ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਵਲੋਂ ਕੇਂਦਰੀ ਬਜਟ ਦੀ ਤਾਰੀਫ਼ ਨੂੰ ਨਿਰੀ ਚਾਪਲੂਸੀ ਦੱਸਿਆ

ਭਾਜਪਾ ਦੇ ਪਿਆਰ ਵਿੱਚ ਅੰਨਾ੍ਹ ਹੋਇਆ ਅਕਾਲੀ ਮੁਖੀ ਕਿਸਾਨਾਂ ਤੇ ਗਰੀਬਾਂ ਦੀ ਸਮੱਸਿਆਵਾਂ ਦੇਖਣ ਤੋਂ ਅਸਮਰੱਥ

ਕੇਂਦਰੀ ਬਜਟ 2020-21 ਨੂੰ ਕਿਸਾਨੀ ਪੱਖੀ ਅਤੇ ਗਰੀਬ ਪੱਖੀ ਕਰਾਰ ਦੇਣ ਵਾਲੇ ਸੁਖਬੀਰ ਬਾਦਲ ਦੀ ਟਿੱਪਣੀ ਦਾ ਖੰਡਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਅਕਾਲੀ ਦਲ ਦੇ ਪ੍ਰਧਾਨ ਦੇ ਵੱਡੇ ਦਾਅਵਿਆਂ ਨੂੰ ਨਿਰੀ ਚਾਪਲੂਸੀ ਤੇ ਬੇਸ਼ਰਮੀ ਦਾ ਪ੍ਰਗਟਾਵਾ ਦੱਸਿਆ।
ਮੁੱਖ ਮੰਤਰੀ ਨੇ ਹੈਰਾਨੀ ਪ੍ਰਗਟਾਈ ਕਿ ਖੇਤੀ ਮਾਹਿਰਾਂ ਅਤੇ ਕਿਸਾਨ ਸੰਗਠਨਾਂ ਵਲੋਂ ਠੁਕਰਾਏ ਗਏ ਕੇਂਦਰੀ ਬਜਟ ਵਿਚ ਸੁਖਬੀਰ ਨੂੰ ਕਿਸਾਨੀ ਲਈ ਕਿਹੜਾ ਸਕਾਰਾਤਮਕ ਪੱਖ ਦਿਖਿਆ ਹੈ।  ਉਨ੍ਹਾਂ ਕਿਹਾ ਕਿ ਸੱਤਾ ਦੇ ਨਸ਼ੇ ਵਿਚ ਅੰਨ੍ਹੀ  ਭਾਜਪਾ ਨੂੰ ਤਾਂ ਕਿਸਾਨਾਂ ਨੂੰ ਦਰਪੇਸ਼ ਮੁਸ਼ਕਲਾਂ ਕੀ ਦਿਖਣੀਆਂ ਸਨ ਪਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਸੱਤਾਧਾਰੀ ਧਿਰ ਦੇ ਪਿਆਰ ਵਿਚ ਇੰਨਾ ਗਲਤਾਨ ਹੋ ਚੁੱਕਾ ਹੈ ਕਿ ਉਸਨੂੰ ਵੀ ਇਸ ਆਡੰਬਰੀ ਬਜਟ ਵਿੱਚ ਕੁਝ ਗਲਤ ਨਹੀਂ ਦਿਖਿਆ।
ਮੁੱਖ ਮੰਤਰੀ ਨੇ ਟਿੱਪਣੀ ਕਰਦਿਆਂ ਕਿਹਾ ਕਿ ਕੇਂਦਰੀ ਮੰਤਰੀ ਮੰਡਲ ਵਿਚ ਸੂਬੇ ਦੇ ਤਿੰਨ ਮੰਤਰੀ ਹੋਣ ਦੇ ਬਾਵਜੂਦ  ਭਾਜਪਾ-ਅਕਾਲੀ ਗੱਠਜੋੜ ਨਾ ਸਿਰਫ ਪੰਜਾਬ ਸਗੋਂ ਦੇਸ਼ ਭਰ ਵਿਚ ਵੱਡੇ ਪੱਧਰ ‘ਤੇ ਕਰਜ਼ੇ ਦੇ ਬੋਝ ਹੇਠ ਦੱਬੇ ਹੋਏ ਕਿਸਾਨਾਂ ਲਈ ਕਰਜ਼ਾ ਰਾਹਤ ਸਕੀਮ ਸੁਰੱਖਿਅਤ ਕਰਨ ਵਿਚ ਅਸਫਲ ਰਿਹਾ ਹੈ।
