ਕਣਕ ਦੀ ਫ਼ਸਲ ’ਤੇ 500 ਰੁਪਏ ਪ੍ਰਤੀ ਕੁਵਿੰਟਲ ਮੁਆਵਜਾ ਦਿੱਤਾ ਜਾਵੇ: ਕੁਲਤਾਰ ਸਿੰਘ ਸੰਧਵਾਂ

ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ’ਤੇ ਲੋਕਾਂ ਨੂੰ ਸਸਤੀ ਬਿਜਲੀ, ਪਾਣੀ ਸਮੇਤ ਹੋਰ ਸਹੂਲਤਾਂ ਦਿੱਤੀਆਂ ਜਾਣਗੀਆਂ: ਆਪ

ਸ੍ਰੀ ਮੁਕਤਸਰ ਸਾਹਿਬ, 24 ਅਪ੍ਰੈਲ
ਆਮ ਆਦਮੀ ਪਾਰਟੀ (ਆਪ) ਦੇ ਕਿਸਾਨ ਵਿੰਗ ਪੰਜਾਬ ਦੇ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕੇਂਦਰ ਅਤੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਸਾਨਾਂ ਨੂੰ ਕਣਕ ਦੀ ਫ਼ਸਲ ’ਤੇ 500 ਰੁਪਏ ਪ੍ਰਤੀ ਕੁਵਿੰਟਲ ਬੋਨਸ ਦਿੱਤਾ ਜਾਵੇ। ਸ਼ਨੀਵਾਰ ਨੂੰ  ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਕੁਦਰਤ ਦੀ ਕਰੋਪੀ ਕਾਰਨ ਕਣਕ ਦੇ ਝਾੜ ਵਿੱਚ 10 ਤੋਂ 15 ਮਣ ਕਮੀ ਆਈ ਹੈ, ਜਿਸ ਨਾਲ ਕਿਸਾਨਾਂ ਨੂੰ ਪ੍ਰਤੀ ਏਕੜ 8 ਤੋਂ 12 ਹਜ਼ਾਰ ਰੁਪਏ ਦਾ ਆਰਥਿਕ ਨੁਕਸਾਨ ਹੋਇਆ ਹੈ। ਇਸ ਲਈ ਹੁਣ ਕੇਂਦਰ ਦੀ ਨਰੇਂਦਰ ਮੋਦੀ  ਅਤੇ ਪੰਜਾਬ ਦੀ ਕੈਪਟਨ ਸਰਕਾਰ ਨੂੰ ਕਿਸਾਨਾਂ ਦੀ ਬਾਂਹ ਫੜ੍ਹਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬੇਹਤਰ ਹੋਵੇਗਾ ਜੇ ਪੰਜਾਬ ਅਤੇ ਕੇਂਦਰ ਸਰਕਾਰਾਂ 250 …250 ਰੁਪਏ ਪ੍ਰਤੀ ਕੁਵਿੰਟਲ ਮੁਆਵਜੇ ਦੇ ਰੂਪ ਵਿੱਚ ਦੇਣ, ਪ੍ਰੰਤੂ ਜੇ ਕੇਂਦਰ ਸਰਕਾਰ ਨਹੀਂ ਦਿੰਦੀ ਤਾਂ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਬਲਬੂਤੇ ਕਿਸਾਨਾਂ ਨੂੰ ਪ੍ਰਤੀ ਕੁਵਿੰਟਲ 500 ਰੁਪਏ ਬੋਨਸ ਦੇਵੇ।
ਪੰਜਾਬ ਦੀਆਂ ਮੰਡੀਆਂ ਵਿੱਚ ਬਾਰਦਾਨੇ ਦੀ ਪਾਈ ਜਾ ਰਹੀ ਘਾਟ ਨੂੰ ਇੱਕ ਵੱਡਾ ਘੁਟਾਲਾ ਕਰਾਰ ਦਿੰਦਿਆਂ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ 20 ਰੁਪਏ ’ਚ ਮਿਲਣ ਵਾਲਾ ਇੱਕ ਥੈਲਾ ਹੁਣ 45 ਰੁਪਏ ਵਿੱਚ ਖ਼ਰੀਦਿਆ ਜਾ ਰਿਹਾ ਹੈ। ਜਿਹੜੇ ਬਾਰਦਾਨੇ ਅਤੇ ਹੋਰ ਮੰਡੀ ਦੀਆਂ ਲੋੜੀਂਦੀਆਂ ਵਸਤਾਂ ਦਾ ਪ੍ਰਬੰਧ ਤਿੰਨ ਮਹੀਨੇ ਪਹਿਲਾਂ ਕਰਨਾ ਚਾਹੀਦਾ ਸੀ, ਉਹ ਸਰਕਾਰ ਨੇ ਨਹੀਂ ਕੀਤਾ ਅਤੇ ਮਹਿੰਗਾ ਬਾਰਦਾਨਾ ਖ਼ਰੀਦਣ ਵਿੱਚ ਵੱਡਾ ਘੁਟਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਆਉਂਦੀਆਂ ਵਿਧਾਨ ਸਭਾ ਚੋਣਾ ਪੰਜਾਬ ਨੂੰ ਬਚਾਉਣ ਲਈ ਲੜੇਗੀ। ਇੱਥੇ ਕੈਪਟਨ ਅਤੇ ਬਾਦਲ ਦੋਵੇਂ ਮਿਲ ਕੇ ਪੰਜਾਬ ਨੂੰ ਲੁਟਣ ਵਿੱਚ ਲੱਗੇ ਹੋਏ ਹਨ ਕਿਉਂਕਿ ਪਹਿਲਾਂ ਦੀ ਤਰ੍ਹਾਂ ਹੀ ਨਸ਼ਾ ਮਾਫ਼ੀਆ, ਰੇਤ ਮਾਫ਼ੀਆ, ਟਰਾਂਸਪੋਰਟ ਮਾਫ਼ੀਆ, ਕੇਬਲ ਮਾਫ਼ੀਆ ਅਤੇ ਸ਼ਰਾਬ ਮਾਫ਼ੀਆ ਹੀ ਪੰਜਾਬ ਦੇ ਲੋਕਾਂ ਨੂੰ ਲੁਟ ਰਿਹਾ ਹੈ। ਅੱਜ ਵੀ ਮਾਪਿਆਂ ਨੂੰ ਬੱਚਿਆਂ ਦੀ ਪੜ੍ਹਾਈ ਦੀ ਥਾਂ ਇਹ ਚਿੰਤਾ ਜ਼ਿਆਦਾ ਰਹਿੰਦੀ ਹੈ ਕਿ ਉਨ੍ਹਾਂ ਦੇ ਬੱਚੇ ਚਿੱਟੇ ਦੇ ਨਸ਼ੇ ’ਤੇ ਨਾ ਲੱਗ ਜਾਣ, ਇਸ ਲਈ ਉਹ ਆਪਣੀ ਜਾਇਦਾਦ ਵੇਚ ਕੇ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਤਤਪਰ ਰਹਿੰਦੇ ਹਨ। ਸੰਧਵਾਂ ਨੇ ਕਿਹਾ ਕਿ ਇਹ ਬਾਦਲ ਅਤੇ ਕੈਪਟਨ ਦੀ ਮਿਲੀਭੁਗਤ ਦਾ ਹੀ ਨਤੀਜਾ ਹੈ ਕਿ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੀ ਜਾਂਚ ਕਮੇਟੀ ਦੀ ਰਿਪੋਰਟ ਅਦਾਲਤ ਵੱਲੋਂ ਖ਼ਾਰਜ ਕਰ ਦਿੱਤੀ ਹੈ, ਜਿਸ ਦੇ ਲਈ ਕੈਪਟਨ ਦਾ ਐਡਵੋਕੇਟ ਜਨਰਲ ਅਤੁੱਲ ਨੰਦਾ ਜ਼ਿੰਮੇਵਾਰੀ ਹੈ। ਉਨ੍ਹਾਂ ਜਾਂਚ ਕਮੇਟੀ ਦੀ ਰਿਪੋਰਟ ’ਤੇ ਸਵਾਲ ਚੁੱਕਣ ਵਾਲਿਆਂ ਨੂੰ ਪੁਛਿਆ ਕਿ ਕੀ ਸੰਗਤਾਂ ’ਤੇ ਪੁਲੀਸ ਨੇ ਗੋਲੀਆਂ ਨਹੀਂ ਚਲਾਈਆਂ? ਕੀ ਦੋ ਸਿੰਘਾਂ ਦੀ ਮੌਤ ਨਹੀਂ ਹੋਈ? ਸੰਧਵਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਤਾਂ ਜੋ ਲੋਕਾਂ ਦਿੱਲੀ ਦੀ ਤਰ੍ਹਾਂ ਸਸਤੀ ਬਿਜਲੀ, ਪਾਣੀ ਸਮੇਤ ਹੋਰ ਸਹੂਲਤਾਂ ਪ੍ਰਦਾਨ ਕਰ ਸਕਣ।

Spread the love