ਯੂਰੋਪੀਅਨ ਕੌਂਸਲ ਦੇ ਪ੍ਰਧਾਨ ਸ਼੍ਰੀ ਚਾਰਲਸ ਮਿਸ਼ੇਲ ਦੇ ਸੱਦੇ ’ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭਾਰਤ–ਯੂਰੋਪੀਅਨ ਯੂਨੀਅਨ ਦੇ ਲੀਡਰਾਂ ਦੇ ਦਰਮਿਆਨ ਬੈਠਕ ਵਿੱਚ ਹਿੱਸਾ ਲਿਆ।
ਹਾਈਬ੍ਰਿਡ ਫ਼ਾਰਮੈਟ ’ਚ ਹੋਈ ਇਸ ਬੈਠਕ ’ਚ ਯੂਰੋਪੀਅਨ ਯੂਨੀਅਨ ਦੇ ਸਾਰੇ 27 ਮੈਂਬਰ ਦੇਸ਼ਾਂ ਦੇ ਲੀਡਰਾਂ ਦੇ ਨਾਲ–ਨਾਲ ਯੂਰੋਪੀਅਨ ਕੌਂਸਲ ਤੇ ਯੂਰੋਪੀਅਨ ਕਮਿਸ਼ਨ ਦੇ ਪ੍ਰਧਾਨ ਨੇ ਵੀ ਹਿੱਸਾ ਲਿਆ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਯੂਰੋਪੀਅਨ ਯੂਨੀਅਨ ਨੇ EU+27 ਫ਼ਾਰਮੈਟ ਵਿੱਚ ਭਾਰਤ ਨਾਲ ਇੱਕ ਬੈਠਕ ਦੀ ਮੇਜ਼ਬਾਨੀ ਕੀਤੀ ਹੈ। ਇਹ ਬੈਠਕ ਯੂਰੋਪੀਅਨ ਯੂਨੀਅਨ ਦੀ ਕੌਂਸਲ ਦੀ ਪੁਰਤਗਾਲੀ ਪ੍ਰਧਾਨਗੀ ਦੀ ਪਹਿਲਕਦਮੀ ਸੀ।
ਇਸ ਬੈਠਕ ਦੌਰਾਨ, ਲੀਡਰਾਂ ਨੇ ਲੋਕਤੰਤਰ, ਬੁਨਿਆਦੀ ਆਜ਼ਾਦੀਆਂ, ਕਾਨੂੰਨ ਦੇ ਸ਼ਾਸਨ ਤੇ ਬਹੁਪੱਖਵਾਦ ਦੀ ਸਾਂਝੀ ਪ੍ਰਤੀਬੱਧਤਾ ਦੇ ਅਧਾਰ ਉੱਤੇ ਭਾਰਤ–ਯੂਰੋਪੀਅਨ ਯੂਨੀਅਨ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦੀ ਇੱਛਾ ਪ੍ਰਗਟਾਈ। ਉਨ੍ਹਾਂ ਤਿੰਨ ਪ੍ਰਮੁੱਖ ਵਿਸ਼ੇਗਤ ਖੇਤਰਾਂ ਬਾਰੇ ਵਿਚਾਰਾਂ ਦਾ ਅਦਾਨ–ਪ੍ਰਦਾਨ ਕੀਤਾ: i) ਵਿਦੇਸ਼ ਨੀਤੀ ਤੇ ਸੁਰੱਖਿਆ; ii) ਕੋਵਿਡ–19, ਪੌਣ–ਪਾਣੀ ਤੇ ਵਾਤਾਵਰਣ; ਅਤੇ iii) ਵਪਾਰ, ਕਨੈਕਟੀਵਿਟੀ ਤੇ ਟੈਕਨੋਲੋਜੀ। ਉਨ੍ਹਾਂ ਕੋਵਿਡ–19 ਮਹਾਮਾਰੀ ਦਾ ਟਾਕਰਾ ਕਰਨ ਤੇ ਆਰਥਿਕ ਪੁਨਰ–ਸੁਰਜੀਤੀ, ਪੌਣ–ਪਾਣੀ ਦੀ ਤਬਦੀਲੀ ਨਾਲ ਨਿਪਟਣ ਤੇ ਬਹੁ–ਪੱਖੀ ਸੰਸਥਾਨਾਂ ’ਚ ਸੁਧਾਰ ਲਿਆਉਣ ਬਾਰੇ ਨੇੜਲਾ ਸਹਿਯੋਗ ਕਾਇਮ ਕਰਨ ਬਾਰੇ ਵਿਚਾਰ–ਵਟਾਂਦਰਾ ਕੀਤਾ। ਭਾਰਤ ਨੇ ਯੂਰੋਪੀਅਨ ਯੂਨੀਅਨ ਤੇ ਉਸ ਦੇ ਮੈਂਬਰ ਦੇਸ਼ਾਂ ਵੱਲੋਂ ਕੋਵਿਡ ਦੀ ਦੂਸਰੀ ਲਹਿਰ ਦਾ ਮੁਕਾਬਲਾ ਕਰਨ ਲਈ ਮੁਹੱਈਆ ਕੀਤੀ ਜਾ ਰਹੀ ਤੁਰੰਤ ਸਹਾਇਤਾ ਦੀ ਸ਼ਲਾਘਾ ਕੀਤੀ।
ਲੀਡਰਾਂ ਨੇ ਸੰਤੁਲਿਤ ਤੇ ਵਿਆਪਕ ਮੁਕਤ ਵਪਾਰ ਤੇ ਨਿਵੇਸ਼ ਸਮਝੌਤਿਆਂ ਲਈ ਗੱਲਬਾਤ ਮੁੜ–ਸ਼ੁਰੂ ਕਰਨ ਦੇ ਫ਼ੈਸਲੇ ਦਾ ਸੁਆਗਤ ਕੀਤਾ। ਵਪਾਰ ਤੇ ਨਿਵੇਸ਼ ਸਮਝੌਤਿਆਂ ਬਾਰੇ ਗੱਲਬਾਤ ਸਮਾਨਾਂਤਰ ਲੀਹਾਂ ਉੱਤੇ ਕੀਤੀ ਜਾਵੇਗੀ ਅਤੇ ਮਿਲ ਕੇ ਦੋਵੇਂ ਸਮਝੌਤਿਆਂ ਬਾਰੇ ਛੇਤੀ ਫ਼ੈਸਲਾ ਹਾਸਲ ਕਰਨ ਦੀ ਇੱਛਾ ਨਾਲ ਅੱਗੇ ਵਧਿਆ ਜਾਵੇਗਾ। ਇਹ ਇੱਕ ਵੱਡਾ ਨਤੀਜਾ ਹੈ, ਜੋ ਦੋਵੇਂ ਧਿਰਾਂ ਨੂੰ ਆਰਥਿਕ ਭਾਈਵਾਲੀ ਦੀ ਮੁਕੰਮਲ ਸੰਭਾਵਨਾ ਦਾ ਅਹਿਸਾਸ ਕਰਨ ਦੇ ਯੋਗ ਹੋਵੇਗਾ। ਭਾਰਤ ਤੇ ਯੂਰੋਪੀਅਨ ਯੂਨੀਅਨ ਨੇ ਵਿਸ਼ਵ ਵਪਾਰ ਸੰਗਠਨ (ਡਬਲਿਊਟੀਓ) ਮੁੱਦਿਆਂ, ਰੈਗੂਲੇਟਰੀ ਸਹਿਯੋਗ, ਬਜ਼ਾਰ ਪਹੁੰਚ ਦੇ ਮਾਮਲਿਆਂ ਤੇ ਸਪਲਾਈ ਚੇਨ ਝੱਲਣਯੋਗਤਾ, ਆਰਥਿਕ ਗਤੀਵਿਧੀ ਨੂੰ ਹੋਰ ਡੂੰਘਾ ਕਰਨ ਤੇ ਹੋਰ ਵਿਭਿੰਨਤਾ ਕਰਨ ਦੀ ਇੱਛਾ ਪ੍ਰਦਰਸ਼ਿਤ ਕਰਨ ਲਈ ਸਮਰਪਿਤ ਗੱਲਬਾਤ ਦਾ ਐਲਾਨ ਵੀ ਕੀਤਾ।
ਭਾਰਤ ਤੇ ਯੂਰੋਪੀਅਨ ਯੂਨੀਅਨ ਨੇ ਇੱਕ ਉਦੇਸ਼ਮੁਖੀ ਤੇ ਵਿਆਪਕ ‘ਕਨੈਕਟੀਵਿਟੀ ਪਾਰਟਨਰਸ਼ਿਪ’ ਦੀ ਸ਼ੁਰੂਆਤ ਕੀਤੀ, ਜੋ ਡਿਜੀਟਲ, ਊਰਜਾ, ਟ੍ਰਾਂਸਪੋਰਟ ਤੇ ਲੋਕਾਂ ਤੋਂ ਲੋਕਾਂ ਦੀ ਕਨੈਕਟੀਵਿਟੀ ਵਧਾਉਣ ਉੱਤੇ ਕੇਂਦ੍ਰਿਤ ਹੈ। ਇਹ ਭਾਈਵਾਲੀ ਸਮਾਜਿਕ, ਆਰਥਿਕ, ਵਿੱਤੀ, ਜਲਵਾਯੂ ਤੇ ਵਾਤਾਵਰਣਕ ਟਿਕਾਊਯੋਗਤਾ ਤੇ ਅੰਤਰਰਾਸ਼ਟਰੀ ਕਾਨੂੰਨ ਲਈ ਸਤਿਕਾਰ ਤੇ ਪ੍ਰਤੀਬੱਧਤਾਵਾਂ ਦੇ ਸਾਂਝੇ ਸਿਧਾਂਤਾਂ ਉੱਤੇ ਅਧਾਰਿਤ ਹੈ। ਇਹ ਭਾਈਵਾਲੀ ਕਨੈਕਟੀਵਿਟੀ ਪ੍ਰੋਜੈਕਟਾਂ ਲਈ ਨਿਜੀ ਤੇ ਜਨਤਕ ਫ਼ਾਈਨਾਂਸਿੰਗ ਦਾ ਉਤਪ੍ਰੇਰਕ ਹੋਵੇਗੀ। ਇਹ ਭਾਰਤ–ਪ੍ਰਸ਼ਾਂਤ ਖੇਤਰ ਸਮੇਤ ਤੀਸਰੇ ਦੇਸ਼ਾਂ ਵਿੱਚ ਕਨੈਕਟੀਵਿਟੀ ਪਹਿਲਾਂ ਦੀ ਮਦਦ ਲਈ ਨਵੇਂ ਉਤਪ੍ਰੇਰਕ ਵੀ ਵਿਕਸਿਤ ਕਰੇਗੀ।
ਭਾਰਤ ਤੇ ਯੂਰੋਪੀਅਨ ਯੂਨੀਅਨ ਦੇ ਲੀਡਰਾਂ ਨੇ ਪੈਰਿਸ ਸਮਝੌਤੇ ਦੇ ਟੀਚਿਆਂ ਦੀ ਪ੍ਰਾਪਤੀ ਲਈ ਆਪਣੀ ਪ੍ਰਤੀਬੱਧਤਾ ਦੁਹਰਾਈ ਤੇ ਜਲਵਾਯੂ ਪਰਿਵਰਤਨ ਦੇ ਪ੍ਰਭਾਵ ਘਟਾਉਣ, ਉਨ੍ਹਾਂ ਨੂੰ ਅਨੁਕੂਲ ਤੇ ਝੱਲਣਯੋਗ ਬਣਾਉਣ ਲਈ ਸਾਂਝੀਆਂ ਕੋਸ਼ਿਸ਼ਾਂ ਮਜ਼ਬੂਤ ਕਰਨ ਦੇ ਨਾਲ–ਨਾਲ COP26 ਦੇ ਸੰਦਰਭ ਵਿੱਚ ਵਿੱਤ ਸਮੇਤ ਲਾਗੂ ਕਰਨ ਦੇ ਸਾਧਨ ਮੁਹੱਈਆ ਕਰਵਾਉਣ ਲਈ ਸਹਿਮਤ ਹੋਏ। ਭਾਰਤ ਨੇ ਯੂਰੋਪੀਅਨ ਯੂਨੀਅਨ ਦੇ ਸੀਡੀਆਰਆਈ ’ਚ ਸ਼ਾਮਲ ਹੋਣ ਦੇ ਯੂਰੋਪੀਅਨ ਯੂਨੀਅਨ ਦੇ ਫ਼ੈਸਲੇ ਦਾ ਸੁਆਗਤ ਕੀਤਾ। ਭਾਰਤ ਤੇ ਯੂਰੋਪੀਅਨ ਯੂਨੀਅਨ ਏਆਈ ਬਾਰੇ ਸਾਂਝੇ ਕਾਰਜ–ਬਲ ਤੇ ਡਿਜੀਟਲ ਨਿਵੇਸ਼ ਫ਼ੋਰਮ ਦੇ ਛੇਤੀ ਸੰਚਾਲਨ ਸਮੇਤ 5ਜੀ, ਏਆਈ, ਕੁਐਂਟਮ ਤੇ ਉੱਚ–ਤਰਜੀਹੀ ਕੰਪਿਊਟਿੰਗ ਜਿਹੀਆਂ ਡਿਜੀਟਲ ਤੇ ਉੱਭਰ ਰਹੀਆਂ ਟੈਕਨੋਲੋਜੀਆਂ ਬਾਰੇ ਦੁਵੱਲਾ ਸਹਿਯੋਗ ਵਧਾਉਣ ਲਈ ਵੀ ਸਹਿਮਤੀ ਪ੍ਰਗਟਾਈ।