ਖੇਤੀਬਾੜੀ ਸੈਕਟਰ ਲਈ 15 ਲੱਖ ਕਰੋੜ ਰੁਪਏ ਦੇ ਬਜਟ ਅਲਾਟਮੈਂਟ ਦੀ ਸ਼ਲਾਘਾ ਕਰਨ ਵਾਲੇ ਸੁਖਬੀਰ ਦੀ ਪ੍ਰਤੀਕ੍ਰਿਆ ‘ਤੇ ਸਵਾਲ ਉਠਾਉਂਦਿਆਂ ਕੈਪਟਨ ਅਮਰਿੰਦਰ ਨੇ ਪੁੱਛਿਆ ਕਿ ਅਕਾਲੀ ਆਗੂ ਇਹ ਸਪੱਸ਼ਟ ਕਰਨ ਕਿ ਖੇਤੀਬਾੜੀ ਅਤੇ ਇਸ ਨਾਲ ਜੁੜੇ ਖੇਤਰਾਂ ਲਈ ਪਿਛਲੇ ਸਾਲ ਨਾਲੋਂ ਸਿਰਫ 10 ਫੀਸਦੀ ਦੀ ਵਾਧੇ ਨਾਲ ਕਿਸਾਨਾਂ ਨੂੰ ਦਰਪੇਸ਼ ਕਰਜ਼ੇ ਦੇ ਗੰਭੀਰ ਸੰਕਟ ਨਾਲ ਨਜਿੱਠਣ ਲਈ ਕਿਵੇਂ ਕਾਫ਼ੀ ਸਮਝਦੇ ਹਨ? ਉਨ੍ਹਾਂ ਕਿਹਾ ਕਿ ਇੰਨੀ  ਘੱਟ ਰਕਮ ਦੀ ਵੰਡ ਜੋ ਕਿਸਾਨਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਨੇੜੇ-ਤੇੜੇ ਵੀ ਨਹੀਂ ਜਾਪਦੀ, ਨਾਲ ਸੁਖਬੀਰ ਅਗਲੇ ਦੋ ਸਾਲਾਂ ਵਿੱਚ ਕਿਸਾਨੀ ਦੀ ਆਮਦਨੀ ਨੂੰ ਦੁੱਗਣਾ ਹੁੰਦੇ ਵੇਖਣ ਦੀ ਉਮੀਦ ਕਿਵੇਂ ਕਰ ਸਕਦੇ ਹਨ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਕਿਸਾਨਾਂ ਦੀ ਤਰੱਕੀ ਤੋਂ ਬਗੈਰ ਪੇਂਡੂ ਖਪਤ ਵਧਣ ਦੀ ਕੋਈ ਸੰਭਾਵਨਾ ਨਹੀਂ ਹੈ ਜਿਸ ਨਾਲ ਆਰਥਿਕ ਵਿਕਾਸ ਵੀ ਘਟੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਸੁਖਬੀਰ ਨੇ ਇਸ ਗੱਲ ਨੂੰ ਮੰਨਣ ਤੋਂ ਇਨਕਾਰ ਕਰਨਾ ਅਤੇ ਮੰਨਣਾ ਕਿ ਖੇਤੀਬਾੜੀ ਖੇਤਰ ਵਿਚ ਇਕ ਗੰਭੀਰ ਸੰਕਟ ਪੈਦਾ ਹੋ ਰਿਹਾ ਹੈ, ਅਕਾਲੀਆਂ ਦੇ ਜ਼ਮੀਨੀ ਪੱਧਰ ਤੋਂ ਪੂਰੀ ਤਰ੍ਹਾਂ ਓਪਰੇ ਵਿਹਾਰ ਨੂੰ ਦਰਸਾਉਂਦਾ ਹੈ। ਆਪਣੇ ਸਿਆਸੀ ਤੇ ਨਿੱਜੀ ਮੁਫਾਦਾਂ ਦੇ ਮੱਦੇਨਜ਼ਰ ਪੰਜਾਬ ਦੇ ਲੋਕਾਂ ਨਾਲ ਅਜਿਹੇ ਵਰਤਾਰੇ ਨੇ ਹੀ ਅਕਾਲੀਆਂ ਦੇ ਸਿਆਸੀ ਕੱਦ ਨੂੰ ਬੌਣਾ ਕਰ ਛੱਡਿਆ ਹੈ। ਉਨ੍ਹਾਂ ਪੁੱਛਿਆ ਕਿ “ਕੋਈ ਹੋਰ ਕਿਵੇਂ ਦੱਸ ਸਕਦਾ ਹੈ ਕਿ ਸੁਖਬੀਰ ਇਹ ਸਵਿਕਾਰ ਕਰਨ ਵਿੱਚ ਪੂਰੀ ਤਰ੍ਹਾਂ ਅਸਫਲ ਰਿਹਾ ਹੈ ਕਿ ਉਸ ਦੇ ਆਪਣੇ ਰਾਜ ਦੇ ਕਿਸਾਨ ਮਦਦ ਲਈ ਪੁਕਾਰ ਰਹੇ ਹਨ, ਜਿਹੜੀ ਸਿਰਫ ਕੇਂਦਰ ਸਰਕਾਰ ਮੁਹੱਈਆ ਕਰਵਾ ਸਕਦੀ ਹੈ?”
