ਕੋਵਿਡ ਦੇ ਮੱਦੇਨਜਰ ਜ਼ਿਲ੍ਹਾ ਫਾਜ਼ਿਲਕਾ ਅਧੀਨ ਆਉਂਦੇ ਪਿੰਡਾਂ ਵਿਚ 24 ਘੰਟੇ ਪਹਿਰਾ ਲਗਾਉਣ ਦੇ ਹੁਕਮ

ਪਿੰਡ ਵਿਚ ਬਾਹਰਲੇ ਵਿਅਕਤੀ ਦੇ ਦਾਖਲ ਹੋਣ `ਤੇ ਕੰਟਰੋਲ ਰੂਮ ਨੰਬਰ `ਤੇ ਦਿੱਤੀ ਜਾਵੇ ਜਾਣਕਾਰੀ
ਫਾਜ਼ਿਲਕਾ, 20 ਮਈ, 2021
ਜ਼ਿਲ੍ਹਾ ਮੈਜਿਸਟਰੇਟ ਸ੍ਰੀ ਹਰੀਸ਼ ਨਇਅਰ ਆਈ.ਏ.ਐਸ. ਨੇ ਪੰਜਾਬ ਵਿਲੇਜ਼ ਅਤੇ ਸਮਾਲ ਟਾਉਨ ਪਟਰੋਲ ਐਕਟ 1918 ਸੈਕਸ਼ਨ 3(1) ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਕਮ ਜਾਰੀ ਕੀਤੇ ਹਨ ਕਿ ਜ਼ਿਲ੍ਹਾ ਫਾਜ਼ਿਲਕਾ ਅਧੀਨ ਆਉਂਦੇ ਪਿੰਡਾਂ ਵਿਚ ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਨਰੋਈ ਸਿਹਤ ਵਾਲੇ ਬਾਲਗ ਵਿਅਕਤੀ 24 ਘੰਟੇ ਪਹਿਰਾ ਲਗਾਉਣਗੇ ਅਤੇ ਹਰ ਵਿਅਕਤੀ ਨੂੰ ਮਾਸਕ ਪਾਉਣ ਅਤੇ 2 ਗਜ਼ ਦੀ ਦੂਰੀ ਬਣਾ ਕੇ ਰੱਖਣ ਲਈ ਜਾਗਰੂਕ ਕਰਨਗੇ।ਇਹ ਹੁਕਮ ਅਗਲੇ ਹੁਕਮਾਂ ਤੱਕ ਲਾਗੂ ਰਹਿਣਗੇ।
ਜ਼ਿਲ੍ਹਾ ਮੈਜਿਸਟਰੇਨ ਨੇ ਕਿਹਾ ਕਿ ਕੋਵਿਡ-19 ਦੀ ਬਿਮਾਰੀ ਵਿਸ਼ਵ ਭਰ ਵਿਚ ਫੈਲਣ ਤੋਂ ਬਾਅਦ ਭਾਰਤ ਵਿਚ ਵੀ ਪੈਰ ਪਸਾਰਣੇ ਸ਼ੁਰੂ ਕਰ ਦਿੱਤੇ ਹਨ ਜਿਸ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਫਾਜ਼ਿਲਕਾ ਵਿਚ ਇਸ ਵਾਇਰਸ ਦੇ ਫੈਲਣ ਦਾ ਖਤਰਾ ਲਗਾਤਾਰ ਬਣਿਆ ਹੋਇਆ ਹੈ ਜਿਸ ਦੀ ਰੋਕਥਾਮ ਕਰਨੀ ਜ਼ਰੂਰੀ ਹੈ।ਇਸ ਮਹਾਂਮਾਰੀ ਨੂੰ ਦੇਖਦਿਆਂ ਆਮ ਲੋਕਾਂ ਦੀ ਸੁਰੱਖਿਆ ਅਤੇ ਜਨਤਕ ਹਿੱਤਾਂ ਨੂੰ ਦੇਖਦੇ ਹੋਏ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲੇ੍ਹ ਅੰਦਰ ਨਾਈਟ ਕਰਫਿਉ ਲਗਾਇਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਪਿੰਡਾਂ ਅੰਦਰ ਸਰਪੰਚ/ਪੰਚਾਇਤ ਮੈਂਬਰਾਂ ਰਾਹੀਂ ਠੀਕਰੀ ਪੈਹਿਰੇ ਲਗਵਾਏ ਜਾਣਗੇ ਅਤੇ ਠੀਕਰੀ ਪਹਿਰਾ ਦੇਣ ਵਾਲੇ ਵਿਅਕਤੀਆਂ ਵੱਲੋਂ ਇਹ ਯਕੀਨੀ ਬਣਾਇਆ ਜਾਵੇ ਕਿ ਜੇਕਰ ਕੋਈ ਬਾਹਰੋਂ ਵਿਅਕਤੀ ਲੁਕਛਿਪ ਕੇ ਪਿੰਡ ਵਿਚ ਦਾਖਲਾ ਹੁੰਦਾ ਹੈ ਤਾਂ ਉਸ ਬਾਰੇ ਪੁਲਿਸ ਕੰਟਰੋਲ ਰੂਮ ਦੇ ਨੰਬਰ 01638-262800 ਅਤੇ ਦਫਤਰ ਡਿਪਟੀ ਕਮਿਸ਼ਨਰ ਦੇ ਕੰਟਰੋਲ ਰੂਮ ਨੰਬਰ 01638-260555 `ਤੇ ਜਾਣਕਾਰੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ 60 ਸਾਲ ਤੋਂ ਵੱਧ ਉਮਰ ਵਾਲੇ ਬਜੁਰਗਾਂ ਅਤੇ ਅੰਗਹੀਣ ਵਿਅਕਤੀਆਂ ਨੂੰ ਇਹ ਪਹਿਰਾ ਦੇਣ ਤੋਂ ਛੋਟ ਹੋਵੇਗੀ।ਉਨ੍ਹਾਂ ਕਿਹਾ ਕਿ ਪਿੰਡ ਵਿਚ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ, ਬਲਾਕ ਵਿਕਾਸ ਪੰਚਾਇਤ ਅਫਸਰ ਅਤੇ ਪਿੰਡਾਂ ਦੇ ਮੁੱਖ ਥਾਣਾ ਅਫਸਰ ਇਹ ਹੁਕਮ ਸਖਤੀ ਨਾਲ ਲਾਗੂ ਕਰਵਾਉਣਗੇ।

Spread the love