ਬਰਨਾਲਾ ਜ਼ਿਲੇ ਵਿਚ ਨਵੀਆਂ ਪਾਬੰਦੀਆਂ ਲਾਗੂ

ਬਰਨਾਲਾ, 3 ਮਈ
ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਅਨੁਸਾਰ ਜ਼ਿਲਾ ਬਰਨਾਲਾ ਅੰਦਰ ਵੀ ਜਿਲਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਨਵੀਆਂ ਪਾਬੰਦੀਆਂ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ। ਇਹ ਹੁਕਮ 15 ਮਈ ਤੱਕ ਲਾਗੂ ਰਹਿਣਗੇ।
ਇਨਾਂ ਹੁਕਮਾਂ ਤਹਿਤ ਗੈਰ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਜ਼ਰੂਰੀ ਵਸਤਾਂ/ਸੇਵਾਵਾਂ ਜਿਵੇਂ ਕਿ ਕਰਿਆਨਾ/ਗਰੌਸਰੀ ਸਟੋਰ,  ਦੁੱਧ, ਬ੍ਰੈਡ, ਸਬਜ਼ੀਆਂ, ਫਲਾਂ, ਡੇਅਰੀ, ਮੋਬਾਇਲ ਰਿਪੇਅਰ ਅਤੇ ਪੋਲਟਰੀ ਉਤਪਾਦ ਜਿਵੇਂ ਕਿ ਅੰਡੇ/ਮੀਟ, ਆਦਿ ਨਾਲ ਸਬੰਧਤ ਦੁਕਾਨਾਂ ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 05 ਵਜੇ ਤੋਂ ਸ਼ਾਮ 5 ਵਜੇ ਤੱਕ ਇਸ ਸ਼ਰਤ ’ਤੇ ਖੁੱਲਣ ਦੀ ਆਗਿਆ ਗਈ ਹੈ ਕਿ ਸਮੂਹ ਦੁਕਾਨ/ਸਟੋਰ ਮਾਲਕ ਅਤੇ ਉਨਾਂ ਅਧੀਨ ਕੰਮ ਕਰਦੇ ਸਮੂਹ ਵਰਕਰ/ਲੇਬਰ ਦਾ ਆਰਟੀਪੀਸੀਆਰ ਟੈਸਟ ਕਰਵਾਉਣਾ ਲਾਜ਼ਮੀ ਬਣਾਉਣਗੇ।
ਹਰ ਸ਼ਨੀਵਾਰ ਅਤੇ ਐਤਵਾਰ ਨੂੰ ਸਿਰਫ ਦੁੱਧ ਦੀ ਡੇਅਰੀ, ਡੇਅਰੀ ਉਤਪਾਦ, ਪੋਲਟਰੀ ਉਤਪਾਦ ਜਿਵੇਂ ਕਿ ਅੰਡੇ/ਮੀਟ, ਸਬਜ਼ੀਆਂ ਦੀਆਂ ਦੁਕਾਨਾਂ ਅਤੇ ਫਲਾਂ ਦੀਆਂ ਦੁਕਾਨਾਂ ਸਵੇਰੇ 5 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲਣਗੀਆਂ। ਉਕਤ ਜ਼ਰੂਰੀ ਵਸਤਾਂ ਨਾਲ ਸਬੰਧਤ ਦੁਕਾਨਾਂ ਵਿੱਚ ਇੱਕ ਸਮੇਂ ’ਤੇ ਸਿਰਫ 4 ਗਾਹਕ ਹੀ ਦਾਖਲ ਹੋ ਸਕਦੇ ਹਨ ਅਤੇ ਵੱਡੇ ਗਰੌਸਰੀ ਸਟੋਰ ਜਿਵੇਂ ਕਿ ਮੋਰ, ਈਜ਼ੀ ਡੇਅ, ਡੀ ਮਾਰਟ,  ਅਧਾਰ ਸਟੋਰ, ਰਿਲਾਇੰਸ ਸਟੋਰ ਆਦਿ ਵਿੱਚ ਇੱਕ ਸਮੇਂ ’ਤੇ ਸਿਰਫ 10 ਗਾਹਕ ਦਾਖਲ ਹੋ ਸਕਦੇ ਹਨ।   ਕੈਮਿਸਟ ਸ਼ੌਪ, ਲੈਬੋਰੇਟਰੀ, ਨਰਸਿੰਗ ਹੋਮ ਤੇ ਹੋਰ ਮੈਡੀਕਲ ਸੰਸਥਾਵਾਂ ਨੂੰ ਖੁੱਲਣ ਦੀ ਆਗਿਆ ਹੋਵੇਗੀ।
ਕੋਵਿਡ-19 ਦੀ ਰਿਪੋਰਟ ਨੈਗਟਿਵ ਹੋਵੇ ਅਤੇ 72 ਘੰਟਿਆਂ ਤੋਂ ਜ਼ਿਆਦਾ ਪੁਰਾਣੀ ਨਾ ਹੋਣ ਦੀ ਸੂਰਤ, ਵੈਕਸੀਨੇਸ਼ਨ ਸਰਟੀਫਿਕੇਟ (ਘੱਟੋ-ਘੱਟ ਇੱਕ ਡੋਜ਼ ਲੱਗੀ ਹੋਵੇ), ਜੋ ਕਿ 2 ਹਫਤੇ ਪੁਰਾਣਾ ਹੋਵੇ, ਹੋਣ ਦੀ ਸੂਰਤ ਵਿਚ ਹੀ ਕੋਈ ਵੀ ਵਿਅਕਤੀ ਪੰਜਾਬ ਰਾਜ ਅੰਦਰ ਦਾਖਲ ਹੋ ਸਕੇਗਾ। ਜਿਸ ਵਿਅਕਤੀ ਪਾਸ ਕੋਵਿਡ-19 ਦਾ ਟੈਸਟ ਨਹੀਂ ਹੋਵੇਗਾ ਤਾਂ ਉਸ ਦੀ ਪ੍ਰੋਟੋਕੋਲ ਅਨੁਸਾਰ ਟੈਸਟਿੰਗ ਕੀਤੀ ਜਾਵੇਗੀ ਅਤੇ ਰਿਪੋਰਟ ਆਉਣ ਤੱਕ 5 ਦਿਨਾਂ ਲਈ ਘਰ ਵਿਚ ਇਕਾਂਤਵਾਸ ਰਹਿਣਾ ਲਾਜ਼ਮੀ ਹੋਵੇਗਾ।
ਸਮੂਹ ਸਰਕਾਰੀ ਦਫ਼ਤਰਾਂ ਸਮੇਤ ਬੈਂਕਾਂ ਵਿੱਚ 50% ਸਟਾਫ ਦੀ ਸਮਰੱਥਾ  ਅਨੁਸਾਰ ਸਟਾਫ ਨੂੰ ਆਉਣ ਦੀ ਆਗਿਆ ਹੋਵੇਗੀ, ਸਿਵਾਏ ਜਿਨਾਂ ਅਧਿਕਾਰੀਆਂ/ਕਰਮਚਾਰੀਆਂ ਦੀ ਡਿਊਟੀ ਕੋਵਿਡ ਮੈਨੇਜਮੈਂਟ ਵਿੱਚ ਲੱਗੀ ਹੋਈ ਹੈ। ਸਮੂਹ ਚਾਰ ਪਹੀਆ ਵਾਹਨ ਸਮੇਤ ਕਾਰ ਅਤੇ ਟੈਕਸੀ ਵਿੱਚ 2 ਯਾਤਰੀਆਂ ਤੋਂ ਵੱਧ ਬੈਠਣ ਦੀ ਆਗਿਆ ਨਹੀਂ ਹੋਵੇਗੀ। ਮਰੀਜ਼ ਨੂੰ ਹਸਪਤਾਲ ਲੈ ਕੇ ਜਾਣ ਵਾਲੇ ਵਹੀਕਲ ਵਿੱਚ ਯਾਤਰੀਆਂ ’ਤੇ ਕੋਈ ਪਾਬੰਦੀ ਨਹੀਂ ਹੋਵੇਗੀ।
