ਤਰਨਤਾਰਨ, 23 ਮਈ,2021
ਗਰਮੀਆਂ ਦੀ ਛੁੱਟੀਆਂ ਹੋਣ ਦੇ ਬਾਵਜੂਦ ਮਾਪੇ-ਅਧਿਆਪਕ ਰਾਬਤਾ ਮੁਹਿੰਮ ਭਲਕੇ 24 ਮਈ ਤੋਂ 31 ਮਈ ਤੱਕ ਜਾਰੀ ਰਹੇਗੀ।ਮਾਪਿਆਂ ਨਾਲ ਫੋਨ ਕਾਲ ਰਾਹੀਂ ਰਾਬਤਾ ਵਧਾਉਣ ਲਈ ਸਿੱਖਿਆ ਅਧਿਕਾਰੀ ਅਤੇ ਅਧਿਆਪਕਾਂ ਨੇ ਪੂਰੀ ਤਰ੍ਹਾਂ ਤਿਆਰ ਹਨ। ਸ਼੍ਰੀ ਰਾਜੇਸ਼ ਕੁਮਾਰ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਤਰਨਤਾਰਨ ਨੇ ਕਿਹਾ ਕਿ ਘਰ ਬੈਠੇ ਵਿਦਿਆਰਥੀਆਂ ਲਈ ਇਹ ਮੁਹਿੰਮ ਹੋਰ ਸਾਰਥਿਕ ਹੋਵੇਗੀ।
ਪੰਜਾਬ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹਦੇ ਪ੍ਰੀ-ਪ੍ਰਾਇਮਰੀ (ਐੱਲ. ਕੇ. ਜੀ. ਤੇ ਯੂ. ਕੇ. ਜੀ. ) ਅਤੇ ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਬੱਚਿਆਂ ਦੀ ਪੜ੍ਹਾਈ, ਸਿਹਤ ਸੰਭਾਲ, ਘਰ ਦੇ ਕੰਮ, ਭੇਜੀਆਂ ਜਾ ਰਹੀਆਂ ਵੱਖ-ਵੱਖ ਸਲਾਈਡਾਂ, ਦਾਖਲਾ ਮੁਹਿੰਮ ਆਦਿ ਜਾਣਕਾਰੀ ਦੇਣ ਲਈ ਸਿੱਖਿਆ ਵਿਭਾਗ ਪੰਜਾਬ ਵੱਲੋਂ ਮਾਪੇ-ਅਧਿਆਪਕ ਰਾਬਤਾ ਮੁਹਿੰਮ 24 ਤੋਂ 31 ਮਈ ਤੱਕ ਚਲਾਈ ਜਾਵੇਗੀ।
ਇਸ ਸਬੰਧੀ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਪੰਜਾਬ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਐਲੀਮੈਂਟਰੀ ਸਿੱਖਿਆ ਨੂੰ ਕਿਹਾ ਕਿ ਸਿੱਖਿਆ ਵਿਭਾਗ ਦੇ ਸਮੂਹ ਅਧਿਕਾਰੀ, ਸਕੂਲ ਮੁਖੀ, ਅਧਿਆਪਕ ਅਤੇ ਹੋਰ ਕਰਮਚਾਰੀ ਕੋਵਿਡ ਮਹਾਂਮਾਰੀ ਦੇ ਦੌਰਾਨ ਵੀ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਬੱਚਿਆਂ ਨਾਲ `ਘਰ ਬੈਠੇ ਸਿੱਖਿਆ` ਪ੍ਰੋਗਰਾਮ ਤਹਿਤ ਆਨਲਾਈਨ ਜੁੜ ਕੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਕਾਰਜਸ਼ੀਲ ਹਨ।
