—–ਪ੍ਰਾਈਵੇਟ ਸਕੂਲਾਂ ਤੋਂ ਹਟ ਕੇ 4015 ਬੱਚੇ ਸਰਕਾਰੀ ਸਕੂਲਾਂ ਵਿੱਚ ਹੋਏ ਦਾਖਲ।
—–ਈਚ ਵਨ ਬਰਿੰਗ ਵਨ ਮੁਹਿੰਮ ਨੂੰ ਮਿਲਿਆ ਭਰਵਾਂ ਹੁੰਗਾਰਾ।
—–ਸਰਕਾਰੀ ਅਧਿਆਪਕ ਅਧਿਕਾਰੀਆਂ ਅਤੇ ਸਰਪੰਚਾਂ ਨੇ ਵੀ ਆਪਣੇ ਬੱਚੇ ਕਰਵਾਏ ਸਰਕਾਰੀ ਸਕੂਲਾਂ ਵਿੱਚ ਦਾਖਲ।
ਪਠਾਨਕੋਟ, 6 ਮਈ 2021:– ( ) ਸਿੱਖਿਆ ਸਕੱਤਰ ਕਿ੍ਰਸਨ ਕੁਮਾਰ ਵੱਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਯੋਗ ਅਗਵਾਈ ਹੇਠ ਆਰੰਭੀ ‘ਈਚ ਵਨ ਬਰਿੰਗ ਵਨ‘ ਮੁਹਿੰਮ ਨੂੰ ਜਿਲ੍ਹਾ ਪਠਾਨਕੋਟ ਵਿੱਚ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਦਾਖਲਿਆਂ ਨੂੰ ਸੰਨ੍ਹ ਲਗਾਉਣ ਵਿੱਚ ਕਾਮਯਾਬ ਹੋਏ ਹਨ। ਜਿਲ੍ਹਾ ਪਠਾਨਕੋਟ ਅੰਦਰ ਮੌਜੂਦਾ ਸੈਸਨ ਦੌਰਾਨ ਹੁਣ ਤੱਕ 4015 ਵਿਦਿਆਰਥੀ ਪ੍ਰਾਈਵੇਟ ਸਕੂਲਾਂ ਨੂੰ ਅਲਵਿਦਾ ਕਹਿ ਕੇ ਸਰਕਾਰੀ ਸਕੂਲਾਂ ਵਿੱਚ ਦਾਖਲ ਹੋ ਚੁੱਕੇ ਹਨ। ਪਿਛਲੇ ਸੈਸਨ ਦੌਰਾਨ ਸਰਕਾਰੀ ਸਕੂਲਾਂ ਦੇ ਦਾਖਲਿਆਂ ਵਿੱਚ 15% ਵਾਧਾ ਰਿਕਾਰਡ ਕੀਤਾ ਗਿਆ ਸੀ ਅਤੇ ਇਸ ਸੈਸਨ ਦੌਰਾਨ ਅਧਿਆਪਕਾਂ ਲਈ ਮੁੱਖ ਚੁਣੌਤੀ ਪਿਛਲੇ ਸਾਲ ਦੇ ਵਾਧੇ ਨੂੰ ਕਾਇਮ ਰੱਖਣ ਸੀ, ਪ੍ਰੰਤੂ ਅਧਿਆਪਕਾਂ ਦੀ ਮਿਹਨਤ ਦੀ ਬਦੌਲਤ ਇਸ ਸੈਸਨ ਵਿੱਚ ਪਿਛਲੇ ਸੈਸਨ ਦੇ ਮੁਕਾਬਲੇ 4015 ਬੱਚੇ ਜਿਆਦਾ ਦਾਖਲ ਹੋ ਚੁੱਕੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਜਸਵੰਤ ਸਿੰਘ ਅਤੇ ਜਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਬਲਦੇਵ ਰਾਜ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਦੀ ਸਿੱਖਿਆ ਦਾ ਲੈਵਲ ਬਹੁਤ ਹੀ ਉੱਤਮ ਹੋ ਚੁੱਕਿਆ ਹੈ। ਜਿਸ ਕਾਰਨ ਮਾਪੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿਚੋਂ ਹਟਾ ਕੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜਿਥੇ ਸਰਪੰਚਾਂ, ਪੰਚਾਂ ਅਤੇ ਐਮ.