ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਅੰਗਰੇਜ਼ੀ ਵਿਸ਼ੇ ਦੇ ਆਨਲਾਈਨ* ‘ਸ਼ੋਅ ਐਂਡ ਟੈੱਲ’ ਮੁਕਾਬਲੇ ‘ਚ ਉਤਸ਼ਾਹ ਨਾਲ ਸ਼ਿਰਕਤ*

ਗੁਰਦਾਸਪੁਰ 26 ਮਈ 2021  ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਸਕੂਲ ਸਿੱਖਿਆ ਵਿਭਾਗ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਅੰਗਰੇਜ਼ੀ ਭਾਸ਼ਾ ਹੁਨਰ ਦੇ ਨਿਖਾਰ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ। ਇਸ ਮੰਤਵ ਲਈ ‘ਵਰਡ ਆਫ ਦ ਡੇਅ’ ਅਤੇ ‘ਇੰਗਲਿਸ਼ ਬੂਸਟਰ ਕਲੱਬ’ ਆਦਿ ਗਤੀਵਿਧੀਆਂ ਵਿਦਿਆਰਥੀਆਂ ਦੀ ਸ਼ਬਦਾਵਲੀ ਨੂੰ ਵਧਾਉਣ ਅਤੇ ਭਾਸ਼ਾ ਦੇ ਹੁਨਰ ਨੂੰ ਵਿਕਸਿਤ ਕਰਨ ਲਈ ਚਲਾਈਆਂ ਜਾ ਰਹੀਆਂ ਹਨ।ਅੰਗਰੇਜ਼ੀ ਵਿਸ਼ੇ ਦੇ ਸਟੇਟ ਰਿਸੋਰਸ ਪਰਸਨ ਚੰਦਰ ਸੇਖਰ ਨੇ ਦੱਸਿਆ ਕਿ ਇਹਨਾਂ ਗਤੀਵਿਧੀਆਂ ਵਿੱਚ ਹੋਰ ਵਿਸਥਾਰ ਕਰਦਿਆਂ ਰਾਜ ਸਿੱਖਿਆ ਖੋਜ਼ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਸਮੂਹ ਸਰਕਾਰੀ ਮਿਡਲ,ਹਾਈ ਅਤੇ ਸੀਨੀਅਰ ਸਕੂਲਾਂ ਦੇ ਵਿਦਿਆਰਥੀਆਂ ਦੇ 20 ਤੋਂ 25 ਮਈ ਤੱਕ ਆਨਲਾਈਨ ‘ਸ਼ੋਅ ਐਂਡ ਟੈੱਲ’ ਮੁਕਾਬਲੇ ਕਰਵਾਏ ਗਏ ਹਨ। ਸਿੱਖਿਆ ਵਿਭਾਗ ਦੇ ਬੁਲਾਰੇ ਪ੍ਰਮੋਦ ਭਾਰਤੀ ਨੇ ਕਿਹਾ ਇਹਨਾਂ ਮੁਕਾਬਲਿਆਂ ਦੌਰਾਨ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਵਿਖਾਏ ਹੁਨਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਕਿਸੇ ਵੀ ਖੇਤਰ ਵਿੱਚ ਮਹਿੰਗੇ ਸਕੂਲਾਂ ਦੇ ਵਿਦਿਆਰਥੀਆਂ ਨਾਲੋਂ ਘੱਟ ਨਹੀਂ ਹਨ। ਹਰਪਾਲ ਸਿੰਘ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਅਤੇ ਲਖਵਿੰਦਰ ਸਿੰਘ ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਨੇ ਦੱਸਿਆ ਕਿ ‘ਸ਼ੋਅ ਐਂਡ ਟੈੱਲ’ ਗਤੀਵਿਧੀਆਂ ਅਧੀਨ ਸਮੂਹ ਸਕੂਲਾਂ ਦੇ 6 ਵੀਂ ਤੋਂ 12 ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਵੱਲੋਂ ਬਹੁਤ ਹੀ ਉਤਸ਼ਾਹ ਅਤੇ ਵਿਸ਼ਵਾਸ ਨਾਲ ਭਾਗ ਲਿਆ ਗਿਆ। ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਛੇਵੀਂ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਵੱਲੋਂ ਦਿੱਤੇ ਵਿਸ਼ਿਆਂ ‘ਮੇਰਾ ਮਨਪਸੰਦ ਪਹਿਰਾਵਾ, ਮੇਰਾ ਮਨਪਸੰਦ ਖਾਣਾ, ਮੇਰਾ ਪਸੰਦੀਦਾ ਸੀਜ਼ਨ, ਮੇਰਾ ਮਨਪਸੰਦ ਪੌਦਾ, ਮੇਰਾ ਮਨਪਸੰਦ ਇਲੈਕਟ੍ਰਾਨਿਕ ਗੈਜੇਟ, ਇੱਕ ਤੋਹਫ਼ਾ ਜੋ ਤੁਸੀਂ ਹਾਲ ਹੀ ਵਿੱਚ ਪ੍ਰਾਪਤ ਕੀਤਾ ਹੈ, ਇੱਕ ਪਤੰਗ, ਮੇਰਾ ਬੱਚਤ ਬੈਂਕ’ ਅਤੇ ਇਸੇ ਤਰ੍ਹਾਂ 9 ਵੀਂ ਤੋਂ 12 ਵੀਂ ਕਲਾਸ ਦੇ ਵਿਦਿਆਰਥੀਆਂ ਵੱਲੋਂ ‘ਕਿਸੇ ਵਿਅਕਤੀ ਵਿਸ਼ੇਸ਼ ਦੀ ਤਸਵੀਰ, ਇੱਕ ਵਸਤੂ ਜੋ ਮੁੜ ਵਰਤੋਂ ਕੀਤੀ ਜਾ ਸਕਦੀ ਹੈ, ਮੇਰੀ ਮਨਪਸੰਦ ਖੇਡ , ਇਕ ਚੀਜ਼ ਜਾਂ ਇਕ ਵਿਅਕਤੀ ਜਿਸ ਪ੍ਰਤੀ ਤੁਸੀਂ ਧੰਨਵਾਦੀ ਹੋ, ਮੇਰੀ ਮਨਪਸੰਦ ਕੰਫਰਟ ਆਈਟਮ, ਮੇਰੀ ਮਨਪਸੰਦ ਬੋਰਡ ਖੇਡ, ਮੇਰੇ ਦਾਦਾ-ਦਾਦੀ, ਮੇਰੀ ਮਨਪਸੰਦ ਕਿਤਾਬ’ ਆਦਿ ਵਿਸ਼ਿਆਂ ਬਾਰੇ ਅੰਗਰੇਜ਼ੀ ਭਾਸ਼ਾ ਵਿੱਚ ਬੋਲਿਆ ਗਿਆ। ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਇਹਨਾਂ ਗਤੀਵਿਧੀਆਂ ਦੌਰਾਨ ਵਿਦਿਆਰਥੀਆਂ ਵੱਲੋਂ ਕੀਤੇ ਆਤਮ ਵਿਸਵਾਸ਼ ਭਰਪੂਰ ਪ੍ਰਦਰਸ਼ਨ ਤੋਂ ਪਤਾ ਲੱਗਦਾ ਹੈ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਅੰਗਰੇਜ਼ੀ ਬੋਲਣ ਦੀ ਝਿਜਕ ਦੂਰ ਹੋ ਰਹੀ ਹੈ।ਸਿੱਖਿਆ ਅਧਿਕਾਰੀਆਂ ਵੱਲੋਂ ਇਹਨਾਂ ਮੁਕਾਬਲਿਆਂ ‘ਚ ਵਿਦਿਆਰਥੀਆਂ ਦੀ ਉਤਸ਼ਾਹਜਨਕ ਸ਼ਮੂਲੀਅਤ ਲਈ ਸਕੂਲ ਮੁਖੀਆਂ ਅਤੇ ਸੰਬੰਧਿਤ ਅਧਿਆਪਕਾਂ ਨੂੰ ਮੁਬਾਰਕਬਾਦ ਦਿੰਦਿਆਂ ਵਿਦਿਆਰਥੀਆਂ ਨਾਲ ਲਗਾਤਾਰ ਆਨਲਾਈਨ ਰਾਬਤਾ ਬਣਾਈ ਰੱਖਣ ਦੀ ਜਰੂਰਤ ‘ਤੇ ਜੋਰ ਦਿੱਤਾ ਗਿਆ।
ਨਰਿੰਦਰ ਸਿੰਘ ਜਿਲ੍ਹਾ ਮੈਂਟਰ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਨੇ ਦੱਸਿਆ ਕਿ ਵਿਦਿਆਰਥੀਆਂ ਵੱਲੋਂ ਅਧਿਆਪਕਾਂ ਨੂੰ ਆਨਲਾਈਨ ਤਰੀਕੇ ਭੇਜੀਆਂ ਵੀਡੀਓਜ਼ ਵਿੱਚੋਂ ਪਹਿਲਾਂ ਸਕੂਲ ਪੱਧਰ ‘ਤੇ ਅੱਵਲ ਵੀਡੀਓਜ਼ ਦੀ ਚੋਣ ਕੀਤੀ ਗਈ ਅਤੇ ਬਲਾਕ ਮੈਂਟਰਾਂ ਦੀ ਅਗਵਾਈ ਹੇਠ ਸਕੂਲਾਂ ਦੀਆਂ ਅੱਵਲ ਵੀਡੀਓਜ਼ ਵਿੱਚੋਂ ਬਲਾਕ ਦੀਆਂ ਸਰਵੋਤਮ ਵੀਡੀਓਜ਼ ਦੀ ਚੋਣ ਕੀਤੀ ਗਈ।ਉਹਨਾਂ ਦੱਸਿਆ ਕਿ ਸੂਬੇ ਭਰ ਦੀਆਂ ਬਿਹਤਰੀਨ ਵੀਡੀਓਜ਼ ਨੂੰ ਵਿਭਾਗ ਦੇ ਮੁੱਖ ਫੇਸਬੁੱਕ ਪੇਜ਼ ‘ਤੇ ਸ਼ੇਅਰ ਕਰਕੇ ਵੀ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ ਗਿਆ ਹੈ।*

 

Spread the love