ਨਵਾਂਸ਼ਹਿਰ, 7 ਮਈ :
ਵਧੀਆ ਕਾਰਗੁਜ਼ਾਰੀ ਵਿਖਾਉਣ ਵਾਲੇ ਪੁਲਿਸ ਕਰਮੀਆਂ ਨੂੰ ਹਰੇਕ ਮਹੀਨੇ ਸਨਮਾਨਿਤ ਕਰਨ ਦੀ ਲੜੀ ਤਹਿਤ ਅੱਜ ਸੀਨੀਅਰ ਪੁਲਿਸ ਕਪਤਾਨ ਅਲਕਾ ਮੀਨਾ ਵੱਲੋਂ ਜ਼ਿਲੇ ਦੇ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਪੁਲਿਸ ਕਰਮਚਾਰੀਆਂ ਦਾ ਸਨਮਾਨ ਕੀਤਾ ਗਿਆ। ਇਸ ਦੌਰਾਨ ਅਪ੍ਰੈਲ 2021 ਦੌਰਾਨ ਵਧੀਆ ਕਾਰਗੁਜ਼ਾਰੀ ਲਈ ਮੁੱਖ ਅਫ਼ਸਰ ਥਾਣਾ ਔੜ ਇੰਸਪੈਕਟਰ ਮਲਕੀਤ ਸਿੰਘ ਨੂੰ ਪਹਿਲਾ, ਇੰਚਾਰਜ ਚੌਕੀ ਜਾਡਲਾ ਏ. ਐਸ. ਆਈ ਬਿਕਰਮ ਸਿੰਘ ਨੂੰ ਦੂਜਾ ਅਤੇ ਮੁੱਖ ਅਫ਼ਸਰ ਥਾਣਾ ਸਿਟੀ ਨਵਾਂਸ਼ਹਿਰ ਐਸ. ਆਈ. ਬਖਸ਼ੀਸ਼ ਸਿੰਘ ਨੂੰ ਤੀਜਾ ਸਥਾਨ ਮਿਲਿਆ। ਇਸ ਤਰਾਂ ਜਨਵਰੀ 2021 ਦੌਰਾਨ ਵਧੀਆ ਢੰਗ ਨਾਲ ਆਪਣੀ ਡਿਊਟੀ ਨਿਭਾਉਣ ਵਾਲਿਆਂ ਕਰਮੀਆਂ ਨੂੰ ਵੀ ਉਨਾਂ ਸਨਮਾਨਿਤ ਕੀਤਾ, ਜਿਨਾਂ ਵਿਚ ਮੁੱਖ ਅਫ਼ਸਰ ਥਾਣਾ ਪੋਜੇਵਾਲ ਐਸ. ਆਈ ਪਰਮਿੰਦਰ ਸਿੰਘ ਨੂੰ ਪਹਿਲਾ, ਥਾਣਾ ਸਿਟੀ ਬੰਗਾ ਦੇ ਐਸ. ਆਈ ਮਹਿੰਦਰ ਸਿੰਘ ਨੂੰ ਦੂਜਾ ਅਤੇ ਸੀ. ਸੀ. ਟੀ. ਐਨ. ਐਸ ਏ ਦੇ ਇੰਚਾਰਜ ਐਸ. ਆਈ ਰੇਸ਼ਮ ਸਿੰਘ ਨੂੰ ਤੀਸਰਾ ਸਥਾਨ ਪ੍ਰਾਪਤ ਹੋਇਆ। ਇਸ ਤੋਂ ਇਲਾਵਾ ਫਰਵਰੀ 2021 ਦੌਰਾਨ ਵਧੀਆ ਕਾਰਗੁਜ਼ਾਰੀ ਵਿਖਾਉਣ ਵਾਲੇ ਜਿਨਾਂ ਕਰਮੀਆਂ ਨੂੰ ਸਨਮਾਨਿਤ ਕੀਤਾ ਗਿਆ, ਉਨਾਂ ਵਿਚ ਮੁੱਖ ਅਫ਼ਸਰ ਥਾਣਾ ਬਲਾਚੌਰ ਐਸ. ਆਈ ਅਵਤਾਰ ਸਿੰਘ ਨੂੰ ਪਹਿਲਾ, ਮੁੱਖ ਅਫ਼ਸਰ ਥਾਣਾ ਮੁਕੰਦਪੁਰ ਇੰਸਪੈਕਟਰ ਗੁਰਮੁੱਖ ਸਿੰਘ ਨੂੰ ਦੂਜਾ ਅਤੇ ਸ਼ਿਕਾਇਤ ਸ਼ਾਖਾ ਐਸ. ਐਸ. ਪੀ ਦਫ਼ਤਰ ਦੇ ਮੁੱਖ ਸਿਪਾਹੀ ਹਰਸਪਾਲ ਨੂੰ ਤੀਸਰਾ ਸਥਾਨ ਮਿਲਿਆ।
ਇਸ ਮੌਕੇ ਸੀਨੀਅਰ ਪੁਲਿਸ ਕਪਤਾਨ ਅਲਕਾ ਮੀਨਾ ਨੇ ਦੱਸਿਆ ਕਿ ਮਾਰਚ ਮਹੀਨੇ ਵਿਚ ਵਧੀਆ ਕਾਰਗੁਜ਼ਾਰੀ ਵਿਖਾਉਣ ਵਾਲੇ ਪੁਲਿਸ ਕਰਮੀਆਂ ਨੂੰ ਪਹਿਲਾਂ ਹੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਨਾਂ ਹੋਰਨਾਂ ਪੁਲਿਸ ਕਰਮਚਾਰੀਆਂ ਨੂੰ ਵੀ ਸੰਦੇਸ਼ ਦਿੱਤਾ ਕਿ ਉਹ ਆਪਣੀ ਡਿਊਟੀ ਵਧੀਆ ਢੰਗ ਨਾਲ ਨਿਭਾਉਣ, ਤਾਂ ਜੋ ਅਗਲੇ ਮਹੀਨੇ ਦੀ ਲਿਸਟ ਵਿਚ ਉਨਾਂ ਦਾ ਨਾਮ ਵੀ ਸ਼ੁਮਾਰ ਕੀਤਾ ਜਾ ਸਕੇ। ਉਨਾਂ ਦੱਸਿਆ ਕਿ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਕਰਮਚਾਰੀਆਂ ਦੀਆਂ ਤਸਵੀਰਾਂ ਐਸ. ਐਸ. ਪੀ ਦਫ਼ਤਰ ਵਿਖੇ ‘ਇੰਪਲਾਈਜ਼ ਆਫ ਦ ਮੰਥ ਨੋਟਿਸ ਬੋਰਡ’ ਉੱਤੇ ਮਹੀਨਾ ਵਾਰ ਇਕ ਸਾਲ ਲਈ ਸੁਸ਼ੋਭਿਤ ਕੀਤੀਆਂ ਜਾਣਗੀਆਂ, ਤਾਂ ਜੋ ਹੋਰਨਾਂ ਕਰਮਚਾਰੀਆਂ ਨੂੰ ਵੀ ਪ੍ਰੇਰਣਾ ਮਿਲੇ। ਇਸ ਮੌਕੇ ਐਸ. ਪੀ ਮਨਵਿੰਦਰ ਬੀਰ ਸਿੰਘ, ਐਸ. ਪੀ ਵਜੀਰ ਸਿੰਘ ਖਹਿਰਾ ਤੇ ਹੋਰ ਪੁਲਿਸ ਅਧਿਕਾਰੀ ਹਾਜ਼ਰ ਸਨ।