ਜ਼ਿਲ੍ਹੇ ’ਚ ਕੋਵਿਡ ਸਬੰਧੀ ਦਵਾਈਆਂ ਅਤੇ ਆਕਸੀਜਨ ਦੀ ਕੋਈ ਕਮੀ ਨਹੀਂ, ਸਪਲਾਈ ਅਤੇ ਵਿਤਰਣ ’ਤੇ ਰਹੀ ਹੈ ਜ਼ਿਲ੍ਹਾ ਪੱਧਰੀ ਟੀਮ : ਅਪਨੀਤ ਰਿਆਤ

ਡਿਪਟੀ ਕਮਿਸ਼ਨਰ ਨੇ ਹਫ਼ਤਾਵਰੀ ਫੇਸਬੁੱਕ ਲਾਈਵ ਦੌਰਾਨ ਜ਼ਿਲ੍ਹੇ ਦੀ ਮੌਜੂਦਾ ਸਥਿਤੀਅਤੇ ਸਰਕਾਰੀ ਪਾਬੰਦੀਆਂ ਦੇ ਬਾਰੇ ’ਚ ਸਥਿਤੀ ਕੀਤੀ ਸਪੱਸ਼ਟ
30 ਅਪ੍ਰੈਲ ਤੱਕ ਸਬੰਧਤ ਐਸ.ਡੀ.ਐਮਜ਼ ਨਾਲ ਕਰਫਿਊ ਪਾਸ ਲੈ ਕੇ ਰਾਤ 9 ਵਜੇ ਤੱਕ ਵਿਆਹ ਦੀਆਂ ਰਸਮਾਂ ਕੀਤੀਆਂ ਜਾ ਸਕਦੀਆਂ ਹਨ ਪੂਰੀਆਂ, ਵਿਆਹ ਸਬੰਧੀ ਨਵੇਂ ਦਿਸ਼ਾ ਨਿਰਦੇਸ਼ ਜਾਰੀ
1 ਮਈ ਤੋਂ ਵਿਆਹ ਸਮਾਗਮ ਨਿਰਧਾਰਤ ਕੀਤੀ ਗਈ ਗਿਣਤੀ ਦੇ ਅਨੁਸਾਰ ਸ਼ਾਮ 5 ਵਜੇ ਤੱਕ ਸੰਪਨ ਕਰਨ ਦੇ ਨਿਰਦੇਸ਼, ਹਫ਼ਤਾਵਰੀ ਕਰਫਿਊ ਦੇ ਦੌਰਾਨ ਵਿਆਹ ਸਮਾਗਮ ’ਤੇ ਰਹੇਗੀ ਪਾਬੰਦੀ
ਕੋਵਿਡ ਸਬੰਧੀ ਦਵਾਈਆਂ, ਆਕਸੀਜਨ ਸਿਲੰਡਰ ਅਤੇ ਹੋਰ ਸਮੱਗਰੀ ਦੀ ਜਮ੍ਹਾਂਖੋਰੀ ਅਤੇ ਕਾਲਾ ਵਾਜਾਰੀ ਕਰਨ ਵਾਲਿਆਂ ਖਿਲਾਫ ਕੀਤੀ ਜਾਵੇਗੀ ਸਖ਼ਤ ਕਾਰਵਾਈ
ਹੁਣ ਤੱਕ ਢਾਈ ਲੱਖ ਤੋਂ ਵੱਧ ਲਾਭਪਾਤਰੀਆਂ ਦੀ ਹੋ ਚੁੱਕੀ ਹੈ ਵੈਕਸੀਨੇਸ਼ਨ, 1 ਮਈ ਤੋਂ 18 ਸਾਲ ਤੋਂ ਵੱਧ ਉਮਰ ਵਰਗ ਦੇ ਲਾਭਪਾਤਰੀ ਰਜਿਸਟਰਡ ਹੋ ਕੇ ਵੈਕਸੀਨੇਸ਼ਨ ਕਰਵਾ ਸਕਣਗੇ
ਹੁਸ਼ਿਆਰਪੁਰ, 28 ਅਪ੍ਰੈਲ :
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਕੋਵਿਡ ਦੇ ਇਲਾਜ ਸਬੰਧੀ ਸਾਰੀਆਂ ਜ਼ਰੂਰੀ ਵਿਵਸਥਾਵਾਂ ਪੂਰੀਆਂ ਹਨ ਅਤੇ ਫਿਲਹਾਲ ਕਿਸੇ ਚੀਜ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਕਿਹਾ ਕਿ ਕੋਵਿਡ ਦੇ ਇਲਾਜ ਸਬੰਧੀ ਲੈਵਲ ਦੋ ਅਤੇ ਲੈਵਲ ਤਿੰਨ ਦੇ ਬੈਡਸ ਤੋਂ ਇਲਾਵਾ ਦਵਾਈਆਂ, ਆਕਸੀਜਨ ਅਤੇ ਹੋਰ ਜ਼ਰੂਰੀ ਸਮੱਗਰੀ ਨੂੰ ਲੈ ਕੇ ਜ਼ਿਲ੍ਹੇ ਵਿੱਚ ਕੋਈ ਕਮੀ ਨਹੀਂ ਹੈ ਅਤੇ ਨਾ ਹੀ ਆਉਣ ਦਿੱਤੀ ਜਾਵੇਗੀ। ਉਹ ਅੱਜ ਆਪਣੇ ਹਫ਼ਤਾਵਰੀ ਫੇਸਬੁੱਕ ਲਾਈਵ ਸੈਸ਼ਨ ਦੋਰਾਨ ਜ਼ਿਲ੍ਹਾ ਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਕੋਵਿਡ ਸਬੰਧੀ ਜ਼ਿਲ੍ਹੇ ਦੀ ਤਾਜ਼ਾ ਸਥਿਤੀ ਦੇ ਬਾਰੇ ਵਿੱਚ ਜਾਣਕਾਰੀ ਤੋਂ ਇਲਾਵਾ ਜ਼ਿਲ੍ਹੇ ਵਿੱਚ  ਲਗਾਈਆਂ ਗਈਆਂ ਪਾਬੰਦੀਆਂ ਦੇ ਬਾਰੇ ਵਿੱਚ ਲੋਕਾਂ ਦੀ ਗਲਤ ਫੈਮੀਆਂ ਨੂੰ ਵੀ ਦੂਰ ਕੀਤਾ।
ਜ਼ਿਲ੍ਹੇ ਵਿੱਚ ਕੋਵਿਡ ਦੇ ਵੱਧ ਰਹੇ ਫੈਲਾਅ ਨੂੰ ਰੋਕਣ ਦੇ ਲਈ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਨੇ ਵਿਆਹ ਸਬੰਧੀ ਨਵੇਂ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਹਨ। ਨਵੇਂ ਹੁਕਮਾਂ ਮੁਤਾਬਿਕ ਜ਼ਿਲ੍ਹਾ ਨੇ ਪਹਿਲਾਂ ਤੋਂ ਵਿਆਹ ਨਿਰਧਾਰਿਤ ਕੀਤੇ ਹੋਏ ਹਨ ਉਹ 30 ਅਪ੍ਰੈਲ 2021 ਰਾਤ ਦਾ ਵਿਆਹ ਕਰ ਸਕਦੇ ਹਨ ਪਰ ਇਸ ਤਰ੍ਹਾਂ ਦੇ ਵਿਆਹ ਵਿੱਚ 20 ਤੋਂ ਵੱਧ ਲੋਕ ਇਕੱਠੇ ਨਹੀਂ ਹੋ ਸਕਣਗੇ ਅਤੇ ਵਿਆਹ ਦੀਆਂ ਸਾਰੀਆਂ ਰਸਮਾਂ ਰਾਤ 9 ਵਜੇ ਤੋਂ ਪਹਿਲਾ ਪੂਰੀਆਂ ਕਰਨੀਆਂ ਹੋਣਗੀਆਂ। ਇਸ ਲਈ ਸਾਰਿਆਂ ਨੂੰ ਇਲਾਕੇ ਦੇ ਐਸ.ਡੀ.ਐਮ ਦਫ਼ਤਰ ਤੋਂ ਕਰਫਿਊ ਪਾਸ ਵੀ ਲੈਣਾ ਜ਼ਰੂਰੀ ਹੋਵੇਗਾ। 