ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਦੀ ਕੀਤੀ ਅਪੀਲ
ਨਵਾਂਸ਼ਹਿਰ, 25 ਮਈ 2021
‘ਕਾਮਯਾਬ ਕਿਸਾਨ ਅਤੇ ਖੁਸ਼ਹਾਲ ਪੰਜਾਬ’ (ਕੇ 3 ਪੀ) ਤਹਿਤ ਵੱਖ-ਵੱਖ ਸਕੀਮਾਂ ਅਧੀਨ ਖੇਤੀ ਮਸ਼ੀਨਰੀ ਉਪਦਾਨ ’ਤੇ ਲੈਣ ਲਈ ਵਿਭਾਗ ਦੇ ਪੋਰਟਲ ’ਤੇ ਅਰਜ਼ੀਆਂ ਦੇਣ ਦੀ ਆਖ਼ਰੀ ਮਿਤੀ 26 ਮਈ 2021 ਹੈ। ਇਹ ਜਾਣਕਾਰੀ ਦਿੰਦਿਆਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਡਾਇਰੈਕਟਰ ਡਾ. ਸੁਖਦੇਵ ਸਿੰਘ ਸਿੱਧੂ ਨੇ ਵੱਧ ਤੋਂ ਵੱਧ ਕਿਸਾਨਾਂ ਨੂੰ ਇਸ ਸਕੀਮ ਦਾ ਲਾਭ ਲੈਣ ਦੀ ਅਪੀਲ ਕੀਤੀ ਹੈ।
ਉਨਾਂ ਦੱਸਿਆ ਕਿ ਸੀ. ਆਰ. ਐਮ ਸਕੀਮ ਅਧੀਨ ਝੋਨੇ ਦੀ ਪਰਾਲੀ ਨੂੰ ਸਾਂਭਣ ਵਾਲੀਆਂ ਮਸ਼ੀਨਾਂ ਜਿਵੇਂ ਕਿ ਬੇਲਰ, ਰੇਕ, ਹੈਪੀਸੀਡਰ, ਜ਼ੀਰੋ ਟਿੱਲ ਡਰਿੱਲ, ਸੁਪਰ ਸੀਡਰ, ਉਲਟਾਵੇਂ ਪਲਾਓ, ਚੌਪਰ, ਮਲਚਰ ਆਦਿ ’ਤੇ ਨਿੱਜੀ ਕਿਸਾਨਾਂ ਲਈ 50 ਫੀਸਦੀ ਸਬਸਿਡੀ ਅਤੇ ਕਿਸਾਨ ਗਰੁੱਪ/ਗ੍ਰਾਮ ਪੰਚਾਇਤ/ਸਹਿਕਾਰੀ ਸਭਾਵਾਂ/ਐਫ. ਪੀ. ਓ ਨੂੰ 80 ਫੀਸਦੀ ਸਬਸਿਡੀ ਮੁਹੱਈਆ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਸਮੈਮ ਸਕੀਮ ਅਧੀਨ ਹੋਰ ਮਸ਼ੀਨਾਂ ਜਿਵੇਂ ਕਿ ਸਪਰੇਅਰ, ਕਪਾਹ-ਮੱਕੀ ਬੀਜਣ ਵਾਲੇੇ ਨਿਊ ਮੈਟਿਕ ਪਲਾਂਟਰ, ਬਹੁ ਫ਼ਸਲੀ ਪਲਾਂਟਰ, ਝੋਨੇ ਲਈ ਡੀ. ਐਸ. ਆਰ (ਸਿੱਧੀ ਬਿਜਾਈ ਵਾਲੀਆਂ ਮਸ਼ੀਨਾਂ), ਪੈਡੀ ਟ੍ਰਾਂਸਪਲਾਂਟਰ, ਆਲੂ ਬੀਜਣ/ਪੁੱਟਣ ਵਾਲੀਆਂ ਮਸ਼ੀਨਾਂ, ਗੰਨੇ ਦੀ ਬਿਜਾਈ ਅਤੇ ਕਟਾਈ ਵਾਲੀਆਂ ਮਸ਼ੀਨਾਂ, ਲੇਜ਼ਰ ਲੈਵਲਰ, ਮੱਕੀ ਦੇ ਡਰਾਇਰ, ਵੀਡਰ ਆਦਿ ਮਸ਼ੀਨਾਂ ’ਤੇ ਨਿੱਜੀ ਕਿਸਾਨਾਂ/ਕਿਸਾਨ ਗਰੁੱਪ/ਗ੍ਰਾਮ ਪ੍ਰਚਾਇਤ/ਸਹਿਕਾਰੀ ਸਭਾਵਾਂ/ਐਫ. ਪੀ. ਓ ਨੂੰ 40 ਫੀਸਦੀ ਸਬਸਿਡੀ ਅਤੇ ਮਹਿਲਾ ਕਿਸਾਨ/ਅਨੁਸੂਚਿਤ ਜਾਤੀ ਕਿਸਾਨ/ਛੋਟੇ ਅਤੇ ਦਰਮਿਆਨੇ ਕਿਸਾਨ (ਜਿਨਾਂ ਦੀ ਮਾਲਕੀ 5 ਏਕੜ ਤੋਂ ਘੱਟ ਹੈ) ਨੂੰ 50 ਫੀਸਦੀ ਸਬਸਿਡੀ ਮੁਹੱਈਆ ਕਰਵਾਈ ਜਾਵੇਗੀ।