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਪੰਜਾਬ ਵਿੱਚ ਬਿਹਤਰ ਕੰਮ ਕਰ ਰਹੀ ਹੈ ਜਦੋਂ ਕਿ ਸਾਰੀਆਂ ਸਮੱਸਿਆਂ ਲਈ ਲੰਬੇ ਸਮੇਂ ਦਾ ਇਕੋ ਹੱਲ ਹੈ ਕਿ ਕੌਮੀ ਪੱਧਰ ‘ਤੇ ਇਕ ਸਮੁੱਚੀ ਰਾਸ਼ਟਰੀ ਨੀਤੀ ਬਣਾਈ ਜਾਵੇ ਜਿਸ ਵਿੱਚ ਕਰਜ਼ਾ ਮੁਆਫੀ, ਸਾਰੀਆਂ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਤੇ ਫਸਲੀ ਵਿਭਿੰਨਤਾ ਆਦਿ ਸ਼ਾਮਲ ਹੋਵੇ। ਦੁੱਖ ਦੀ ਗੱਲ ਹੈ ਕਿ ਬਜਟ ਵਿੱਚ ਫਸਲੀ ਵਿਭਿੰਨਤਾ ਨੂੰ ਪ੍ਰਫੁੱਲਿਤ ਕਰਨ ਲਈ ਕੁੱਝ ਨਹੀਂ ਕੀਤਾ ਗਿਆ ਜਦੋਂ ਕਿ ਸੱਚਾਈ ਇਹ ਹੈ ਕਿ ਅਨਾਜ ਦੇ ਬਫਰ ਸਟਾਕ ਨਾਲ ਪਹਿਲਾਂ ਹੀ ਸੂਬੇ ਅਤੇ ਕਿਸਾਨਾਂ ਉਤੇ ਤਣਾਅ ਹੈ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਬਜਟ ਵਿੱਚ ਐਮ.ਐਸ.ਪੀ. ਤੋਂ ਬਿਨਾਂ ਵਾਲੀਆਂ ਫਸਲਾਂ ਦੀ ਖਰੀਦ ਯਕੀਨੀ ਬਣਾਉਣ ਲਈ ਕੁੱਝ ਨਹੀਂ ਹੈ ਜੋ ਕਿ ਫਸਲੀ ਵਿਭਿੰਨਤਾ ਨੂੰ ਹੁਲਾਰਾ ਦੇਣ ਦੇ ਰਾਹ ਵਿੱਚ ਸਭ ਤੋਂ ਵੱਡੀ ਰੁਕਾਵਟ ਹੈ ਅਤੇ ਇਸ ਨਾਲ ਕਣਕ-ਝੋਨੇ ਦਾ ਫਸਲੀ ਚੱਕਰ ਨਹੀਂ ਟੁੱਟੇਗਾ। ਕਿਸਾਨਾਂ ਦੀ ਆਮਦਨ ਵਧਾਉਣ ਲਈ ਕੁੱਝ ਨਹੀਂ ਕੀਤਾ ਗਿਆ।
ਮੁੱਖ ਮੰਤਰੀ ਨੇ ਕਿਹਾ ਕਿ ਇਥੋਂ ਤੱਕ ਕਿ ਬਜਟ ਵਿੱਚ ਬੇਜ਼ਮੀਨੇ ਕਿਸਾਨਾਂ ਨੂੰ ਵੀ ਪੂਰੀ ਤਰ੍ਹਾਂ ਅਣਗੌਲਿਆ ਗਿਆ ਹੈ। ਇਸੇ ਤਰ੍ਹਾਂ ਪਹਿਲਾਂ ਹੀ ਨੁਕਸ ਭਰੀ ਫਸਲੀ ਬੀਮਾ ਸਕੀਮ ਨੂੰ ਵੀ ਸੁਧਾਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ ਜਿਸ ਦਾ ਸਿੱਧਾ ਨੁਕਸਾਨ ਪੰਜਾਬ ਨੂੰ ਹੋਇਆ ਹੈ। ਇਸ ਤੋਂ ਇਲਾਵਾ ਰਸਾਇਣਕ ਖਾਦਾਂ ਲਈ ਉਤਸ਼ਾਹਪੂਰਵਕ ਸਕੀਮ ਵਿੱਚ ਤਬਦੀਲੀਆਂ ਦੀ ਆੜ ਵਿੱਚ ਭਾਰਤ ਸਰਕਾਰ ਲਈ ਡੀ.ਬੀ.ਟੀ, ਲਿਆਉਣ ਦੀ ਤਿਆਰੀ ਕਰ ਰਹੀ ਹੈ ਜਿਸ ਦਾ ਕਿ ਪੰਜਾਬ ਪਹਿਲਾਂ ਹੀ ਵਿਰੋਧ ਕਰ ਚੁੱਕਾ ਹੈ ਕਿਉਂਕਿ ਇਸ ਨਾਲ ਕਿਸਾਨਾਂ ਉਤੇ 25 ਲੱਖ ਟਨ ਯੂਰੀਆ ਦੀ ਸਾਲਾਨਾ ਵਰਤੋਂ ਲਈ ਕਾਗਜ਼ਾਂ ਦਾ ਬੇਲੋੜਾ ਭਾਰ ਵਧੇਗਾ। ਉਨ੍ਹਾਂ ਅੱਗੇ ਕਿਹਾ ਕਿ ਉਤਪਾਦਕ ਕੰਪਨੀਆਂ ਨੂੰ ਅਦਾਇਗੀ ਕਰਨ ਲਈ ਖਾਦ ਲਈ ਵਧੇਰੇ ਨਗਦ ਉਧਾਰ ਦੀ ਲੋੜ ਨੂੰ ਪੂਰਾ ਕਰਨ ਅਤੇ ਸੇਵਾਵਾਂ ਦੇਣ ਦੇ ਵਿੱਤੀ ਤਣਾਅ ਵਿੱਚ ਵੀ ਵਾਧਾ ਹੋਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਜਿੱਥੋਂ ਤੱਕ ਕਿ ਏ.ਪੀ.ਐਮ.ਸੀ. ਅਤੇ ਕੰਟਰੈਕਟ ਐਕਟ ਵਿੱਚ ਬਦਲਾਅ ਦੀ ਗੱਲ ਹੈ ਤਾਂ ਪੰਜਾਬ ਨੇ ਇਹ ਪਹਿਲਾਂ ਹੀ ਲਾਗੂ ਕੀਤਾ ਹੋਇਆ ਹੈ ਜਿੱਥੇ ਪੰਜਾਬ ਵਿੱਚ ਸਾਰੇ ਕਿਸਾਨਾਂ ਕੋਲ ਕਿਸਾਨ ਕਰੈਡਿਟ ਕਾਰਡ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਪ੍ਰਧਾਨ ਆਪਣੇ ਹੀ ਸੂਬੇ ਵਿੱਚ ਹੋਈ ਇਸ ਪ੍ਰਗਤੀ ਤੋਂ ਪੂਰੀ ਤਰ੍ਹਾਂ ਅਣਜਾਨ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਆਪਣੇ ਰਾਜਸੀ ਆਕਾਵਾਂ (ਭਾਜਪਾ) ਦੀ ਖੁਸ਼ਾਮਦੀ ਵਿੱਚ ਸੁਖਬੀਰ ਬਾਦਲ ਇੰਨਾ ਵਿਅਸਤ ਹੋ ਗਿਆ ਕਿ ਉਸ ਨੂੰ ਇਹ ਨਹੀਂ ਪਤਾ ਕਿ ਉਸ ਦੇ ਸੂਬੇ ਵਿੱਚ ਉਸ ਦੀ ਨੱਕ ਹੇਠ ਕੀ ਚੱਲ ਰਿਹਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਫਿਲਹਾਲ ਇਹ ਕਿਸੇ ਨੂੰ ਵੀ ਨਹੀਂ ਪਤਾ ਕਿ ਕਿਸਾਨ ਰੇਲ ਤੇ ਕ੍ਰਿਸ਼ੀ ਉਡਾਣ ਜਿਹੀ ਯੋਜਨਾਵਾਂ ਪੰਜਾਬ ਨੂੰ ਵੀ ਜੋੜਦੀਆਂ ਹਨ। ਉਨ੍ਹਾਂ ਉਮੀਦ ਪ੍ਰਗਟਾਈ ਕਿ ਕੇਂਦਰੀ ਮੰਤਰੀ ਮੰਡਲ ਵਿੱਚ ਸ਼ਾਮਲ ਅਕਾਲੀ ਮੰਤਰੀ ਘੱਟੋ-ਘੱਟ ਇਸ ਨੂੰ ਯਕੀਨੀ ਬਣਾਉਣ ਲਈ ਕੰਮ ਕਰਨਗੇ ਅਤੇ ਪੰਜਾਬ ਨਾਲ ਕੇਂਦਰ ਵੱਲੋਂ ਮੁੜ ਮਤਰੇਈ ਮਾਂ ਵਾਲਾ ਸਲੂਕ ਨਹੀਂ ਹੋਵੇਗਾ।
ਪਾਣੀ ਦੀ ਸੰਭਾਲ ਵਾਲੀ ਸਕੀਮ ਵਿੱਚ ਵੀ ਕੇਂਦਰ ਸਰਕਾਰ ਵੱਲੋਂ ਸ਼ਨਾਖਤ ਕੀਤੇ ਪਾਣੀ ਦੀ ਕਿੱਲਤ ਵਾਲੇ ਸਥਾਨਾਂ ਵਿੱਚ ਪੰਜਾਬ ਨੂੰ ਬਾਹਰ ਰੱਖਣ ਉਤੇ ਬੋਲਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹੁਣ ਵੇਲਾ ਆ ਗਿਆ ਕਿ ਸੁਖਬੀਰ ਅਤੇ ਉਸ ਦੇ ਸਾਥੀ ਇਨ੍ਹਾਂ ਸਮੱਸਿਆਵਾਂ ਬਾਰੇ ਆਪਣੀਆਂ ਅੱਖਾਂ ਖੋਲ੍ਹ ਲੈਣ ਅਤੇ ਆਪਣੀ ਰਾਜਸੀ ਹਿੱਤਾਂ ਦੀ ਪੂਰਤੀ ਨੂੰ ਛੱਡ ਕੇ ਪੰਜਾਬ ਵੱਲੋਂ ਕੀਤੀ ਜਾ ਰਹੀ ਕੁਰਬਾਨੀ ਨੂੰ ਰੋਕਣ ਲਈ ਕੰਮ ਕਰਨ।
ਮੁੱਖ ਮੰਤਰੀ ਨੇ ਕਿਹਾ ਕਿ ਬਜਟ ਵਿੱਚ ਗਰੀਬਾਂ ਲਈ ਕੀ ਸਥਾਨ ਮਿਲਿਆ? ਬਾਰੇ ਬਹੁਤ ਘੱਟ ਨੇ ਚੰਗਾ ਕਿਹਾ। ਉਨ੍ਹਾਂ ਕਿਹਾ ਕਿ ਕੇਂਦਰ ਸਮਾਜ ਦੇ ਸੀਮਾਂਤ ਤੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਲਈ ਕੋਈ ਵੀ ਸਾਰਥਿਕ ਸਕੀਮ ਲਿਆਉਣ ਵਿੱਚ ਨਾਕਾਮ ਰਿਹਾ। ਸਿੱਖਿਆ ਤੋਂ ਸਿਹਤ ਤੱਕ ਬਜਟ ਅਲਾਟਮੈਂਟ ਵਿੱਚ ਕੋਈ ਵੀ ਪ੍ਰਭਾਵਸ਼ਾਲੀ ਵਾਧਾ ਨਹੀਂ ਕੀਤਾ ਗਿਆ ਅਤੇ ਨਾ ਹੀ ਲੋਕਾਂ ਦੀ ਬਿਹਤਰੀ ਲਈ ਦੂਰਅੰਦੇਸ਼ੀ ਯੋਜਨਾਵਾਂ ਉਲੀਕੀ ਗਈ।

Spread the love