ਦੋ ਪਹੀਆ ਵਾਹਨ ਜਿਵੇਂ ਕਿ ਸਕੂਟਰ ਅਤੇ ਮੋਟਰਸਾਈਕਲ ’ਤੇ ਦੂਜੀ ਸਵਾਰੀ ਬਿਠਾਉਣ ਦੀ ਆਗਿਆ ਨਹੀਂ ਹੋਵੇਗੀ, ਪਰੰਤੂ ਜੋੋ ਇੱਕ ਪਰਿਵਾਰ ਦੇ ਮੈਂਬਰ ਜਾਂ ਇੱਕ ਘਰ ਵਿੱਚ ਰਹਿੰਦੇ ਹੋਣ ਉਨਾਂ ਨੂੰ ਸਕੂਟਰ/ਮੋਟਰਸਾਈਕਲ ਪਿੱਛੇ ਬੈਠਣ ਦੀ ਆਗਿਆ ਹੋਵੇਗੀ। ਵਿਆਹ/ਅੰਤਿਮ ਸੰਸਕਾਰ/ਭੋਗ ਆਦਿ ਸਮਾਗਮਾਂ ਵਿੱਚ 10 ਵਿਅਕਤੀਆਂ ਤੋਂ ਵੱਧ ਇਕੱਠ ਕਰਨ ਦੀ ਮਨਾਹੀ ਹੋਵੇਗੀ।
ਸਬਜ਼ੀ ਮੰਡੀਆਂ ਫਲਾਂ ਅਤੇ ਸਬਜ਼ੀਆਂ ਦੀ ਸਿਰਫ ਹੋਲ ਸੇਲ ਵਿਕਰੀ ਲਈ ਖੁੱਲੀਆਂ ਹੋਣਗੀਆਂ।  ਸਮੂਹ ਕਿਸਾਨ ਯੂਨੀਅਨ ਅਤੇ ਧਾਰਮਿਕ ਲੀਡਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਕਿਸੇ ਵੀ ਤਰਾਂ ਦਾ ਇਕੱਠ ਨਾ ਕਰਨ ਅਤੇ ਟੌਲ ਪਲਾਜ਼ਾ, ਪੈਟਰੋਲ ਪੰਪ ਅਤੇ ਮਾਲਜ਼ ਵਿੱਚ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਘੱਟ ਤੋਂ ਘੱਟ ਰੱਖੀ ਜਾਵੇ। ਸਮੂਹ ਧਾਰਮਿਕ ਸਥਾਨ ਰੋਜ਼ਾਨਾ ਸ਼ਾਮ 6 ਵਜੇ ਬੰਦ ਹੋਣਗੇ।
ਕੋਈ ਵੀ ਵਿਅਕਤੀ ਆਪਣੇ ਘਰਾਂ/ਦੁਕਾਨਾਂ/ਫੈਕਟਰੀਆਂ ਵਿੱਚ ਆਕਸੀਜਨ ਸਿਲੰਡਰ ਸਟੋਰ ਕਰਕੇ ਨਹੀਂ ਰੱਖ ਸਕੇਗਾ ਤੇ ਅਜਿਹਾ ਕਰਨ ’ਤੇ ਕਾਰਵਾਈ ਹੋਵੇਗੀ।
ਹਰ ਰੋਜ਼ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਨਾਈਟ ਕਰਫਿਊ ਲਾਗੂ ਰਹੇਗਾ ਅਤੇ ਹਰ ਸ਼ੁੱਕਰਵਾਰ ਸਵੇਰੇ 5 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਹਫਤਾਵਰ ਕਰਫਿਊ ਲਾਗੂ ਹੋਵੇਗਾ। ਕਰਫਿਊ ਸਮੇਂ ਦੌਰਾਨ ਕੋਈ ਵੀ ਵਹੀਕਲ ਨਹੀਂ ਚੱਲੇਗਾ, ਸਿਵਾਏ ਮੈਡੀਕਲ ਐਮਰਜੈਂਸੀ ਦੇ। ਪਬਲਿਕ ਟਰਾਂਸਪੋਰਟ ਜਿਵੇਂ ਕਿ ਬੱਸ, ਟੈਕਸੀ, ਆਟੋ ਆਦਿ ਵਿੱਚ 50% ਬੈਠਣ ਦੀ ਸਮਰੱਥਾ ਅਨੁਸਾਰ ਯਾਤਰੀ ਬਿਠਾਉਣ ਦੀ ਆਗਿਆ ਹੋਵੇਗੀ।
