ਇੰਟਰਸਟੇਟ ਨਾਕਿਆਂ ’ਤੇ ਚੌਕਸੀ ਵਧਾਈ, ਲੋਕਾਂ ਨੂੰ ਪੁਲਿਸ ਦਾ ਸਾਥ ਦੇਣ ਦੀ ਅਪੀਲ
ਹੁਸ਼ਿਆਰਪੁਰ, 4 ਮਈ : ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਵਲੋਂ ਵੱਧ ਤੋਂ ਵੱਧ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਸੁਚੇਤ ਰਹਿਣ ਅਤੇ ਇਸ ਦੀ ਰੋਕਥਾਮ ਲਈ ਲੋੜੀਂਦੀਆਂ ਸਾਵਧਾਨੀਆਂ ਵਰਤਣ ਦੇ ਨਿਰਦੇਸ਼ਾਂ ਤਹਿਤ ਪੁਲਿਸ ਅਧਿਕਾਰੀਆਂ ਵਲੋਂ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਲੋਕਾਂ ਨੂੰ ਇਸ ਵਾਇਰਸ ਤੋਂ ਜਾਗਰੂਕ ਕੀਤਾ ਗਿਆ।
ਐਸ.ਪੀ.(ਡੀ) ਰਵਿੰਦਰਪਾਲ ਸਿੰਘ ਸੰਧੂ ਵਲੋਂ ਚਿੰਤਪੁਰਨੀ ਰੋਡ ’ਤੇ ਥਾਣਾ ਸਦਰ ਅਧੀਨ ਪੈਂਦੇ ਪਿੰਡ ਮੰਗੂਵਾਲ ਵਿਖੇ ਇੰਟਰਸਟੇਟ ਨਾਕੇ ਦੀ ਚੈਕਿੰਗ ਵੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਅੰਤਰਰਾਜੀ ਅਤੇ ਬਾਕੀ ਨਾਕਿਆਂ ’ਤੇ ਚੌਕਸੀ ਵਧਾ ਦਿੱਤੀ ਗਈ ਤਾਂ ਜੋ ਸਰਕਾਰ ਅਤੇ ਸਿਹਤ ਵਿਭਾਗ ਵਲੋਂ ਸਮੇਂ-ਸਮੇਂ ਸਿਰ ਜਾਰੀ ਹੁੰਦੀਆਂ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾ ਕੇ ਵਾਇਰਸ ਦੇ ਫੈਲਾਅ ਨੂੰ ਰੋਕਿਆ ਜਾ ਸਕੇ।
ਇਸੇ ਤਰ੍ਹਾਂ ਡੀ.ਐਸ.ਪੀ. (ਸਿਟੀ) ਸਤਿੰਦਰ ਕੁਮਾਰ ਨੇ ਰਹੀਮਪੁਰ ਮੰਡੀ ਅਤੇ ਭਗਵਾਨ ਵਾਲਮੀਕ ਚੌਕ ਭੰਗੂ ਸੇਤੂ ਪੁਲ ਮੰਡੀ ਇਲਾਕਿਆਂ ਵਿੱਚ ਵਿਸ਼ੇਸ਼ ਮੀਟਿੰਗਾਂ ਕਰਕੇ ਮੰਡੀ ਵਿੱਚ ਕੰਮ ਕਰ ਰਹੇ ਵਿਅਕਤੀਆਂ ਨੂੰ ਕੋਵਿਡ ਤੋਂ ਬਚਾਅ ਲਈ ਪੂਰੇ ਅਹਿਤਿਆਤ ਵਰਤਣ ਲਈ ਜਾਗਰੂਕ ਕੀਤਾ। ਪੁਲਿਸ ਟੀਮਾਂ ਵਲੋਂ ਮੰਡੀ ਵਿੱਚ ਕੰਮ ਕਰ ਰਹੇ ਵਿਅਕਤੀਆਂ ਨੂੰ ਮਾਸਕ ਵੀ ਵੰਡੇ ਗਏ ਅਤੇ ਇਕ ਦੂਜੇ ਤੋਂ ਬਣਦੀ ਦੂਰੀ, ਸਮੇਂ-ਸਮੇਂ ਸਿਰ ਹੱਥ ਧੋਣ, ਮਾਸਕ ਦੀ ਸਹੀ ਵਰਤੋਂ ਆਦਿ ਨੂੰ ਯਕੀਨੀ ਬਣਾਉਣ ਦੀ ਵੀ ਤਾਕੀਦ ਕੀਤੀ ਗਈ।
ਡੀ.ਐਸ.ਪੀ (ਹੈਡਕੁਆਰਟਰ) ਗੁਰਪ੍ਰੀਤ ਸਿੰਘ ਗਿੱਲ ਨੇ ਸਰਕਾਰੀ ਕਾਲਜ ਚੌਕ ਤੋਂ ਇਲਾਵਾ ਸ਼ਹਿਰ ਦੇ ਮੁਖ ਚੌਕਾ ਵਿੱਚ ਲੋਕਾਂ ਨੂੰ ਕੋਵਿਡ ਸਾਵਧਾਨੀਆਂ ਨੂੰ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਬਿਨ੍ਹਾਂ ਕਿਸੇ ਦੇਰੀ ਲਾਗੂ ਕਰਨ ਦੀ ਅਪੀਲ ਕੀਤੀ।
ਪੁਲਿਸ ਟੀਮਾਂ ਵਲੋਂ ਲੋਕਾਂ ਨੂੰ ਸਰਕਾਰ ਅਤੇ ਪੁਲਿਸ ਦਾ ਸਾਥ ਦੇਣ ਦੀ ਅਪੀਲ ਦੇ ਨਾਲ-ਨਾਲ ਯੋਗ ਲਾਭਪਾਤਰੀਆਂ ਨੂੰ ਜਲਦ ਤੋਂ ਜਲਦ ਟੀਕਾਕਰਨ ਕਰਵਾਉਣ ਲਈ ਵੀ ਕਿਹਾ।