ਮੁੱਖ ਮੰਤਰੀ ਦੇ ਐਲਾਨ ਤੋਂ ਬਾਅਦ ਭਾਈ ਜੈਤਾ ਜੀ ਦੀ ਯਾਦਗਾਰ ਦਾ ਕੰਮ ਤੇਜ਼ੀ ਦੇ ਨਾਲ ਜਾਰੀ, ਛੇ ਮਹੀਨਿਆਂ ‘ਚ ਯਾਦਗਾਰ ਦੇ ਨਿਰਮਾਣ ਦਾ ਕੰਮ ਹੋਵੇਗਾ ਮੁਕੰਮਲ

10 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਜਾ ਰਹੀ ਹੈ ਯਾਦਗਾਰ, 32 ਟਨ ਦਾ ਲਗਾਇਆ ਗਿਆ ਖੰਡਾ, ਰਹਿੰਦਾ ਕੰਮ ਜੰਗੀ ਪੱਧਰ ਤੇ ਜਾਰੀ
ਧੋਲਪੁਰ ਦੇ ਪੱਥਰ ਲਗਾਉਣ ਲਈ ਰਾਜਸਥਾਨ ਤੋਂ ਆਏ ਮਾਹਰ ਕਾਰੀਗਰ ਦਿਨ ਰਾਤ ਕੰਮ ‘ਚ ਡਟੇ
ਸ੍ਰੀ ਅਨੰਦਪੁਰ ਸਾਹਿਬ, 22 ਮਈ,2021
ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਸਮਾਗਮ ਮੌਕੇ ਕੀਤੇ ਗਏ ਐਲਾਨ ਤੋਂ ਬਾਅਦ ਭਾਈ ਜੈਤਾ ਜੀ ਦੀ ਯਾਦਗਾਰ ਦੇ ਨਿਰਮਾਣ ਦੇ ਕਮਮ ਨੂੰ ਤੇਜ਼ੀ ਦੇ ਨਾਲ ਮੁਕੰਮਲ ਕਰਨ ‘ਚ ਅਧਿਕਾਰੀਆਂ ਦੀ ਦੇਖਰੇਖ ਹੇਠ ਨਿਰਮਾਣ ਕੰਪਨੀ ਦੀਆਂ ਟੀਮਾਂ ਦਿਨ ਰਾਤ ਪੂਰੀ ਸ਼ਿੱਦਤ ਦੇ ਨਾਲ ਡਟੀਆਂ ਹੋਈਆਂ ਹਨ।
ਦੱਸਣਯੋਗ ਹੈ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਦੇ ਵਿਧਾਨ ਸਭਾ ਹਲਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਉਸਾਰੀ ਜਾ ਰਹੀ ਇਸ ਵਿਲੱਖਣ ਯਾਦਗਾਰ ਦੇ ਰਹਿੰਦੇ ਕੰਮ ਨੂੰ ਛੇ ਮਹੀਨੇ ਵਿੱਚ ਮੁਕੰਮਲ ਕਰਨ ਦੇ ਲਈ ਬਰੀਕੀ ਦੇ ਨਾਲ ਦੇਖਰੇਖ ਕੀਤੀ ਜਾ ਰਹੀ ਹੈ। ਇਹੀ ਨਹੀਂ ਸਿੱਖਾਂ ਦੇ ਦਸਵੇਂ ਗੁਰੂ ਸਰੀ ਗੁਰੂ ਗੋਬਿੰਦ ਸਿੰਘ ਜੀ ਦੇ ਭਰੋਸੇਯੋਗ ਜਰੈਨਲ ਭਾਈ ਜੈਤਾ ਜੀ ਨੇ ਹਿੰਦ ਦੀ ਚਾਦਰ ਗੁਰੂ ਤੇਗ਼ ਬਹਾਦਰ ਜੀ ਦੀ ਦਿੱਲੀ ਦੇ ਚਾਂਦਨੀ ਚੌਂਕ ‘ਚ ਮਨੁੱਖਤਾ ਦੇ ਭਲੇ ਲਈ ਦਿੱਤੀ ਸ਼ਹਾਦਤ ਤੋਂ ਬਾਅਦ ਬੇਖੌਫ ਹੋ ਕੇ ਉਨ੍ਹਾਂ ਦਾ ਸੀਸ ਲਿਆ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਭੇਂਟ ਕੀਤਾ ਸੀ। ਜਿਸਤੋਂ ਬਾਅਦ ਸੀਸ ਦਾ ਸਸਕਾਰ ਗੁਰਦੁਆਰਾ ਸੀਸਗੰਜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੀਤਾ ਗਿਆ ਸੀ। ਇਸਲਈ ਭਾਈ ਜੈਤਾ ਜੀ ਦੇ ਯਾਦ ਤੇ ਉਨ੍ਹਾਂ ਵੱਲੋਂ ਚਮਕੌਰ ਸਾਹਿਬ ਦੀ ਜੰਗ ‘ਚ ਕੌਮ ਖਾਤਰ ਦਿੱਤੀ ਕੁਰਬਾਨੀ ਨੂੰ ਨੌਜੁਆਨ ਪੀੜ੍ਹੀ ਤੱਕ ਪਹੁੰਚਾਉਣ ਲਈ ਉਕਤ ਯਾਦਗਾਰ ਦਾ ਨਿਰਮਾਣ 10 ਕਰੋੜ ਰੁਪਏ ਦੀ ਲਾਗਤ ਨਾਲ ਵਿਰਾਸਤ-ਏ-ਖਾਲਸਾ ਦੇ ਨਾਲ ਹੀ ਕਿਸਾਨ ਹਵੇਲੀ ਵਾਲੇ ਪਾਸੇ ਕਰਵਾਇਆ ਜਾ ਰਿਹਾ ਹੈ।
ਇਸ ਨਿਰਮਾਣ ਦੀ ਦੇਖਰੇਖ ਕਰ ਰਹੇ ਸੈਰ ਸਪਾਟਾ ਤੇ ਸੱਭਿਆਚਾਰਕ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਭੁਪਿੰਦਰ ਸਿੰਘ ਚਾਨਾ, ਇੰਜੀਨੀਅਰ ਰਜੇਸ਼ ਸ਼ਰਮਾ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਤਿਆਰ ਡਿਜ਼ਾਈਨ ਅਨੁਸਾਰ ਸਬੰਧਿਤ ਕੰਪਨੀ ਵੱਲੋਂ ਨਿਰਮਾਣ ਕਾਰਜ ਲਈ ਵੱਖੋਂ-ਵੱਖਰੀਆਂ ਟੀਮਾਂ ਲਗਾ ਕੇ ਕੰਮ ਕਰਵਾਇਆ ਜਾ ਰਿਹਾ ਹੈ। ਜਿੱਥੇ ਇਮਾਰਤ ਦੇ ਨਿਰਮਾਣ ‘ਚ ਟੀਮਾਂ ਲੱਗੀਆਂ ਹੋਈਆਂ ਹਨ ਉੱਥੇ ਹੀ ਧੋਲਪੁਰ ਦਾ ਪੱਥਰ ਲਗਾਉਣ ਲਈ ਰਾਜਸਥਾਨ ਤੋਂ ਆਏ ਕਾਰੀਗਰਾਂ ਵੱਲੋਂ ਪੂਰੀ ਤਨਦੇਹੀ ਦੇ ਨਾਲ ਕੰਮ ਕੀਤਾ ਜਾ ਰਿਹਾ ਹੈ। ਇਹੀ ਨਹੀਂ ਇੱਥੇ 32 ਟਨ ਦਾ ਸਟੇਨਲੈਸ ਸਟੀਲ ਦੇ ਖੰਡੇ ਦੇ ਰਹਿੰਦੇ ਕੰਮ ਨੂੰ ਮੁਕੰਮਲ ਕਰਨ ਲਈ ਟੀਮਾਂ ਡਟੀਆਂ ਹੋਈਆਂ ਹਨ ਤਾਂ ਜੋ ਮਿੱਥੇ ਸਮੇਂ ‘ਚ ਯਾਦਗਾਰ ਦੇ ਨਿਰਮਾਣ ਦਾ ਕੰਮ ਨਬੇੜਿਆਂ ਜਾ ਸਕੇ।

Spread the love