ਸਾਰੇ ਬਾਰਜ਼, ਸਿਨੇਮਾ ਹਾਲ, ਜਿਮ, ਸਪਾ, ਸਵਿਮਿੰਗ ਪੂਲ, ਕੋਚਿੰਗ ਸੈਂਟਰ, ਸਪੋਰਟਸ ਕੰਪਲੈਕਸ ਬੰਦ ਰਹਿਣਗੇ। ਸਾਰੇ ਰੈਸਟੋਰੈਂਟ ਸਮੇਤ ਹੋਟਲ, ਕੈਫੇ, ਕੋਫੀ ਸ਼ੌਪਸ, ਫਾਸਟ ਫੂਡ ਆਊਟਲੈਟ, ਢਾਬਿਆਂ ਵਿੱਚ ਬੈਠ ਕੇ ਖਾਣ ਦੀ ਮਨਾਹੀ ਹੋਵੇਗੀ। ਹੋਮ ਡਲਵਿਰੀ ਰਾਤ 9 ਵਜੇ ਤੱਕ ਕਰਨ ਦੀ ਆਗਿਆ ਹੋਵੇਗੀ।  ਸਾਰੇ ਸਮਾਜਿਕ, ਸਭਿਆਚਾਰਕ, ਖੇਡਾਂ ਆਦਿ ਨਾਲ ਸਬੰਧਤ ਸਮਾਗਮ ਕਰਨ ’ਤੇ ਪੂਰਨ ਤੌਰ ਪਾਬੰਦੀ ਹੋਵੇਗੀ। ਸਾਰੇ ਸਰਕਾਰੀ ਸਮਾਗਮ ਜਿਵੇਂ ਕਿ ਉਦਘਾਟਨ, ਨੀਂਹ ਪੱਥਰ ਸਮਾਗਮ ਆਦਿ ਜ਼ਿਲਾ ਪ੍ਰਸ਼ਾਸਨ ਦੀ ਮਨਜ਼ੂਰੀ ਨਾਲ ਹੀ ਕਰਨ ਦੀ ਆਗਿਆ ਹੋਵੇਗੀ।  ਸਮੂਹ ਰਾਜਨੀਤਿਕ ਇੱਕਠ ਕਰਨ ’ਤੇ ਪੂਰਨ ਤੌਰ ਪਾਬੰਦੀ ਹੋਵੇਗੀ। ਅਜਿਹਾ ਕਰਨ ’ਤੇ ਪ੍ਰਬੰਧਕ ਦੇ ਖਿਲਾਫ/ਇੱਕਠ ਵਿੱਚ ਭਾਗ ਲੈਣ ਵਾਲੇ ਦੇ ਖਿਲਾਫ/ਇੱਕਠ ਹੋਣ ਵਾਲੇ ਜਗਾ ਦੇ ਮਾਲਕ ਦੇ ਖਿਲਾਫ/ਟੈਂਟ ਦਾ ਪ੍ਰਬੰਧ ਕਰਨ ਵਾਲੇ ਖਿਲਾਫ ਕਾਰਵਾਈ ਹੋਵੇਗੀ ਅਤੇ ਅਜਿਹੀ ਜਗਾ ਅਗਲੇ 3 ਮਹੀਨਿਆਂ ਲਈ ਸੀਲ ਕੀਤੀ ਜਾਵੇਗੀ। ਜੇਕਰ ਕੋਈ ਵੀ ਵਿਅਕਤੀ ਕਿਤੇ ਵੀ ਵੱਡੇ ਇੱਕਠ (ਧਾਰਮਿਕ/ਰਾਜਨੀਤਿਕ/ਸਮਾਜਿਕ) ਵਿੱਚ ਸ਼ਾਮਿਲ ਹੁੰਦਾ ਹੈ ਤਾਂ ਉਸ ਨੂੰ 5 ਦਿਨਾਂ ਲਈ ਘਰ ਵਿੱਚ ਇਕਾਂਤਵਾਸ  ਰਹਿਣਾ ਲਾਜ਼ਮੀ ਹੋਵੇਗਾ ਅਤੇ ਟੈਸਟ ਕਰਵਾਉਣਾ ਲਾਜ਼ਮੀ ਹੋਵੇਗਾ। ਸਾਰੇ ਵਿਦਿਅਕ ਅਦਾਰੇ ਜਿਵੇਂ ਕਿ ਸਕੂਲ ਅਤੇ ਕਾਲਜ ਬੰਦ ਰਹਿਣਗੇ, ਪਰ ਸਰਕਾਰੀ ਸਕੂਲਾਂ  ਦਾ ਸਾਰਾ ਟੀਚਿੰਗ ਸਟਾਫ ਅਤੇ ਨਾਨ ਟੀਚਿੰਗ ਸਟਾਫ ਆਪਣੀ ਡਿਊਟੀ ’ਤੇ ਹਾਜ਼ਰ ਰਹੇਗਾ। ਸਾਰੇ ਮੈਡੀਕਲ ਅਤੇ ਨਰਸਿੰਗ ਕਾਲਜ ਖੁੱਲੇ ਰਹਿਣਗੇ।
