ਕੋਵਿਡ ਮਰੀਜ਼ਾਂ ਤੋ ਵਾਧੂ ਖਰਚਾ ਵਸੂਲਣ ਵਾਲੇ ਨਿੱਜੀ ਹਸਪਤਾਲਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ – ਡੀ.ਸੀ. ਵਰਿੰਦਰ ਕੁਮਾਰ ਸ਼ਰਮਾ

VARINDER KUMAR SHARMA
ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਬਹੁਮੰਜ਼ਿਲਾਂ ਪਾਰਕਿੰਗ ਸਟੈਂਡ ਦੀ ਪਾਰਕਿੰਗ ਦਾ ਠੇਕਾ ਰੱਦ

ਸਰਕਾਰ ਦੋਸ਼ੀ ਹਸਪਤਾਲ ਨੂੰ ਆਪਣੇ ਅਧੀਨ ਜਾਂ ਬੰਦ ਕਰਨ ਦਾ ਰੱਖਦੀ ਹੈ ਪੂਰਨ ਅਧਿਕਾਰ
ਹੈਲਪਲਾਈਨ ਨੰਬਰ 104 ਜਾਂ ਡੀ.ਸੀ. ਦਫਤਰ ਵਿਖੇ ਕਰਵਾਈ ਜਾ ਸਕਦੀ ਹੈ ਸ਼ਿਕਾਇਤ ਦਰਜ
ਲੁਧਿਆਣਾ, 21 ਮਈ,2021 ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਵਿਡ-19 ਮਰੀਜ਼ਾਂ ਦੇ ਇਲਾਜ ਲਈ ਵਾਧੂ ਖਰਚਾ ਵਸੂਲ ਕੇ ਫਾਇਦਾ ਚੁੱਕਣ ਵਾਲੇ ਹਸਪਤਾਲਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਜੇਕਰ ਕੋਈ ਹਸਪਤਾਲ ਜਾਂ ਡਾਕਟਰ ਕੋਰੋਨਾ ਵਾਇਰਸ ਤੋਂ ਪੀੜਤ ਮਰੀਜਾਂ ਦਾ ਸ਼ੋਸ਼ਣ ਕਰਦਾ ਹੈ ਤਾਂ ਜ਼ਿਲ੍ਹਾ ਪ੍ਰਸ਼ਾਸਨ ਐਪੀਡੈਮਿਕ ਡਿਸੀਜ਼ ਐਕਟ ਤਹਿਤ ਉਨ੍ਹਾਂ ਵਿਰੁੱਧ ਸਖਤ ਕਾਰਵਾਈ ਕਰੇਗਾ। ਸਰਕਾਰ ਕੋਲ ਅਜਿਹੇ ਹਸਪਤਾਲਾਂ ਨੂੰ ਬੰਦ ਕਰਨ ਜਾਂ ਅਪਣੇ ਕੰਟਰੋਲ ਹੇਠ ਲੈਣ ਦਾ ਅਧਿਕਾਰ ਹੈ।
ਸ੍ਰੀ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਨਿੱਜੀ ਹਸਪਤਾਲ ਸਰਕਾਰ ਵੱਲੋਂ ਨਿਰਧਾਰਤ ਕੀਤੇ ਤੈਅ ਰੇਟਾਂ ਤੋਂ ਵੱਧ ਪੈਸ ਵਸੂਲ ਕੇ ਮਰੀਜ਼ਾਂ ਨੂੰ ਠੱਗ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਕੋਈ ਹਸਪਤਾਲ ਅਜਿਹਾ ਕਰਦਾ ਪਾਇਆ ਜਾਂਦਾ ਹੈ ਤਾਂ ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਉਨ੍ਹਾਂ ਸਪੱਸ਼ਟ ਕੀਤਾ ਕਿ ਸਾਰੇ ਨਿੱਜੀ ਹਸਪਤਾਲ ਕਿਸੇ ਵੀ ਮਰੀਜ਼ ਦੀ ਮਜਬੂਰੀ ਦਾ ਫਾਇਦਾ ਨਹੀਂ ਉਠਾਉਣਗੇ ਅਤੇ ਅਜਿਹਾ ਕਰਨ ਵਾਲੇ ਦੋਸ਼ੀ ਹਸਪਤਾਲ ਖਿਲਾਫ ਸਖਤ ਕਾਰਵਾਈ ਕਰਨ ਤੋਂ ਇਲਾਵਾ ਸਰਕਾਰ ਕੋਲ ਕੋਈ ਹੋਰ ਵਿਕਲਪ ਨਹੀਂ ਬਚੇਗਾ।
ਉਨ੍ਹਾਂ ਕਿਹਾ ਕਿ ਸਾਡੇ ਸਰਕਾਰੀ ਅਤੇ ਪ੍ਰਾਈਵੇਟ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਨੇ ਇਸ ਔਖੀ ਘੜੀ ਵਿੱਚ ਤਨਦੇਹੀ ਨਾਲ ਲੋਕਾਂ ਦੀ ਸੇਵਾ ਕਰਕੇ ਇੱਕ ਚੰਗੀ ਮਿਸਾਲ ਕਾਇਮ ਕੀਤੀ ਹੈ ਪਰ ਸਿਸਟਮ ਵਿੱਚ ਕੁਝ ਅਜਿਹੇ ਵਿਅਕਤੀ ਵੀ ਹਨ ਜੋ ਸਥਿਤੀ ਦਾ ਨਾਜਾਇਜ਼ ਫਾਇਦਾ ਚੁੱਕਦੇ ਹੋਏ ਲੋਕਾਂ ਨੂੰ ਧੋਖਾ ਦੇ ਰਹੇ ਹਨ।
ਉਨ੍ਹਾਂ ਦੱਸਿਆ ਕਿ ਇਹ ਮੰਦਭਾਗਾ ਹੈ ਕਿ ਅਜਿਹੇ ਲੋਕ ਸਮੁੱਚੇ ਪੇਸ਼ੇ ਦੇ ਅਕਸ ਨੂੰ ਢਾਹ ਲਾ ਰਹੇ ਹਨ। ਉਨ੍ਹਾਂ ਅਜਿਹੇ ਅਨਸਰਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਆਪਣੀ ਹਰਕਤਾਂ ਤੋਂ ਤੁਰੰਤ ਬਾਜ ਆ ਜਾਣ ਨਹੀਂ ਤਾਂ ਸਖਤ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ।
ਉਨ੍ਹਾਂ ਦੱਸਿਆ ਕਿ ਸੂਬਾ ਅਤੇ ਜ਼ਿਲ੍ਹਾ ਪੱਧਰੀ ਕਮੇਟੀ ਜਲਦ ਹੀ ਨਿੱਜੀ ਹਸਪਤਾਲਾਂ ਵੱਲੋਂ ਕਰਵਾਏ ਗਏ ਕੋਵਿਡ-19 ਮਰੀਜ਼ਾਂ ਦੇ ਇਲਾਜ਼ ਦਾ ਵਿਸਥਾਰਤ ਆਡਿਟ ਕਰੇਗੀ। ਇਸ ਸਬੰਧੀ ਸ਼ਿਕਾਇਤ ਸਿਹਤ ਵਿਭਾਗ ਦੇ 104 ਹੈਲਪਲਾਈਨ ਨੰਬਰ ‘ਤੇ ਅਤੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਵਿਖੇ ਦਰਜ ਕਰਵਾਈ ਜਾ ਸਕਦੀ ਹੈ।

Spread the love