ਕੋਵਿਡ-19 ਮਹਾਂਮਾਰੀ ਦੇ ਚੱਲਦੇ ਸਿਵਲ ਹਸਪਤਾਲ ਤਰਨ ਤਾਰਨ ਵਿੱਚ ਆਕਸੀਜਨ ਦੇ ਪੁਖ਼ਤਾ ਪ੍ਰਬੰਧ-ਡਿਪਟੀ ਕਮਿਸ਼ਨਰ

ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਵੱਧ ਤੋਂ ਵੱਧ ਸੈਪਲਿੰਗ ਕਰਨ ਅਤੇ ਕੰਨਟੈਕਟ ਟਰੇਸਿੰਗ ਤੇਜ਼ੀ ਲਿਆਉਣ ਲਈ ਸਿਹਤ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼
ਕੋਵਿਡ-19 ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਕੀਤੇ ਜਾ ਰਹੇ ਉਪਰਾਲਿਆਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਹੋਈ ਜ਼ਿਲ੍ਹਾ ਟਾਸਕ ਫੋਰਸ ਦੀ ਮੀਟਿੰਗ
ਤਰਨ ਤਾਰਨ, 29 ਅਪ੍ਰੈਲ :
ਜ਼ਿਲ੍ਹਾ ਤਰਨ ਤਾਰਨ ਵਿੱਚ ਕੋਵਿਡ-19 ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਕੀਤੇ ਜਾ ਰਹੇ ਉਪਰਾਲਿਆਂ ਦਾ ਜਾਇਜ਼ਾ ਲੈਣ ਲਈ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਡਿਪਟੀ ਕਮਿਸ਼ਨਰ ਸ਼੍ਰੀ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਟਾਸਕ ਫੋਰਸ ਦੀ ਵਿਸ਼ੇਸ ਮੀਟਿੰਗ ਹੋਈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਜਗਵਿੰਦਰਜੀਤ ਸਿੰਘ ਗਰੇਵਾਲ, ਸਿਵਲ ਸਰਜਨ ਤਰਨ ਤਾਰਨ ਡਾ. ਰੋਹਿਤ ਮਹਿਤਾ, ਐੱਸ. ਪੀ. ਸ੍ਰੀ ਜਗਜੀਤ ਸਿੰਘ ਵਾਲੀਆਂ ਅਤੇ ਸਹਾਇਕ ਕਮਿਸ਼ਨਰ ਜਨਰਲ ਸ੍ਰੀ ਅਮਨਪ੍ਰੀਤ ਸਿੰਘ ਤੋਂ ਇਲਾਵਾ ਸਿਵਲ ਪ੍ਰਸ਼ਾਸਨ ਤੇ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਮੀਟਿੰਗ ਨੰੁ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਵੱਲੋਂ ਸਮੂਹ ਸੀਨੀਅਰ ਮੈਡੀਕਲ ਅਫ਼ਸਰਾਂ ਨੂੰ ਹਦਾਇਤ ਕੀਤੀ ਗਈ ਕਿ ਸਟੇਟ ਵੱਲੋਂ ਦਿੱਤੇ ਗਏ ਟਾਰਗਟ ਨੂੰ ਮੁੱਖ ਰੱਖਦੇ ਹੋਏ ਆਪਣੇ ਖ਼ੇਤਰ ਵਿੱਚ ਵੱਧ ਤੋਂ ਵੱਧ ਸੈਪਲਿੰਗ ਕੀਤੀ ਜਾਵੇ ਅਤੇ ਕੰਨਟੈਕਟ ਟਰੇਸਿੰਗ ਜੋ ਕਿ ਸਾਡੀ ਪਛੜੀ ਜਾ ਰਹੀ ਹੈ ਉਸ ਵਿੱਚ ਵਾਧਾ ਕੀਤਾ ਜਾਵੇ ਤਾਂ ਕਿ ਇਸ ਮਹਾਂਮਾਰੀ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ ।