ਸੀਜ ਵੱਲੋਂ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਦਾ ਸਿਲਸਿਲਾ ਜਾਰੀ ਹੈ, ਉੱਥੇ ਸਰਕਾਰੀ ਅਧਿਆਪਕਾਂ ਵੱਲੋਂ ਵੀ ਆਪਣੇ ਬੱਚਿਆਂ ਨੂੰ ਵੱਡੇ ਪੱਧਰ ਤੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਦਾਖਲਾ ਮੁਹਿੰਮ ਨੂੰ ਗਤੀ ਦੇਣ ਲਈ ਸਿੱਖਿਆ ਸਕੱਤਰ ਕਿ੍ਰਸਨ ਕੁਮਾਰ ਵੱਲੋਂ ਵੀ ਲਗਾਤਾਰ ਪਠਾਨਕੋਟ ਦੇ ਵੱਖ ਵੱਖ ਸਕੂਲਾਂ ਦਾ ਦੌਰਾ ਕਰਕੇ ਸਕੂਲ ਮੁਖੀਆਂ ਨੂੰ ਉਤਸਾਹਿਤ ਕੀਤਾ ਜਾ ਰਿਹਾ ਹੈ ਅਤੇ ਜਿਲ੍ਹਾ ਇਨਰੌਲਮੈਂਟ ਬੂਸਟਰ ਟੀਮਾਂ ਵੱਲੋਂ ਵੀ ਰੋਜਾਨਾ ਸਕੂਲਾਂ ਦੇ ਪ੍ਰੇਣਾਦਾਇਕ ਦੌਰੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਨਵੇਂ ਦਾਖਲਿਆਂ ਲਈ ਵੱਖ ਵੱਖ ਮਾਧਿਅਮਾਂ ਦੁਆਰਾਂ ਕਾਬਿਲੇ ਤਾਰੀਫ ਪ੍ਰਚਾਰ ਕੀਤਾ ਜਾ ਰਿਹਾ ਹੈ। ਕੋਵਿਡ-19 ਦੇ ਚਲਦਿਆਂ ਸਕੂਲ ਮੁਖੀਆ ਵੱਲੋਂ ਵੀਡਿਓ ਕਾਨਫਰੰਸ ਦੁਆਰਾ ਬੱਚਿਆ ਦੇ ਮਾਤਾ ਪਿਤਾ ਨਾਲ ਰਾਬਤਾ , ਅਧਿਆਪਕਾਂ ਵੱਲੋਂ ਘਰ ਘਰ ਡਿਜੀਟਲ ਵਿਧੀਆਂ ਦੁਆਰਾਂ ਪ੍ਰਚਾਰ ਅਤੇ ਦਾਖਲਾ ਐਪ ਬਣਾ ਕੇ ਸਰਕਾਰੀ ਸਕੂਲਾਂ ਵਿੱਚ ਬੱਚਿਆ ਦਾ ਆਨ-ਲਾਈਨ ਦਾਖਲਾ ਕੀਤਾ ਜਾ ਰਿਹਾ ਹੈ।
ਜਿਲ੍ਹਾ ਮੀਡੀਆ ਕੋਆਰਡੀਨੇਟਰ ਬਲਕਾਰ ਅੱਤਰੀ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਮੁਖੀਆ ਅਤੇ ਅਧਿਆਪਕਾਂ ਵੱਲੋਂ ਸਰਕਾਰੀ ਸਕੂਲਾਂ ਵਿੱਚ ਦਾਖਲਾ ਵਧਾਉਣ ਤੇ ਸਰਕਾਰੀ ਸਕੂਲਾਂ ਦੀਆ ਪ੍ਰਾਪਤੀਆਂ ਸਮਾਜਿਕ ਭਾਈਚਾਰੇ ਤੱਕ ਪਹੁੰਚਾਉਣ ਲਈ ਰੇਡੀਓ ਰਾਹੀਂ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਹਰ ਸਨੀਵਾਰ ਤੇ ਐਤਵਾਰ ਦੂਰਦਰਸਨ ਤੇ ਨਵੀਂਆਂ ਪੈੜਾਂ ਪ੍ਰੋਗਰਾਮ ਵਿੱਚ ਸਰਕਾਰੀ ਸਕੂਲਾਂ ਦੇ ਬੱਚਿਆ ਵੱਲੋਂ ਸੁੰਦਰ ਪੇਸਕਾਰੀਆਂ ਕੀਤੀਆਂ ਜਾ ਰਹੀਆ ਹਨ। ਇਸ ਦੇ ਨਾਲ ਨਾਲ ਪੈਂਫਲਿਟ, ਈ-ਪ੍ਰਾਸਪੈਕਟਸ, ਨੁੱਕੜ ਨਾਟਕ , ਸਕੂਲ ਤੇ ਜਲਿ੍ਹੇ ਵੱਲੋਂ ਸਰਕਾਰੀ ਸਕੂਲਾਂ ਦੀਆ ਪ੍ਰਾਪਤੀਆਂ ਦੇ ਫਲੈਕਸ , ਧਾਰਮਿਕ ਸਥਾਨਾਂ ਵਿੱਚ ਪ੍ਰਚਾਰ , ਬੱਸ ਸਟੈਂਡਾਂ ਤੇ ਅਨਾਉਂਸਮੈਂਟ ਅਤੇ ਆਨ-ਲਾਈਨ ਵੀਡਿਓ ਕਾਨਫਰੰਸ ਆਦਿ ਸਾਧਨਾਂ ਦੁਆਰਾ ਸਮਾਜਿਕ ਭਾਈਚਾਰੇ ਤੱਕ ਪਹੁੰਚ ਬਣਾਈ ਹੋਈ ਹੈ।