ਮਿਸ਼ਨ ਫ਼ਤਹਿ-02 ਤਹਿਤ ਹੁਣ ਤੱਕ 01.04 ਕਰੋੜ ਲੋਕਾਂ ਦੀ ਸਕਰੀਨਿੰਗ
01 ਲੱਖ ਤੋਂ ਵੱਧ ਸੈਂਪਲ ਲਏ
ਕਰੋਨਾ ਪਾਜ਼ੇਟਿਵ 220 ਔਰਤਾਂ ਦੀ ਕੀਤੀ ਜਾ ਰਹੀ ਹੈ ਵਿਸ਼ੇਸ਼ ਸਿਹਤ ਸੰਭਾਲ
ਪਿੰਡ ਪੱਧਰ ਉਤੇ ਕਰੋਨਾ ਵਾਰੀਅਰ ਗਰੁੱਪ ਬਣਨ ਨਾਲ ਕਰੋਨਾ ਟੈਸਟਿੰਗ ਤੇ ਵੈਕਸੀਨੇਸ਼ਨ ਮੁਹਿੰਮ ਨੂੰ ਮਿਲੇਗਾ ਵੱਡਾ ਹੁੰਗਾਰਾ
ਪਿੰਡਾਂ ਵਿੱਚ 2380 ਹੈੱਲਥ ਤੇ ਵੈੱਲਨੈੱਸ ਸੈਂਟਰ ਕਰੋਨਾ ਖਿਲਾਫ਼ ਜੰਗ ਵਿੱਚ ਸਹਾਈ
ਆਸ਼ਾ ਵਰਕਰ ਘਰ ਘਰ ਜਾ ਕੇ ਕਰ ਰਹੀਆਂ ਨੇ ਟੈੱਸਟ
ਕਰੋਨਾ ਮੁਕਤ ਪੰਜਾਬ ਤਹਿਤ ਮੁੱਖ ਮੰਤਰੀ ਵੱਲੋਂ ਨੌਜਵਾਨਾਂ ਨਾਲ ਗੱਲਬਾਤ ਕਰਨ ਲਈ ਉਲੀਕੇ ਪ੍ਰੋਗਰਾਮ ਵਿੱਚ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਐਸ.ਏ.ਐਸ. ਨਗਰ ਤੋਂ ਹੋਏ ਸ਼ਾਮਲ
ਐਸ.ਏ.ਐਸ. ਨਗਰ, 27 ਮਈ 2021
ਕਰੋਨਾ ਮੁਕਤ ਪੰਜਾਬ ਤਹਿਤ ਪੰਜਾਬ ਸਰਕਾਰ ਵੱਲੋਂ ਮਿਸ਼ਨ ਫ਼ਤਹਿ 02 ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਅਧੀਨ ਪਿੰਡ ਵਿੱਚ ਨੌਜਵਾਨਾਂ ਦੇ ਰੂਰਲ ਕਰੋਨਾ ਵਾਰੀਅਰ ਗਰੁੱਪ ਬਣਾਏ ਜਾਣਗੇ, ਜਿਸ ਨਾਲ ਜਿੱਥੇ ਕਰੋਨਾ ਟੈਸਟਿੰਗ ਵਧੇਗੀ, ਉਥੇ ਪਿੰਡਾਂ ਵਿੱਚ 100 ਫੀਸਦ ਵੈਕਸੀਨ ਯਕੀਨੀ ਬਨਾਉਣ ਵਿੱਚ ਵੀ ਮਦਦ ਮਿਲੇਗੀ।ਇਨ੍ਹਾਂ ਗਰੁੱਪਾਂ ਦੀ ਹੌਸਲਾਅਫ਼ਜ਼ਾਈ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਖੇਡ ਕਿੱਟਾਂ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ।
ਇਹ ਜਾਣਕਾਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਸ. ਬਲਬੀਰ ਸਿੰਘ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਨੌਜਵਾਨਾਂ ਨਾਲ ਵਿਡੀਓ ਕਾਨਫਰੰਸ ਜ਼ਰੀਏ ਗੱਲਬਾਤ ਕਰਨ ਲਈ ਕਰਵਾਏ ਪ੍ਰੋਗਰਾਮ ਵਿੱਚ ਜਿ਼ਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਸ਼ਾਮਲ ਹੁੰਦਿਆਂ ਕੀਤਾ।