ਲੀਡਰਾਂ ਨੇ ਆਤੰਕਵਾਦ–ਵਿਰੋਧੀ, ਸਾਈਬਰ–ਸਕਿਓਰਿਟੀ ਤੇ ਸਮੁੰਦਰੀ ਯਾਤਰਾ ਦੇ ਸਹਿਯੋਗ ਸਮੇਤ ਖੇਤਰੀ ਤੇ ਅੰਤਰਰਾਸ਼ਟਰੀ ਮੁੱਦਿਆਂ ਉੱਤੇ ਵਧਦੀਆਂ ਜਾ ਰਹੀਆਂ ਕੇਂਦਰਮੁਖਤਾਵਾਂ ਉੱਤੇ ਤਸੱਲੀ ਪ੍ਰਗਟਾਈ। ਇਨ੍ਹਾਂ ਲੀਡਰਾਂ ਨੇ ਮੁਕਤ, ਖੁੱਲ੍ਹੇ, ਸਮਾਵੇਸ਼ੀ ਤੇ ਨਿਯਮਾਂ ਅਧਾਰਿਤ ਭਾਰਤ–ਪ੍ਰਸ਼ਾਂਤ ਖੇਤਰ ਦੇ ਮਹਤੱਵ ਨੂੰ ਕਬੂਲ ਕੀਤਾ ਤੇ ਭਾਰਤ ਦੀ ਭਾਰਤ–ਪ੍ਰਸ਼ਾਂਤ ਮਹਾਂਸਾਗਰ ਦੀ ਪਹਿਲਕਦਮੀ ਅਤੇ ਭਾਰਤ–ਪ੍ਰਸ਼ਾਂਤ ਖੇਤਰ ਬਾਰੇ ਯੂਰੋਪੀਅਨ ਯੂਨੀਅਨ ਦੀ ਨਵੀਂ ਰਣਨੀਤੀ ਦੇ ਸੰਦਰਭ ਸਮੇਤ ਇਸ ਖੇਤਰ ਵਿੱਚ ਨੇੜਿਓਂ ਸਰਗਰਮ ਹੋਣ ਲਈ ਸਹਿਮਤ ਹੋਏ।
ਲੀਡਰਾਂ ਦੀ ਬੈਠਕ ਦੇ ਨਾਲ–ਨਾਲ ਭਾਰਤ–ਯੂਰੋਪੀਅਨ ਯੂਨੀਅਨ ਬਿਜ਼ਨਸ ਗੋਲ–ਮੇਜ਼ ਵਾਰਤਾ ਦਾ ਆਯੋਜਨ ਵੀ ਪੌਣ–ਪਾਣੀ, ਡਿਜੀਟਲ ਤੇ ਸਿਹਤ–ਸੰਭਾਲ ਵਿੱਚ ਸਹਿਯੋਗ ਲਈ ਆਯਾਮ ਉਜਾਗਰ ਕਰਨ ਹਿਤ ਕੀਤਾ ਗਿਆ। ਪੁਣੇ ਮੈਟਰੋ ਰੇਲ ਪ੍ਰੋਜੈਕਟ ਲਈ 15 ਕਰੋੜ ਯੂਰੋ ਦੇ ਵਿੱਤੀ ਠੇਕੇ ਉੱਤੇ ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਅਤੇ ਯੂਰੋਪੀਅਨ ਇਨਵੈਸਟਮੈਂਟ ਬੈਂਕ ਵੱਲੋਂ ਹਸਤਾਖਰ ਕੀਤੇ ਗਏ। ਭਾਰਤ–ਯੂਰੋਪੀਅਨ ਯੂਨੀਅਨ ਦੇ ਲੀਡਰਾਂ ਦੀ ਬੈਠਕ ਨੇ ਰਣਨੀਤਿਕ ਭਾਈਵਾਲੀ ਦੀ ਨਵੀਂ ਦਿਸ਼ਾ ਮੁਹੱਈਆ ਕਰਵਾਉਂਦਿਆਂ ਇੱਕ ਅਹਿਮ ਮੀਲ–ਪੱਥਰ ਕਾਇਮ ਕੀਤਾ ਹੈ ਅਤੇ ਉਦੇਸ਼ਮੁਖੀ ਭਾਰਤ–ਯੂਰੋਪੀਅਨ ਯੂਨੀਅਨ ਰੋਡਮੈਪ 2025 ਲਾਗੂ ਕਰਨ ਲਈ ਤਾਜ਼ਾ ਜ਼ੋਰ ਦਿੱਤਾ ਗਿਆ ਹੈ ਅਤੇ ਜੁਲਾਈ 2020 ਬਾਰੇ 15ਵਾਂ ਭਾਰਤ–ਯੂਰੋਪੀਅਨ ਯੂਨੀਅਨ ਸਿਖ਼ਰ–ਸੰਮੇਲਨ ਨੂੰ ਅਪਣਾਇਆ ਗਿਆ।