ਬਟਾਲਾ, 17 ਮਈ , 2021- ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕਰੋਨਾ ਦੇ ਲੱਛਣ ਵਿਖਾਈ ਦੇਣ ਤੇ ਇਸ ਦਾ ਟੈਸਟ ਜਰੂਰ ਕਰਵਾਉਣ। ਉਨਾਂ ਨੇ ਕਿਹਾ ਹੈ ਕਿ ਡਾਕਟਰੀ ਰਿਪੋਰਟਾਂ ਅਨੁਸਾਰ ਪਾਇਆ ਗਿਆ ਹੈ ਕਿ ਜੇਰਕ ਬਿਮਾਰੀ ਦਾ ਜਲਦੀ ਪਤਾ ਲੱਗ ਜਾਵੇ ਅਤੇ ਅਗੇਤਾ ਇਲਾਜ ਸ਼ੁਰੂ ਹੋ ਜਾਵੇ ਤਾਂ ਇਸ ਬਿਮਾਰੀ ’ਤੇ ਸਹਿਜੇ ਹੀ ਕਾਬੂ ਪਾਇਆ ਜਾ ਸਕਦਾ ਹੈ ਅਤੇ ਅਨਮੋਲ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਿਚ ਇਹ ਟੈਸਟ ਬਿਲਕੁੱਲ ਮੁਫ਼ਤ ਹੁੰਦਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਹੜੇ ਵਿਅਕਤੀਆਂ ਨੂੰ ਕਿ ਖੰਘ, ਜੁਕਾਰ, ਬੁਖਾਰ, ਸਿਰਦਰਦ ਜਾਂ ਬਦਨਦਰਦ, ਸਾਹ ਲੈਣ ਵਿਚ ਤਕਲੀਫ ਹੈ, ਜਾਂ ਉਹ ਕਿਸੇ ਕਰੋਨਾ ਪੀੜਤ ਦੇ ਸੰਪਰਕ ਵਿਚ ਆਏ ਹਨ ਤਾਂ ਉਨ੍ਹਾਂ ਨੂੰ ਆਪਣਾ ਟੈਸਟ ਜਰੂਰ ਕਰਵਾਉਣਾ ਚਾਹੀਦਾ ਹੈ। ਉਨਾਂ ਨੇ ਕਿਹਾ ਕਿ ਟੈਸਟ ਕਰਵਾ ਕੇ ਜਦ ਤੱਕ ਨਤੀਜਾ ਨਾ ਆਵੇ, ਇਕਾਂਤਵਾਸ ਵਿਚ ਰਿਹਾ ਜਾਵੇ ਅਤੇ ਆਪਣੇ ਘਰ ਦੇ ਅੰਦਰ ਹੀ ਆਪਣੇ ਪਰਿਵਾਰ ਤੋਂ ਅੱਲਗ ਰਹੋ। ਉਨਾਂ ਨੇ ਕਿਹਾ ਕਿ ਇਸ ਤਰਾਂ ਜੇਕਰ ਕਿਸੇ ਨੂੰ ਬਿਮਾਰੀ ਹੋਵੇ ਤਾਂ ਉਸਦੀ ਲਾਗ ਬਾਕੀ ਪਰਿਵਾਰ ਦੇ ਮੈਂਬਰਾਂ ਨੂੰ ਲੱਗਣ ਤੋਂ ਰੋਕੀ ਜਾ ਸਕਦੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਰੋਨਾ ਤੋਂ ਬਚਣ ਲਈ ਸਾਨੂੰ ਵੈਕਸੀਨ ਲਗਾਉਣੀ ਚਾਹੀਦੀ ਹੈ ਅਤੇ ਨਾਲ ਹੀ ਘਰ ਤੋਂ ਬਾਹਰ ਨਿਕਲਣ ਸਮੇਂ ਮਾਸਕ ਲਗਾਇਆ ਜਾਵੇ, ਸਮਾਜਿਕ ਦੂਰੀ ਦੇ ਸਿਧਾਂਤ ਦੀ ਪਾਲਣਾ ਕੀਤੀ ਜਾਵੇ, ਵਾਰ-ਵਾਰ ਹੱਥ ਧੋਤੇ ਜਾਣ ਅਤੇ ਸਰਕਾਰ ਦੀਆਂ ਜੋ ਵੀ ਹਦਾਇਤਾਂ ਹਨ ਉਨ੍ਹਾਂ ਦੀ ਪਾਲਣਾ ਕੀਤੀ ਜਾਵੇ।