ਇਸ ਮੌਕੇ ਸ. ਸਿੱਧੂ ਨੇ ਦੱਸਿਆ ਕਿ ਮਿਸ਼ਨ ਫ਼ਤਹਿ 02 ਤਹਿਤ ਹੁਣ ਤੱਕ 01.04 ਕਰੋੜ ਲੋਕਾਂ ਦੀ ਸਕਰੀਨਿੰਗ 01 ਲੱਖ ਤੋਂ ਵੱਧ ਸੈਂਪਲ ਲਏ ਹਨ ਤੇ ਕਰੋਨਾ ਪਾਜ਼ੇਟਿਵ 220 ਔਰਤਾਂ ਦੀ ਵਿਸ਼ੇਸ਼ ਸਿਹਤ ਸੰਭਾਲ ਕੀਤੀ ਜਾ ਰਹੀ ਹੈ। ਇਸ ਦੇ ਨਾਲ ਨਾਲ ਕਰੋਨਾ ਖਿਲਾਫ ਜੰਗ ਵਿੱਚ ਪਿੰਡਾਂ ਵਿਚਲੇ 2380 ਹੈਲਥ ਤੇ ਵੈਲਨੈਸ ਸੈਂਟਰ ਵਿਸ਼ੇ਼ਸ਼ ਭੂਮਿਕਾ ਨਿਭਾਅ ਰਹੇ ਹਨ ਤੇ ਆਸ਼ਾ ਵਰਕਰਾਂ ਵੱਲੋਂ ਘਰ ਘਰ ਜਾ ਕੇ ਟੈਸਟਿੰਗ ਕੀਤੀ ਜਾ ਰਹੀ ਹੈ।
ਸ. ਸਿੱਧੂ ਨੇ ਦੱਸਿਆ ਕਿ ਕੋਵਿਡ ਵੈਕਸੀਨੇਸ਼ਨ ਸਬੰਧੀ ਜੋ ਵੀ ਘਾਟ ਹੈ, ਉਸ ਨੂੰ ਦੂਰ ਕਰਨ ਲਈ ਪੰਜਾਬ ਸਰਕਾਰ ਦਿਨ ਰਾਤ ਇਕ ਕਰ ਕੇ ਕੰਮ ਰਹੀ ਹੈ। ਸਿਹਤ ਮੰਤਰੀ ਨੇ ਦੱਸਿਆ ਕਿ ਜਿਹੜੇ ਵੀ ਪ੍ਰਾਈਵੇਟ ਹਸਪਤਾਲਾਂ ਵੱਲੋਂ ਲੋਕਾਂ ਤੋਂ ਇਲਾਜ ਲਈ ਵੱਧ ਪੈਸੇ ਵਸੂਲੇ ਜਾ ਰਹੇ ਸਨ, ਵੱਖ ਵੱਖ ਸ਼ਹਿਰਾਂ ਦੇ ਉਨ੍ਹਾਂ ਹਸਪਤਾਲਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਗਈ ਹੈ ਤੇ ਹੁਣ ਕਈ ਹਸਪਤਾਲਾਂ ਵੱਲੋਂ ਲੋਕਾਂ ਨੂੰ ਵੱਧ ਵਸੂਲੇ ਪੈਸੇ ਵਾਪਸ ਵੀ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਰੋਨਾ ਖਿਲਾਫ ਜੰਗ ਨੂੰ ਹੋਰ ਮਜ਼ਬੂਤ ਕਰਨ ਲਈ ਐਨ.ਜੀ.ਓਜ਼, ਵਾਲੰਟੀਅਰਜ਼ ਅਤੇ ਪ੍ਰਾਈਵੇਟ ਅਦਾਰਿਆਂ ਨੂੰ ਨਾਲ ਲਿਆ ਜਾ ਰਿਹਾ ਹੈ ਤੇ ਕਈ ਸਮਾਜ ਸੇਵੀਆਂ ਤੇ ਕੰਪਨੀਆਂ ਵੱਲੋਂ ਵੱਡੇ ਪੱਧਰ ਉਤੇ ਮਦਦ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਇਸੇ ਤਹਿਤ ਮਹਿੰਦਰਾ ਐਂਡ ਮਹਿੰਦਰਾ ਨੇ 10 ਹਜ਼ਾਰ ਵੈਕਸੀਨ ਡੋਜਿ਼ਜ਼ ਦੀ ਅਦਾਇਗੀ ਕਰਨ ਦੀ ਗੱਲ ਆਖੀ ਹੈ।
ਸ. ਸਿੱਧੂ ਨੇ ਕਿਹਾ ਕਿ ਨੌਜਵਾਨ ਜਦੋਂ ਵੱਖ ਵੱਖ ਥਾਂਵਾਂ ਤੇ ਖਾਸ ਕਰ ਕੇ ਪਿੰਡਾਂ ਵਿੱਚ ਜਾ ਕੇ ਜਦੋਂ ਲੋਕਾਂ ਨੂੰ ਟੈਸਟਿੰਗ ਅਤੇ ਵੈਕਸੀਨੇਸ਼ਨ ਦੀ ਅਹਿਮੀਅਤ ਸਮਝਾਉਣਗੇ ਤਾਂ ਕਰੋਨਾ ਉਤੇ ਫ਼ਤਹਿ ਯਕੀਨੀ ਹੈ।ਇਸ ਮੌਕੇ ਨੌਵਜਾਨਾਂ ਨੂੰ ਕੋਵਿਡ ਵੈਕਸੀਨੇਸ਼ਨ ਸਬੰਧੀ ਬੈਜ ਵੀ ਵੰਡੇ ਗਏ।
ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਕਰਦਿਆਂ ਸਰਕਾਰੀ ਕਾਲਜ ਫੇਜ਼-06 ਦੀ ਵਿਦਿਆਰਥਣ ਨਿਰਭੈਜੋਤ ਕੌਰ ਨੇ ਪੰਜਾਬ ਸਰਕਾਰ ਵੱਲੋਂ ਕਰੋਨਾ ਨੂੰ ਮਾਤ ