ਪਟਿਆਲਾ ਜ਼ਿਲ੍ਹੇ ‘ਚ ਇਸ ਸਾਲ ਕਣਕ ਦਾ ਝਾੜ ਰਹੇਗਾ ਜ਼ਿਆਦਾ : ਮੁੱਖ ਖੇਤੀਬਾੜੀ ਅਫ਼ਸਰ

-ਪਿਛਲੇ ਸਾਲ ਨਾਲੋਂ 2.8 ਫ਼ੀਸਦੀ ਝਾੜ ਵਧਣ ਦਾ ਅਨੁਮਾਨ
-ਪਿਛਲੇ ਸਾਲ ਨਾਲੋਂ ਇਸ ਸਾਲ ਹੁਣ ਤੱਕ 3 ਲੱਖ 16 ਹਜ਼ਾਰ ਮੀਟਰਿਕ ਟਨ ਕਣਕ ਜ਼ਿਆਦਾ ਮੰਡੀਆਂ ‘ਚ ਪੁੱਜੀ
ਪਟਿਆਲਾ, 26 ਅਪ੍ਰੈਲ:
ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ ‘ਚ ਇਸ ਸਾਲ ਕਣਕ ਦੀ ਆਮਦ ਪਿਛਲੇ ਸਾਲ ਦੇ ਮੁਕਾਬਲੇ ਤੇਜ਼ੀ ਨਾਲ ਹੋਈ ਹੈ, ਪਿਛਲੇ ਸਾਲ 25 ਅਪ੍ਰੈਲ ਤੱਕ ਮੰਡੀਆਂ ‘ਚ 471882 ਮੀਟਰਿਕ ਟਨ ਕਣਕ ਪੁੱਜੀ ਸੀ ਅਤੇ ਇਸ ਸਾਲ ਹੁਣ ਤੱਕ 788080 ਮੀਟਰਿਕ ਟਨ ਕਣਕ ਮੰਡੀਆਂ ‘ਚ ਪੁੱਜ ਚੁੱਕੀ ਹੈ ਜੋ ਕਿ ਪਿਛਲੇ ਸਾਲ ਨਾਲੋਂ 3 ਲੱਖ 16 ਹਜ਼ਾਰ 198 ਮੀਟਰਿਕ ਟਨ ਜ਼ਿਆਦਾ ਹੈ। ਜ਼ਿਕਰਯੋਗ ਹੈ ਕਿ ਭਾਵੇਂ ਪਿਛਲੇ ਸਾਲ ਕਣਕ ਦੀ ਖ਼ਰੀਦ ਕੋਵਿਡ ਕਾਰਨ ਇਸ ਸਾਲ ਨਾਲੋਂ 5 ਦਿਨ (15 ਅਪ੍ਰੈਲ) ਦੇਰੀ ਨਾਲ ਸ਼ੁਰੂ ਹੋਈ ਸੀ ਪਰ ਮੰਡੀਆਂ ‘ਚ ਕਣਕ ਦੀ ਆਮਦ ਇਸ ਸਾਲ ਨਾਲੋਂ ਘੱਟ ਰਹੀ ਸੀ।
ਕਣਕ ਦੀ ਵੱਧ ਆਮਦ ਦੇ ਤਕਨੀਕੀ ਵੇਰਵੇ ਦਿੰਦਿਆ ਮੁੱਖ ਖੇਤੀਬਾੜੀ ਅਫ਼ਸਰ ਜਸਵਿੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਸਾਲ ਵਿਭਾਗ ਵੱਲੋਂ ਕੀਤੇ ਗਏ ਫ਼ਸਲ ਕਟਾਈ ਤਜਰਬੇ ਦੇ 156 ਸੈਂਪਲ ਲਏ ਗਏ ਹਨ ਤੇ ਜਿਨ੍ਹਾਂ ਵਿਚੋਂ 95 ਦੇ ਨਤੀਜੇ ਪ੍ਰਾਪਤ ਹੋ ਹਨ, ਜਿਸ ਅਨੁਸਾਰ ਇਸ ਵਾਰ 2.8 ਫ਼ੀਸਦੀ ਕਣਕ ਦਾ ਝਾੜ ਵੱਧ ਨਿਕਲਣ ਦਾ ਅਨੁਮਾਨ ਹੈ ਤੇ ਪਿਛਲੀ ਵਾਰ ਦੇ 835753 ਮੀਟਰਿਕ ਟਨ ਦੇ ਮੁਕਾਬਲੇ ਇਸ ਵਾਰ ਸਾਢੇ ਅੱਠ ਲੱਖ ਮੀਟਰਿਕ ਟਨ ਕਣਕ ਦੀ ਆਮਦ ਮੰਡੀਆਂ ‘ਚ ਵੱਧ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ 4777 ਕਿਲੋਗਰਾਮ ਪ੍ਰਤੀ ਹੈਕਟੇਅਰ ਝਾੜ ਰਿਹਾ ਸੀ ਅਤੇ ਇਸ ਵਾਰ ਇਹ ਝਾੜ 4913 ਕਿਲੋਗਰਾਮ ਪ੍ਰਤੀ ਹੈਕਟੇਅਰ ਰਹਿਣ ਦੀ ਸੰਭਾਵਨਾ ਹੈ। ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਇਸ ਸਾਲ ਝਾੜ ਦੇ ਵੱਧਣ ਦਾ ਮੁੱਖ ਕਾਰਨ ਚੰਗਾ ਮੌਸਮ ਵੀ ਹੈ।
ਮੰਡੀਆਂ ‘ਚ ਕਣਕ ਦੀ ਹੋ ਰਹੀ ਭਰਵੀਂ ਆਮਦ ਸਬੰਧੀ ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰ ਹਰਸ਼ਰਨਜੀਤ ਸਿੰਘ ਨੇ ਦੱਸਿਆ ਕਿ ਇਸ ਸਾਲ ਕੋਵਿਡ ਕਾਰਨ 10 ਅਪ੍ਰੈਲ ਤੋਂ ਖ਼ਰੀਦ ਸ਼ੁਰੂ ਕੀਤੀ ਗਈ ਸੀ ਅਤੇ ਪਹਿਲੇ ਦਿਨ ਤੋਂ ਹੀ ਮੰਡੀਆਂ ‘ਚ ਕਣਕ ਦੀ ਆਮਦ ਇਸ ਵਾਰ ਤੇਜ਼ ਰਹੀ ਹੈ ਅਤੇ 15 ਦਿਨਾਂ ਦੇ ਅੰਦਰ ਹੀ ਸੰਭਾਵਤ ਆਮਦ ਦੀ 93 ਫ਼ੀਸਦੀ ਕਣਕ ਮੰਡੀਆਂ ‘ਚ ਪੁੱਜ ਚੁੱਕੀ ਹੈ ਅਤੇ ਹਾਲੇ ਵੀ ਰੋਜ਼ਾਨਾ ਔਸਤਨ 30 ਹਜ਼ਾਰ ਮੀਟਰਿਕ ਟਨ ਦੇ ਨੇੜੇ ਕਣਕ ਮੰਡੀਆਂ ‘ਚ ਪੁੱਜ ਰਹੀ ਹੈ।

Spread the love