ਉਨਾਂ ਸਾਰੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਕਰਨ, ਜਿਸ ਦੀ ਬਿਜਾਈ ਦਾ ਸਮਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ 1 ਜੂਨ 2021 ਤੋਂ ਕਰਨ ਦੀ ਸਿਫ਼ਾਰਿਸ਼ ਕੀਤੀ ਗਈ ਹੈ। ਉਨਾਂ ਦੱਸਿਆ ਕਿ ਕਿਸਾਨ ਆਪਣੇ ਨਾਲ ਸਬੰਧਤ ਬਲਾਕਾਂ ਵਿਚ ਜਾ ਕੇ ਝੋਨੇ ਦੇ ਬੀਜ ਦੀ ਖ਼ਰੀਦ ਕਰ ਸਕਦੇ ਹਨ। ਉਨਾਂ ਇਹ ਵੀ ਦੱਸਿਆ ਕਿ ਸੁਆਇਲ ਹੈਲਥ ਸਕੀਮ ਅਧੀਨ ਵੱਖ-ਵੱਖ ਬਲਾਕਾਂ ਵੱਲੋਂ ਪਿੰਡਾਂ ਦੀ ਚੋਣ ਕਰਕੇ ਕਿਸਾਨਾਂ ਦੇ ਖੇਤਾਂ ਵਿਚੋਂ ਮਿੱਟੀ ਦੇ ਸੈਂਪਲ ਲਏ ਜਾ ਰਹੇ ਹਨ ਅਤੇ ਇਨਾਂ ਸੈਂਪਲਾਂ ਦੀ ਮੁਫ਼ਤ ਵਿਚ ਲੈਬਾਰਟਰੀ ਦੁਆਰਾ ਟੈਸਟਿੰਗ ਕਰਕੇ ਸੁਆਇਲ ਹੈਲਥ ਕਾਰਡ ਮੁਹੱਈਆ ਕਰਵਾਏ ਜਾਣਗੇ ਅਤੇ ਰਿਪੋਰਟ ਦੇ ਆਧਾਰ ’ਤੇ ਖਾਦਾਂ ਪਾਉਣ ਦੀ ਸਿਫਾਰਿਸ਼ ਕੀਤੀ ਜਾਵੇਗੀ।
ਜ਼ਿਲੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਰਾਜ ਕੁਮਾਰ ਵੱਲੋਂ ਵੀ ਜ਼ਿਲੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਵੱਧ ਤੋਂ ਵੱਧ ਕਿਸਾਨ ਖੇਤੀ ਮਸ਼ੀਨਰੀ ਉਪਦਾਨ ’ਤੇ ਲੈਣ ਲਈ ਪੋਰਟਲ https://agrimachinerypb.com ਉੱਤੇ ਅਪਲਾਈ ਕਰਨ। ਉਨਾਂ ਦੱਸਿਆ ਕਿ ਜਿਨਾਂ ਕਿਸਾਨਾਂ/ਕਿਸਾਨ ਗਰੁੱਪ/ਗ੍ਰਾਮ ਪ੍ਰਚਾਇਤ/ਸਹਿਕਾਰੀ ਸਭਾਵਾਂ/ਐਫ. ਪੀ. ਓ ਵੱਲੋਂ ਮਿਤੀ 26 ਮਈ 2021 ਤੱਕ ਪੋਰਟਲ ’ਤੇ ਅਪਲਾਈ ਨਹੀਂ ਕੀਤਾ ਜਾਵੇਗਾ, ਉਨਾਂ ਨੂੰ ਕਿਸੇ ਵੀ ਹਾਲਤ ਵਿਚ ਨਹੀਂ ਵਿਚਾਰਿਆ ਜਾਵੇਗਾ। ਉਨਾਂ ਕਿਹਾ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਕਿਸਾਨ ਬਲਾਕ ਖੇਤੀਬਾੜੀ ਅਫ਼ਸਰ/ਸਹਾਇਕ ਖੇਤੀਬਾੜੀ ਇੰਜੀਨੀਅਰ (ਸੰਦ)/ਮੁੱਖ ਖੇਤੀਬਾੜੀ ਅਫ਼ਸਰ ਦੇ ਦਫ਼ਤਰਾਂ ਨਾਲ ਸੰਪਰਕ ਕਰ ਸਕਦੇ ਹਨ।
Home ਪੰਜਾਬ ਐਸ.ਬੀ.ਐੱਸ ਨਗਰ ਖੇਤੀ ਮਸ਼ੀਨਰੀ ’ਤੇ ਉਪਦਾਨ ਲਈ ਪੋਰਟਲ ਉੱਤੇ ਅੱਜ ਤੱਕ ਲਈਆਂ ਜਾਣਗੀਆਂ ਅਰਜ਼ੀਆਂ-ਡਾਇਰੈਕਟਰ...