ਹੁਕਮਾਂ ਅਨੁਸਾਰ ਸਾਰੇ ਪ੍ਰਾਈਵੇਟ ਦਫ਼ਤਰ ਸਮੇਤ ਸੇਵਾ ਉਦਯੋਗ, ਆਰਕੀਟੈਕਟ, ਚਾਰਟਡ ਆਕਊਂਟੈਟ, ਬੀਮਾ ਕੰਪਨੀਆਂ ਨੂੰ ਸਿਰਫ ਘਰ ਤੋਂ ਹੀ ਕੰਮ ਕਰਨ ਦੀ ਆਗਿਆ ਹੋਵੇਗੀ। ਸਾਰੇ ਹਸਪਤਾਲ,  ਵੈਟਰਨਰੀ ਹਸਪਤਾਲ ਅਤੇ ਪਬਲਿਕ/ਪ੍ਰਾਈਵੇਟ ਸੈਕਟਰ ਵਿੱਚ ਦਵਾਈ ਅਤੇ ਮੈਡੀਕਲ ਉਪਕਰਨ ਬਣਾਉਣ ਵਾਲੀਆਂ ਫੈਕਟਰੀਆਂ ਖੁੱਲਣ ਦੀ ਆਗਿਆ ਹੋਵੇਗੀ।  ਇਸ ਤੋਂ ਇਲਾਵਾ ਅਜਿਹੀਆਂ ਫੈਕਟਰੀਆਂ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਆਈ.ਡੀ. ਕਾਰਡ ਦੇ ਆਧਾਰ ’ਤੇ ਲਿਆਉਣ/ਛੱਡਣ ਲਈ ਦੀ ਆਗਿਆ ਹੋਵੇਗੀ।
ਈ-ਕਮਰਸ ਅਤੇ ਮਾਲ (ਗੁਡਜ਼) ਨਾਲ ਸਬੰਧਤ ਆਵਾਜਾਈ ਨੂੰ ਆਗਿਆ ਹੋਵੇਗੀ। ਦੋਧੀਆਂ ਨੂੰ ਦੁੱਧ ਦੀ ਢੋਆ-ਢੋਆਈ ਦੀ ਆਗਿਆ ਹੋਵੇਗੀ। ਜਹਾਜ਼, ਰੇਲ ਗੱਡੀਆਂ ਅਤੇ ਬੱਸਾਂ ਆਦਿ ਰਾਹੀਂ ਯਾਤਰੀਆਂ ਨੂੰ  ਆਉਣ-ਜਾਣ ਦੀ ਆਗਿਆ ਹੋਵੇਗੀ। ਪਿੰਡਾਂ ਅਤੇ ਸ਼ਹਿਰਾਂ ਵਿੱਚ ਉਸਾਰੀ ਦੇ ਕੰਮ ਕਰਨ ਦੀ ਆਗਿਆ ਹੋਵੇਗੀ। ਖੇਤੀਬਾੜੀ ਨਾਲ ਸਬੰਧਤ ਕੰਮ ਸਮੇਤ ਕਣਕ ਦੀ ਖਰੀਦ ਸਬੰਧੀ, ਬਾਗਬਾਨੀ, ਪਸ਼ੂ ਪਾਲਣ ਅਤੇ ਵੈਟਨਰੀ ਸੇਵਾਵਾਂ ਨਾਲ ਸਬੰਧਤ ਗਤੀਵਿਧੀਆਂ ਨੂੰ ਆਗਿਆ ਹੋਵੇਗੀ। ਵੈਕਸੀਨੇਸ਼ਨ ਲਗਾਉਣ ਸਬੰਧੀ ਕੈਂਪ ਲਗਾਏ ਜਾਣ ਦੀ ਆਗਿਆ ਹੋਵੇਗੀ।
ਹੁਕਮਾਂ ਅਨੁਸਾਰ ਨਿਰਮਾਣ ਉਦਯੋਗ/ਫੈਕਟਰੀਆਂ ਨੂੰ ਖੁੱਲਣ ਦੀ ਆਗਿਆ ਹੋਵੇਗੀ ਅਤੇ ਕਰਮਚਾਰੀਆਂ/ਲੇਬਰ ਆਦਿ ਨੂੰ ਆਪਣੀ-ਆਪਣੀ ਫੈਕਟਰੀ ਵਿਖੇ ਕੰਮ ’ਤੇ ਆਉਣ-ਜਾਣ ਦੀ ਆਗਿਆ ਹੋਵੇਗੀ।
