ਕੋਵਿਡ-19: ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨਾਗਰਿਕਾਂ ਲਈ ਸਿਹਤ ਸਲਾਹ ਜਾਰੀ

ਭੀੜ ਵਿਚ ਜਾਣ ਸਮੇਂ ਰੱਖਿਆ ਜਾਵੇ ਕਰਨ ਅਤੇ ਨਾ ਕਰਨ ਵਾਲੇ ਕਾਰਜਾਂ ਦਾ ਖਿਆਲ
ਚੰਡੀਗੜ•, 6 ਮਾਰਚ:
ਪੰਜਾਬ ਸਰਕਾਰ ਵੱਲੋਂ ਭੀੜ ਵਿੱਚ ਜਾਣ ਸਮੇਂ ਕਰਨ ਅਤੇ ਨਾ ਕਰਨ ਵਾਲੇ ਕੰਮਾਂ ਅਤੇ ਸਾਵਧਾਨੀਆਂ ਸਬੰਧੀ ਸਲਾਹ ਜਾਰੀ ਕੀਤੀ ਗਈ ਹੈ।
ਸਿਹਤ ਸਲਾਹ ਵਿੱਚ ਦੱਸਿਆ ਗਿਆ ਕਿ ਕਿਸੇ ਨਾਲ ਹੱਥ ਨਾ ਮਿਲਾਓ, ਕਿਸੇ ਨੂੰ ਗਲਵੱਕੜੀ ਨਾ ਪਾਓ, ਖੁੱਲੇ ਵਿੱਚ ਨਾ ਥੁੱਕੋ, ਜਿਸ ਵਿਅਕਤੀ ਨੂੰ ਬੁਖਾਰ ਹੈ ਉਸਨੂੰ ਭੀੜ ਵਿੱਚ ਜਾਣ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ ਅਤੇ ਜਿਸ ਵਿਅਕਤੀ ਨੂੰ ਖੰਘ ਜਾਂ ਬੁਖਾਰ ਹੈ ਉਸ ਵਿਅਕਤੀ ਤੋਂ ਲਗਭਗ 1 ਮੀਟਰ ਦੀ ਦੂਰੀ ਰੱਖੋ। ਜੇਕਰ ਕਿਸੇ ਵਿਅਕਤੀ ਨੂੰ ਖੰਘ ਜਾਂ ਬੁਖਾਰ ਹੈ ਤਾਂ ਉਸ ਨੂੰ ਆਪਣਾ ਮੂੰਹ ਮਾਸਕ ਜਾਂ ਰੁਮਾਲ ਨਾਲ ਢੱਕ ਕੇ ਰੱਖਣਾ ਚਾਹੀਦਾ ਹੈ। ਜਿਸ ਵਿਅਕਤੀ ਨੂੰ ਖੰਘ ਜਾਂ ਬੁਖਾਰ ਹੈ ਉਸ ਨੂੰ ਲਾਜਮੀ ਤੌਰ ਤੇ ਨਜਦੀਕੀ ਸਰਕਾਰੀ ਹਸਪਤਾਲ ਵਿੱਚ ਰਿਪੋਰਟ ਕਰਨੀ ਚਾਹੀਦੀ ਹੈ।
ਜੇਕਰ ਕਿਸੇ ਵਿਅਕਤੀ ਨੇ ਪਿਛਲੇ 14 ਦਿਨਾਂ ਦੌਰਾਨ ਚੀਨ, ਨੇਪਾਲ ਦੀ ਯਾਤਰਾ ਕੀਤੀ ਹੋਵੇ ਤਾਂ ਉਸ ਨੂੰ 14 ਦਿਨਾਂ ਲਈ ਘਰ ਵਿੱਚ ਅਲੱਗ ਰੱਖਿਆ ਜਾਣਾ ਚਾਹੀਦਾ ਹੈ ਅਤੇ ਕਿਸੇ ਭੀੜ ਵਾਲੇ ਸਥਾਨ ‘ਤੇ ਨਹੀਂ ਜਾਣਾ ਚਾਹੀਦਾ। ਜਾਰੀ ਸਲਾਹ ਅਨੁਸਾਰ ਸਿਹਤਮੰਦ ਵਿਅਕਤੀ ਜਿਸਨੂੰ ਖੰਘ, ਬੁਖਾਰ ਨਹੀਂ ਹੈ, ਨੂੰ ਮਾਸਕ ਦੀ ਜਰੂਰਤ ਨਹੀਂ ਹੈ। ਵਧੇਰੇ ਜਾਣਕਾਰੀ ਲਈ ਹੈਲਪਲਾਈਨ ਨੰਬਰ 104 ‘ਤੇ ਸੰਪਰਕ ਕੀਤਾ ਜਾਵੇ।

Spread the love