸਾਰੂ ਕੰਮ ਕਰਨ ਲਈ ਪ੍ਰੇਰਿਤ ਕੀਤਾ।
ਸਮਾਗਮ ਦੌਰਾਨ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸੁਰਿੰਦਰ ਸਿੰਘ ਢਿਲੋਂ ਨੇ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਦੀ ਅਗਵਾਈ ‘ਚ ਤੇਜ਼ੀ ਨਾਲ ਪਿੰਡਾਂ ਦਾ ਵਿਕਾਸ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਵੱਲੋਂ ਪੇਂਡੂ ਖੇਤਰਾਂ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਨੂੰ ਜਮੀਨੀ ਪੱਧਰ ‘ਤੇ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬਲਾਕ ਸੰਮਤੀ ਭੁਨਰਹੇੜੀ ਨੂੰ ਪੁਰਸਕਾਰ ਅਤੇ ਵਿਕਾਸ ਕਾਰਜਾਂ ਲੲਂ 25 ਲੱਖ ਰੁਪਏ ਦੀ ਰਾਸ਼ੀ ਪ੍ਰਾਪਤ ਹੋਵੇਗੀ ਅਤੇ ਪੰਚਾਇਤ ਦੇਵੀਨਗਰ/ਸਵਾਏ ਸਿੰਘ ਵਾਲਾ ਨੂੰ ਵੀ ਪੁਰਸਕਾਰ ਸਮੇਤ ਵਿਕਾਸ ਕਾਰਜਾਂ ਲਈ ਗ੍ਰਾਂਟ ਦਿੱਤੀ ਜਾਵੇਗੀ।
ਇਸ ਮੌਕੇ ਬਲਾਕ ਸੰਮਤੀ ਭੁਨਰਹੇੜੀ ਦੀ ਚੇਅਰਪਰਸਨ ਅਮ੍ਰਿਤਪਾਲ ਕੌਰ ਨੇ ਕਿਹਾ ਕਿ ਅਜਿਹੇ ਪੁਰਸਕਾਰ ਜਿਥੇ ਹੋਰ ਕੰਮ ਕਰਨ ਲਈ ਪ੍ਰੇਰਿਤ ਕਰਦੇ ਹਨ, ਉਥੇ ਹੀ ਇਲਾਕੇ ਦੀ ਪਹਿਚਾਣ ਕੌਮੀ ਪੱਧਰ ‘ਤੇ ਬਣਾਉਣ ‘ਚ ਸਹਾਈ ਹੁੰਦੇ ਹਨ। ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੰਦਿਆ ਕਿਹਾ ਕਿ ਅਜਿਹੇ ਪੁਰਸਕਾਰ ਸਾਰਿਆਂ ਦੇ ਯਤਨਾਂ ਅਤੇ ਸਹਿਯੋਗ ਨਾਲ ਹੀ ਪ੍ਰਾਪਤ ਹੁੰਦੇ ਹਨ।
ਸਮਾਗਮ ‘ਚ ਸਕੱਤਰ ਜ਼ਿਲ੍ਹਾ ਪ੍ਰੀਸ਼ਦ ਰੂਪ ਸਿੰਘ, ਬੀ.ਡੀ.ਪੀ.ਓ. ਭੁਨਰਹੇੜੀ ਸੁਖਵਿੰਦਰ ਸਿੰਘ ਟਿਵਾਣਾ, ਸਰਪੰਚ ਦੇਵੀਨਗਰ/ਸਵਾਏ ਸਿੰਘ ਵਾਲਾ ਨਿਰਮਲ ਕੌਰ, ਪੰਚਾਇਤ ਸਕੱਤਰ ਹਰਵਿੰਦਰ ਸਿੰਘ, ਕੁਲਦੀਪ ਸਿੰਘ, ਹਰਿੰਦਰਜੀਤ ਸਿੰਘ, ਪੰਚ ਮੇਹਰ ਸਿੰਘ, ਲਖਮੀਰ ਸਿੰਘ, ਚਰਨਜੀਤ ਸਿੰਘ, ਜਸਵੀਰ ਸਿੰਘ, ਗੁਰਜੀਤ ਸਿੰਘ, ਜਸਵੀਰ ਕੌਰ, ਪਰਮਿੰਦਰ ਕੌਰ, ਸੁਪਰਡੈਂਟ ਗੁਰਦੇਵ ਸਿੰਘ, ਹਰਲਾਲ ਸਿੰਘ, ਸਿਵਾਨੀ ਜਿੰਦਲ ਅਤੇ ਸੰਦੀਪ ਕੌਰ ਵੀ ਮੌਜੂਦ ਸਨ।
ਕੈਪਸ਼ਨ: ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਬਲਾਕ ਸੰਮਤੀ ਭੁਨਰਹੇੜੀ ਦੇ ਮੈਂਬਰਾਂ ਨੂੰ ਦੀਨ ਦਿਆਲ ਉਪਾਧਿਆ ਪੰਚਾਇਤ ਸਸ਼ਕਤੀਕਰਨ ਪੁਰਸਕਾਰ ਮਿਲਣ ‘ਤੇ ਸਨਮਾਨਤ ਕਰਦੇ ਹੋਏ।
ਕੈਪਸ਼ਨ: ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਪੰਚਾਇਤ ਦੇਵੀਨਗਰ/ਸਵਾਏ ਸਿੰਘ ਵਾਲਾ ਦੇ ਮੈਂਬਰਾਂ ਨੂੰ ਦੀਨ ਦਿਆਲ ਉਪਾਧਿਆ ਪੰਚਾਇਤ ਸਸ਼ਕਤੀਕਰਨ ਪੁਰਸਕਾਰ ਮਿਲਣ ‘ਤੇ ਸਨਮਾਨਤ ਕਰਦੇ ਹੋਏ।

Spread the love