30 ਅਪ੍ਰੈਲ ਤੋਂ ਬਾਅਦ ਰਾਤ ਦੇ ਸਮੇਂ ਵਿਆਹ ਦੀ ਆਗਿਆ ਬਿਲਕੁਲ ਨਹੀਂ ਹੋਵੇਗੀ। ਇਕ ਮਈ ਜਾਂ ਉਸ ਤੋਂ ਬਾਅਦ ਜੇਕਰ ਕਿਸੇ ਨੇ ਕਿਤੇ ਮੈਰਿਜ ਪੈਲੇਸ ਜਾਂ ਕਿਤੇ ਹੋਰ ਵਿਆਹ ਨਿਰਧਾਰਤ ਕੀਤਾ ਹੈ ਤਾਂ ਉਸ ਨੂੰ ਸ਼ਾਮ 5 ਵਜੇ ਤੋਂ ਪਹਿਲਾਂ ਸਾਰੀਆਂ ਰਸਮਾਂ ਪੂਰੀਆਂ ਕਰਨੀਆਂ ਹੋਣਗੀਆਂ। ਇਸ ਤੋਂ ਇਲਾਵਾ ਹਫ਼ਤਾਵਰੀ ਕਰਫਿਊ ਦੇ ਦੌਰਾਨ ਵਿਆਹ ਸਮਾਗਮ ਦੀ ਆਗਿਆ ਨਹੀਂ ਹੋਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਕੋਵਿਡ ਪ੍ਰੋਟੋਕਾਲ ਦਾ ਸਖਤੀ ਨਾਲ ਪਾਲਣ ਕਰਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਇਸ ਸਮੇਂ ਕੋਵਿਡ ਮਰੀਜ਼ਾਂ ਦੇ ਇਲਾਜ ਦੇ ਲਈ ਲੈਵਲ ਦੋ ਦੇ 150 ਅਤੇ ਲੈਵਲ ਤਿੰਨ ਦੇ 25 ਬੈਡ ਹਨ।  ਉਨ੍ਹਾਂ ਕਿਹਾ ਕਿ 30 ਅਪ੍ਰੈਲ ਤੋਂ ਸ਼ਿਵਮ ਹਸਪਤਾਲ ਹੁਸ਼ਿਆਰਪੁਰ ਵਿੱਚ ਲੈਵਲ ਦੋ ਦੇ ਲਈ 23 ਬੈਡਸ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਜ਼ਿਲ੍ਹੇ ਵਿੱਚ ਲੈਵਲ 2 ਦੇ ਬੈਡਾਂ ਦੀ ਗਿਣਤੀ ਵੱਧ ਕੇ 173 ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਬੈਡਾਂ ਦੀ ਗਿਣਤੀ ਦੇ ਬਾਰੇ ਵਿੱਚ ਰੋਜ਼ਾਨਾ ਜ਼ਿਲ੍ਹਾਲੋਕ ਸੰਪਰਕ ਦਫ਼ਤਰ ਦੇ ਫੇਸਬੁੱਕ ਪੇਜ, ਟਵੀਟਰ ’ਤੇ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਕਿਸ ਹਸਪਤਾਲ ਵਿੱਚ ਕਿਨੇ ਬੈਡ ਖਾਲੀ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਕੋਵਿਡ ਸਬੰਧੀ ਦਵਾਈਆਂ, ਸਮੱਗਰੀ ਅਤੇ ਆਕਸੀਜਨ ਦੀ ਸਪਲਾਈ ਅਤੇ ਵੰਡ ਦੀ ਨਿਗਰਾਨੀ ਦੇ ਲਈ ਜ਼ਿਲ੍ਹਾ ਪੱਧਰ ’ਤੇ ਟੀਮਾਂ ਬਣਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕੋਵਿਡ ਇਲਾਜ ਸਬੰਧੀ ਇਜੈਕਸ਼ਨ ਰੈਮਡੇਸਿਵਰ ਦੀ ਕਮੀ ਨੂੰ ਦੇਖਦੇ ਹੋਏ ਟੀਮ ਬਣਾਈ ਗਈ ਹੈ ਜੋ ਕਿ ਕੈਮਿਸਟ ਅਤੇ ਹਸਪਤਾਲਾਂ ਦੇ ਕੋਲ ਇਸਦੀ ਉਪਲਬੱਤਾ ਅਤੇ ਸਪਲਾਈ ਨੂੰ ਮਾਨਿਟਰ ਕਰੇਗੀ ਤਾਂ ਜੋ ਇਸਦੀ ਜਮ੍ਹਾਂਖੋਰੀ ਅਤੇ ਕਾਲਾ ਵਾਜਾਰੀ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਕੋਵਿਡ ਇਲਾਜ ਸਬੰਧੀ ਸਮੱਗਰੀ ਦੀ ਜਮ੍ਹਾਂਖੋਰੀ ਅਤੇ ਕਾਲਾਵਾਜਾਰੀ ਕਰਦਾ ਪਾਇਆ ਗਿਆ ਤਾਂ ਉਸਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਅਪਨੀਤ ਰਿਆਤ ਨੇ ਇਸ ਦੌਰਾਨ ਜਾਰੀ ਕੀਤੀਆਂ ਗਈਆਂ ਪਾਬੰਦੀਆਂ  ਦੇ ਬਾਰੇ ਵਿੱਚ ਵਿਸਥਾਰ ਨਾਲ ਦੱਸਦਿਆਂ ਲੋਕਾਂ ਦੀਆਂ ਗਲਤ ਫੈਮੀਆਂ ਨੂੰ ਵੀ ਦੂਰ ਕੀਤਾ।  ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਸਾਰੀਆਂ ਦੁਕਾਨਾਂ, ਮਾਲਸ, ਬਾਰ, ਹੋਟਲ, ਰੈਸਟੋਰੈਂਟ ਸੋਮਵਾਰ ਤੋਂ ਸ਼ੁੱਕਰਵਾਰ ਰੋਜ ਸ਼ਾਮ 5 ਵਜੇ ਤੱਕ ਹੀ ਖੁੱਲ੍ਹਣਗੇ ਜਦਕਿ ਇਹ ਦੁਕਾਨਾਂ ਰਾਤ 9 ਵਜੇ ਤੱਕ ਹੋਮ ਡਿਲੀਵਰੀ ਕਰ ਸਕਦੀਆਂ ਹਨ। ਉਨ੍ਹਾਂ ਜ਼ਿਲ੍ਹੇ ਵਿੱਚ ਕੋਵਿਡ-19 ਦੇ ਚੱਲਦੇ ਰਾਤ ਦਾ ਕਰਫਿਊ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਲੱਗੇਗਾ ਅਤੇ ਇਸ ਦੌਰਾਨ ਜ਼ਿਲ੍ਹੇ ਦੀਆਂ ਹੱਦਾਂ ਵਿੱਚ ਗੈਰ ਜ਼ਰੂਰੀ ਯਾਤਾਯਾਤ ਅਤੇ ਵਿਅਕਤੀਗਤ ਗਤੀਵਿਧੀਆਂ ਬੰਦ ਰਹਿਣਗੀਆਂ। ਉਨ੍ਹਾਂ ਕਿਹਾ ਕਿ ਹਫ਼ਤਾਵਰੀ ਕਰਫਿਊ ਸ਼ਨੀਵਾਰ ਸਵੇਰੇ 5 ਵਜੇ ਤੋਂ ਸ਼ਾਮ 5 ਵਜੇ ਤੱਕ ਰਹੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਪਾਬੰਦੀਆਂ ਦੌਰਾਨ ਸਾਰੀਆਂ ਗੈਰ ਜ਼ਰੂਰੀ ਗਤੀਵਿਧੀਆਂ ਬੰਦ ਰਹਿਣਗੀਆਂ ਜਦਕਿ ਕੋਵਿਡ ਸਿਹਤ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਜ਼ਰੂਰੀ ਵਸਤੂਆਂ ਦੀਆਂ ਦੁਕਾਨਾਂ ਜਿਵੇਂ ਦੁੱਧ, ਡੇਅਰੀ ਉਤਪਾਦ, ਸਬਜੀ, ਫਲ, ਪੋਲੇਟਰੀ, ਮੀਟ ਸ਼ਾਪ ਸੋਮਵਾਰ ਤੋਂ ਸ਼ੁੱਕਰਵਾਰ ਰਾਤ ਅੱਠ ਵਜੇ ਤੱਕ ਖੁੱਲ ਸਕਣਗੇ। ਉਨ੍ਹਾਂ ਕਿਹਾ ਕਿ ਹਫ਼ਤਾਵਰੀ ਕਰਫਿਊ ਦੇ ਦੌਰਾਨ ਸਿਰਫ ਹਸਪਤਾਲ ਅਤੇ ਕੈਮਿਸਟ ਦੀਆਂ ਦੁਕਾਨਾਂ ਹੀ ਖੁੱਲਣਗੀਆਂ। ਇਸ ਲਈ ਲੋਕ ਪਹਿਲਾਂ ਤੋ ਹੀ ਇਸਦੀ ਤਿਆਰੀ ਕਰ ਲੈਣ। ਉਨ੍ਹਾਂ ਸਪੱਸ਼ਟ ਕਰਦਿਆਂ ਕਿਹਾ ਕਿ ਕਰਿਆਨੇ ਨਾਲ ਜੁੜੀਆਂ ਦੁਕਾਨਾਂ ਸੋਮਵਾਰ ਤੋਂ ਸ਼ੁੱਕਰਵਾਰ ਸਿਰਫ 5 ਵਜੇ ਤੱਕ ਹੀ ਖੁੱਲਣਗੀਆਂ ਅਤੇ ਹਫ਼ਤਾਵਰੀ ਕਰਫਿਊ ਵਿੱਚ ਇਹ ਦੁਕਾਨਾਂ ਵੀ ਬੰਦ ਰਹਿਦਗੀਆਂ। ਉਨ੍ਹਾਂ ਕਿਹਾ ਕਿ ਹਫ਼ਤੇ ਦੇ 7 ਦਿਨ ਨਿਰਮਾਣ ਉਦਯੋਗ ਅਤੇ ਇਸ ਵਿੱਚ ਕੰਮ ਕਰਨ ਵਾਲੇ ਕਰਮਚਾਰੀ, ਲੇਬਰ, ਵਾਹਨਾਂ ਜਿਨ੍ਹਾਂ ਦੇ ਕੋਲ ਪਾਸ ਸਬੰਧਤ ਉਦਯੋਗ ਦਾ ਪੱਤਰ ਹੋਵੇ ਤੋਂ ਇਲਾਵਾ ਰੇਲ, ਹਵਾਈ ਜਹਾਜ ਅਤੇ ਬੱਸਾਂ ਤੋਂ ਆਉਣ ਜਾਣ ਵਾਲੇ ਯਾਤਰੀਆਂ ਨੂੰ ਛੋਟ ਰਹੇਗੀ। ਸ਼ਹਿਰਾਂ ਅਤੇ ਪਿੰਡਾਂ ਵਿੱਚ ਕੰਸਟਰੱਕਸ਼ਲ ਗਤੀਵਿਧੀਆਂ, ਖੇਤੀਬਾੜੀ, ਅਨਾਜ ਦੀ ਖਰੀਦ, ਬਾਗਬਾਨੀ, ਪਸ਼ੂ ਪਾਲਣ ਅਤੇ ਪਸ਼ੂ ਚਿਕਿਤਸਾ, ਈ-ਕਾਮਰਸ ਗਤੀਵਿਧੀ ਅਤੇ ਸਮਾਨ ਦੀ ਮੂਵਮੈਂਟ, ਵੈਕਸੀਨੇਸ਼ਨ ਆਊਟ ਰਿਚ ਕੈਂਪ ਆਦਿ ਨੂੰ ਵੀ ਛੋਟ ਰਹੇਗੀ। ਇਸ ਤੋਂ ਇਲਾਵਾ ਮੰਡੀਆਂ ਵਿੱਚ ਕਣਕ ਦੀ ਸਰਕਾਰੀ ਖਰੀਦੇ ਦੇ ਚੱਲਦੇ ਪੈਟਰੋਲ ਪੰਪਾਂ ਨੂੰ ਵੀ ਛੋਟ ਰਹੇਗੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹਰ ਤਰ੍ਹਾਂ ਦੇ ਸਮਾਜਿਕ ਇਕੱਠ ਵਿੱਚ 20 ਤੋਂ ਵੱਧ ਲੋਕ ਸ਼ਾਮਲ ਨਹੀਂ ਹੋ ਸਕਦੇ ਚਾਹੇ ਉਹ ਅੰਤਿਮ ਸੰਸਕਾਰ ਹੋ ਜਾਂ ਵਿਆਹ ਸਮਾਗਮ। ਉਨ੍ਹਾਂ ਕਿਹਾ ਕਿ ਵਿਆਹ ਸਮਾਗਮ ਨੂੰ ਲੈ ਕੇ ਸਬੰਧਤ ਐਸ.