ਨਿਮਨਲਿਖਤ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਏਜੰਸੀਆਂ ਨੂੰ ਖੁੱਲਣ ਦੀ ਆਗਿਆ ਹੋਵੇਗੀ ਅਤੇ ਇਹਨਾਂ ਵਿੱਚ ਕੰਮ ਰਹੇ ਕਰਮਚਾਰੀਆਂ/ਲੇਬਰ ਆਦਿ ਨੂੰ ਆਪਣੀ-ਆਪਣੀ ਫੈਕਟਰੀ ਵਿਖੇ ਕੰਮ ’ਤੇ ਆਉਣ-ਜਾਣ ਦੀ ਆਗਿਆ ਹੋਵੇਗੀ।  ਇਸ ਤੋਂ ਇਲਾਵਾ ਕਰਮਚਾਰੀਆਂ/ਲੇਬਰ ਨੂੰ ਲਿਆਉਣ/ਛੱਡਣ ਲਈ ਵਹੀਕਲ ਦੀ ਵਰਤੋਂ ਕਰਨ ਦੀ ਆਗਿਆ ਹੋਵੇਗੀ, ਪਰ ਸਬੰਧਤ ਉਦਯੋਗਕ ਪ੍ਰਬੰਧਕਾਂ ਵੱਲੋਂ ਆਪਣੇ ਮੁਲਾਜ਼ਮਾਂ ਨੂੰ ਲੋੜੀਂਦੀ ਮਨਜ਼ੂਰੀ ਦੇਣੀ ਲਾਜ਼ਮੀ ਹੋਵੇਗੀ।
*ਟੈਲੀਕਮਿਊਨੀਕੇਸ਼ਨ, ਇੰਟਰਨੈੱਟ ਸਰਵਿਸ, ਬਰਾਡਕਾਸਟਰ ਅਤੇ ਕੇਬਲ ਸਰਵਿਸ ਅਤੇ  ਆਈਟੀ ਨਾਲ ਸਬੰਧਤ ਸਰਵਿਸ ਚਾਲੂ ਕਰਨ ਵਾਲੀ ਏਜੰਸੀਆਂ।
*ਪੈਟਰੋਲ ਪੰਪ, ਪੈਟਰੋਲੀਅਮ ਪ੍ਰੋਡੱਕਟ, ਐਲ.ਪੀ.ਜੀ., ਪੈਟਰੋਲੀਅਮ ਤੇ ਗੈਸ ਰਿਟੇਲ ਅਤੇ ਸਟੋਰੇਜ ਆਊਟਲੈਟ।
* ਬਿਜਲੀ ਉਤਪਾਦ, ਟਰਾਂਸਮਿਸ਼ਨ ਅਤੇ ਡਿਸਟ੍ਰੀਬਿਊਸ਼ਨ ਯੂਨਟ ਅਤੇ ਸੇਵਾਵਾਂ
* ਕੋਲਡ ਸਟੋਰੇਜ਼ ਅਤੇ ਵੇਅਰਹਾਊਸ ਸੇਵਾਵਾਂ
* ਸਮੂਹ ਬੈਕਿੰਗ/ਆਰ.ਬੀ.ਆਈ. ਸਰਵਿਸ, ਏ.ਟੀ.ਐੱਮ, ਕੈਸ਼ ਵੈਨ ਅਤੇ ਕੈਸ਼ ਦੀ ਸਾਂਭ-ਸੰਭਾਲ ਅਤੇ ਵੰਡਣ ਦੀਆਂ ਸੇਵਾਵਾਂ।

ਜ਼ਿਲਾ ਮੈਜਿਸਟ੍ਰੇਟ ਨੇ ਕਿਹਾ ਕਿ ਉਕਤ ਹਦਾਇਤਾਂ ਦੀ ਉਲੰਘਣਾ ਕਰਨ ਦੀ ਸੂਰਤ ਵਿੱਚ ਆਈਪੀਸੀ ਦੀ ਧਾਰਾ 188 ਅਤੇ ਆਫਤ ਪ੍ਰਬੰਧਨ ਐਕਟ 2005 ਦੀ ਧਾਰਾ 51-60 ਅਧੀਨ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Spread the love