ਸ਼੍ਰੀ ਪਰਮਜੀਤ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਤਰਨਤਾਰਨ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਮਾਪੇ-ਅਧਿਆਪਕ ਰਾਬਤਾ ਮੁਹਿੰਮ ਤਹਿਤ ਕੀਤੀ ਗਈ ਪਹਿਲਕਦਮੀ ਵਿੱਚ ਸਕੂਲ ਮੁਖੀ ਅਤੇ ਅਧਿਆਪਕ ਫੋਨ ਕਾਲ ਰਾਹੀਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਮਾਪਿਆਂ ਨਾਲ ਵਿਸ਼ੇਸ਼ ਸਮਾਂ ਸਾਰਣੀ ਬਣਾ ਕੇ 24 ਤੋਂ 31 ਮਈ ਤੱਕ ਹਰੇਕ ਵਿਦਿਆਰਥੀ ਦੇ ਮਾਤਾ/ਪਿਤਾ/ਸਰਪ੍ਰਸਤ ਨਾਲ ਗੱਲਬਾਤ ਕਰਨਗੇ।
ਇਸ ਗੱਲਬਾਤ ਦੌਰਾਨ ਮਾਪਿਆਂ ਨੂੰ ਬੱਚਿਆਂ ਦੀ ਪੜ੍ਹਾਈ ਲਈ ਸਿੱਖਿਆ ਵਿਭਾਗ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਜਿਵੇਂ ਦੂਰਦਰਸ਼ਨ ਪੰਜਾਬੀ ਤੇ ਆਨਲਾਈਨ ਟੀਵੀ ਕਲਾਸਾਂ, ਪੰਜਾਬ ਐਜੂਕੇਅਰ ਐਪ ਰਾਹੀਂ ਬੱਚਿਆਂ ਦੇ ਬੌਧਿਕ ਵਿਕਾਸ ਲਈ ਭੇਜੀਆਂ ਜਾ ਰਹੀਆਂ ਗਿਆਨ ਵਧਾਊ ਸਲਾਈਡਾਂ, ਵੀਡੀਓ ਐਪ ਰਾਹੀਂ ਕਰਵਾਈ ਜਾ ਰਹੀ ਪੜ੍ਹਾਈ, ਕੋਵਿਡ-19 ਦੇ ਸੰਕ੍ਰਮਣ ਤੋਂ ਬਚਾਅ ਲਈ ਸਰਕਾਰ ਵੱਲੋਂ ਜਾਰੀ ਹਦਾਇਤਾਂ ਸਬੰਧੀ ਜਾਗਰੂਕ ਕਰਨ ਬਾਰੇ ਗੱਲਬਾਤ ਕੀਤੀ ਜਾਵੇਗੀ।
ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਪੇ ਅਧਿਆਪਕ ਰਾਬਤਾ ਮੁਹਿੰਮ ਦੌਰਾਨ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਦੇ ਮੈਂਬਰ ਮਾਪਿਆਂ ਨਾਲ ਰਾਬਤਾ ਕਰਨ ਲਈ ਸਹਿਯੋਗ ਦੇਣਗੇ ਅਤੇ ਨਿਰਧਾਰਿਤ ਗੂਗਲ ਪ੍ਰੋਫਾਰਮਾ ਵੀ ਭਰਨਗੇ।
ਇਸ ਸਬੰਧੀ ਸ਼੍ਰੀ ਪ੍ਰੇਮ ਸਿੰਘ ਜਿਲ੍ਹਾ ਮੀਡੀਆ ਕੋਆਰਡੀਨੇਟਰ ਨੇ ਕਿਹਾ ਕਿ ਵੱਖ-ਵੱਖ ਸੋਸ਼ਲ ਮੀਡੀਆ ਸਾਧਨਾਂ ਦਾ ਪ੍ਰਯੋਗ ਕਰਦਿਆਂ ਅਧਿਆਪਕ, ਸਕੂਲ ਮੁਖੀ ਸਾਹਿਬਾਨ ਦੇ ਪੋਸਟਰ, ਆਡੀਓ, ਲਿਖਤੀ ਸੁਨੇਹੇ ਭੇਜ ਕੇ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਅਗਾਊਂ ਜਾਣੂੰ ਕਰਵਾਇਆ ਗਿਆ ਹੈ।