ਡੀ.ਐਮਜ਼ ਤੋਂ ਪਹਿਲਾਂ ਆਗਿਆ ਲੈਣਾ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ ਢਾਈ ਲੱਖ ਤੋਂ ਵੱਧ ਲਾਭਪਾਤਰੀਆਂ ਦੀ ਵੈਕਸੀਨੇਸ਼ਨ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਕ ਮਈ ਤੋਂ 18 ਤੋਂ 45 ਸਾਲ ਵਰਗ ਦੇ ਲਾਭਪਾਤਰੀ ਵੀ ਵੈਕਸੀਨੇਸ਼ਨ ਕਰਵਾ ਸਕਦੇ ਹਨ, ਇਸ ਤੋਂ ਇਲਾਵਾ ਉਨ੍ਹਾਂ ਕੋਵਿਡ ਪੋਰਟਲ ’ਤੇ ਰਜਿਸਟਰਡ ਹੋਣਾ ਜ਼ਰੂਰੀ ਹੈ ਰਜਿਸਟਰੇਸ਼ਨ ਤੋਂ ਬਾਅਦ ਹੀ ਉਨ੍ਹਾਂ ਦੀ ਵੈਕਸੀਨੇਸ਼ਨ ਕੀਤੀ ਜਾਵੇਗੀ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਸਾਰੇ ਯੋਗ ਲਾਭਪਾਤਰੀ ਆਪਣੀ ਵੈਕਸੀਨੇਸ਼ਨ ਜ਼ਰੂਰ ਕਰਵਾਉਣ। ਉਨ੍ਹਾਂ ਸਪੱਸ਼ਟ ਕੀਤਾ ਕਿ ਕੋਵਿਡ ਬਚਾਅ ਸਬੰਧੀ ਵੈਕਸੀਨੇਸ਼ਨ ਕੋਵਿਡ ਤੋਂ ਲੜਨ ਦੀ ਸ਼ਮਤਾ ਨੂੰ ਵਧਾਉਂਦੀ ਹੈ। ਇਹ ਵੈਕਸੀਨੇਸ਼ਨ ਬਿਲਕੁੱਲ ਦਾਅਵਾ ਨਹੀਂ ਕਰਦੀ ਹੈ ਕਿ ਇਸ ਤੋਂ ਬਾਅਦ ਕਿਸੇ ਨੂੰ ਕੋਵਿਡ ਨਹੀਂ ਹੋਵੇਗਾ ਬਲਕਿ ਜੇਕਰ ਵੈਕਸੀਨੇਸ਼ਨ ਤੋਂ ਬਾਅਦ ਕਿਸੇ ਨੂੰਕੋਵਿਡ ਹੁੰਦਾ ਹੈ ਤਾਂ ਉਹ ਕਾਫੀ ਹੱਦ ਤੱਕ ਇਸਦੇ ਖਤਰੇ ਤੋਂ ਬੱਚ ਜਾਵੇਗਾ।  ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਮਾਸਕ ਪਹਿਨਣ, ਜਨਤਕ ਥਾਵਾਂ ’ਤੇ ਥੁੱਕਣ ਅਤੇ ਸਮੇਂ-ਸਮੇਂ ’ਤੇ ਹੱਥ ਸਾਬਣ ਅਤੇ ਸੈਨੇਟਾਈਜਰ ਨਾਲ ਸਾਫਕਰਨ ਦੀ ਅਪੀਲ ਕੀਤੀ।

Spread the love