ਐਨਜੀਓ ਵੱਲੋਂ 23 ਆਕਸੀਜਨ ਕੰਸਨਟ੍ਰੇਟਰ ਜ਼ਿਲਾ ਪ੍ਰਸ਼ਾਸਨ ਨੂੰ ਭੇਟ

ਔਖੀ ਘੜੀ ਵਿਚ ਸੰਸਥਾਵਾਂ ਦਾ ਲੋਕ ਭਲਾਈ ਲਈ ਅੱਗੇ ਆਉਣਾ ਸ਼ਲਾਘਾਯੋਗ: ਡਿਪਟੀ ਕਮਿਸ਼ਨਰ
ਸੰਸਥਾ ਮੈਂਬਰਾਂ ਨੇ 5000 ਮਾਸਕ, 100 ਔਕਸੀਮੀਟਰ ਤੇ ਹੋਰ ਸਾਮਾਨ ਵੀ ਕੀਤਾ ਭੇਟ
ਬਰਨਾਲਾ, 24 ਮਈ,2021
ਕਰੋਨਾ ਮਹਾਮਾਰੀ ਦੌਰਾਨ ਮਰੀਜ਼ਾਂ ਦੀ ਮਦਦ ਲਈ ਅੱਗੇ ਆਉਦੇ ਹੋਏ ‘ਬਰੇਵਹਾਰਟਸ’ ਨਾਮੀ ਐਨਜੀਓ ਵੱਲੋਂ ਅੱਜ ਜ਼ਿਲਾ ਪ੍ਰਸ਼ਾਸਨ ਬਰਨਾਲਾ ਨੂੰ 16 ਲੱਖ ਤੋਂ ਵੱਧ ਕੀਮਤ ਦੇ 23 ਆਕਸੀਜਨ ਕੰਸਨਟੇ੍ਰਟਰ, 5000 ਮਾਸਕ, 100 ਪਲਸ ਔਕਸੀਮੀਟਰ, ਸੈਨੇਟਾਈਜ਼ਰ, ਵਿਟਾਮਿਨ ਸੀ ਗੋਲੀਆਂ, ਡਿਜੀਟਲ ਥਰਮਾਮੀਟਰ ਤੇ ਹੋਰ ਸਾਮਾਨ ਭੇਟ ਕੀਤਾ ਗਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਤੇਜਪਾਲ ਸਿੰੰਘ ਤਲਵੰਡੀ ਅਤੇ ਰਤਨਜੋਤ ਬਦੇਸ਼ਾਂ ਦੀ ਅਗਵਾਈ ਹੇਠ ਚੱਲ ਰਹੀ ਸੰਸਥਾ ਬਰੇਵਹਾਰਟਸ ਦੇ ਯਤਨਾਂ ਦੀ ਸ਼ਲਾਘਾ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਸਾਮਾਨ ਸਿਹਤ ਵਿਭਾਗ ਰਾਹੀਂ ਕਰੋਨਾ ਮਰੀਜ਼ਾਂ ਤੱਕ ਪਹੁੰਚਾਇਆ ਜਾਵੇਗਾ, ਜੋ ਵਰਦਾਨ ਸਾਬਿਤ ਹੋਵੇਗਾ। ਇਸ ਮੌਕੇ ਉਨਾਂ ਏਆਈਜੀ ਭੁਪਿੰਦਰ ਸਿੰਘ ਦਾ ਵੀ ਸੁਹਿਰਦ ਯਤਨਾਂ ਲਈ ਧੰਨਵਾਦ ਕੀਤਾ।
ਇਸ ਮੌਕੇ ਤੇਜਪਾਲ ਸਿੰਘ ਤਲਵੰਡੀ ਨੇ ਆਖਿਆ ਕਿ ਉਨਾਂ ਦੀ ਸੰਸਥਾ ਐਨਆਰਆਈਜ਼ ਦੀ ਮਦਦ ਨਾਲ ਸਮੇਂ ਸਮੇਂ ’ਤੇ ਲੋਕ ਭਲਾਈ ਲਈ ਯਤਨਸ਼ੀਲ ਹੈ। ਉਨਾਂ ਕਿਹਾ ਕਿ ਅਜਿਹੇ ਨਾਜ਼ੁਕ ਸਮੇਂ ਸਭ ਦਾ ਫਰਜ਼ ਬਣਦਾ ਹੈ ਕਿ ਸਿਹਤ ਸਹੂਲਤਾਂ ਲਈ ਵੱਧ ਤੋਂ ਵੱਧ ਯਤਨ ਕੀਤੇ ਜਾਣ। ਉਨਾਂ ਕਿਹਾ ਕਿ ਕੋਵਿਡ ਵਿਰੁੱਧ ਸਿਹਤ ਸਮੱਗਰੀ ਵੰਡਣ ਦਾ ਕਾਰਜ ਉਨਾਂ ਨੇ ਬਰਨਾਲਾ ਜ਼ਿਲੇ ਤੋਂ ਸ਼ੁਰੂ ਕੀਤਾ ਹੈ ਅਤੇ ਆਉਦੇ ਸਮੇਂ ਵਿਚ ਵੀ ਉਹ ਇਹ ਸੇਵਾ ਜਾਰੀ ਰੱਖਣਗੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਆਦਿਤਯ ਡੇਚਲਵਾਲ, ਸਿਵਲ ਸਰਜਨ ਬਰਨਾਲਾ ਡਾ. ਹਰਿੰਦਰਜੀਤ ਸਿੰਘ, ਐਨਜੀਓ ਤੋਂ ਜਗਪ੍ਰੀਤ ਸਿੰਘ, ਨਰਿੰਦਰ ਸਿੰਘ, ਹਰਭੇਜ ਅਟਵਾਲ, ਬਿਕਰਮ ਗੜੰਗ ਤੇ ਜਸਪ੍ਰੀਤ ਸਿੰਘ ਆਦਿ ਹਾਜ਼ਰ ਸਨ।

Spread the love