ਇਸ ਮੌਕੇ ਉਹਨਾਂ ਦੱਸਿਆ ਕਿ ਕੋਵਿਡ-19 ਮਹਾਂਮਾਰੀ ਦੇ ਚੱਲਦੇ ਸਿਵਲ ਹਸਪਤਾਲ ਤਰਨ ਤਾਰਨ ਵਿੱਚ ਆਕਸੀਜਨ ਦੇ ਪੁਖ਼ਤਾ ਪ੍ਰਬੰਧ ਹਨ । ਇਸ ਸਮੇਂ ਸਿਵਲ ਹਸਪਤਾਲ ਤਰਨ ਤਾਰਨ ਵਿੱਚ 336 ਆਕਸੀਜ਼ਨ ਸੈਲੰਡਰ ਹਨ, ਜਿਨ੍ਹਾਂ ਵਿੱਚੋਂ 242 ਛੋਟੇ 10 ਲੀਟਰ ਆਕਸੀਜਨ ਵਾਲੇ ਅਤੇ 94 ਵੱਡੇ ਸੈਲੰਡਰ 20 ਲੀਟਰ ਆਕਸੀਜਨ ਦੇ ਮੌਜੂਦ ਹਨ ਅਤੇ ਲੋੜਵੰਦ ਮਰੀਜਾਂ ਲਈ ਹਸਪਤਾਲ ਵਿੱਚ ਆਕਸੀਜਨ ਦੀ ਕੋਈ ਘਾਟ ਨਹੀਂ ਹੈ।
ਇਸ ਮੌਕੇ ਸਿਵਲ ਸਰਜਨ ਤਰਨ ਤਾਰਨ ਡਾ. ਰੋਹਿਤ ਮਹਿਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਕਰ ਕੋਈ ਵੀ ਵਿਅਕਤੀ ਕੋਰੋਨਾ ਵਾਇਰਸ ਪਾਜ਼ੇਟਿਵ ਆਉਂਦਾ ਹੈ ਤਾਂ ਉਸੀ ਸਮੇਂ ਰੈਪਿਡ ਰਿਸਪੋਸ ਟੀਮ ਵੱਲੋਂ ਉਸ ਪਾਜ਼ੇਟਿਵ ਮਰੀਜ਼ ਦੇ ਕੰਨਟੈਕਟ ਟਰੈਸ ਕਰ ਕੇ ਉਨ੍ਹਾਂ ਦੇ ਟੈੱਸਟ ਕਰਵਾਏ ਜਾਂਦੇ ਹਨ ਅਤੇ ਰੈਪਿਡ ਰਿਸਪੌਂਸ ਟੀਮ ਵੱਲੋਂ ਘਰ ਵਿੱਚ ਇਕਾਂਤਵਾਸ ਮਰੀਜ਼ ਦੀ ਹਫ਼ਤੇ ਵਿੱਚ ਤਿੰਨ ਵਾਰ ਘਰ ਜਾਂ ਕੇ ਹਾਲ ਚਾਲ ਪੁੱਛਿਆ ਜਾਂਦਾ ਹੈ ਅਤੇ ਰੋਜ਼ਾਨਾ ਫੋਨ ‘ਤੇ ਸੰਪਰਕ ਕੀਤਾ ਜਾਂਦਾ ਹੈ ।
ਸਿਵਲ ਸਰਜਨ ਡਾ. ਰੋਹਿਤ ਮਹਿਤਾ ਵੱਲੋਂ ਜ਼ਿਲ੍ਹਾ ਨਿਵਾਸੀਆ ਨੂੰ ਅਪੀਲ ਕੀਤੀ ਗਈ ਕਿ ਕੋਰੋਨਾ ਦੀ ਦੂਜੀ ਲਹਿਰ ਚੱਲ ਰਹੀ ਹੈ, ਜੋ ਕਿ ਬਹੁਤ ਹੀ ਘਾਤਕ ਸਿੱਧ ਹੋ ਰਹੀ ਹੈ । ਇਸ ਤੋਂ ਬਚਣ ਵਾਸਤੇ ਸਿਹਤ ਵਿਭਾਗ ਵੱਲੋਂ ਦਿੱਤੀਆ ਸਾਵਧਾਨੀਆਂ ਜਿਵੇਂ ਕਿ ਮਾਸਕ ਦੀ ਸਹੀ ਤਰ੍ਹਾਂ ਵਰਤੋਂ, ਹੱਥਾਂ ਦੀ ਚੰਗੀ ਤਰ੍ਹਾਂ ਸਫਾਈ ਅਤੇ ਆਪਸੀ ਦੂਰੀ ਦੋ ਗਜ਼ ਦੀ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ।

Spread the love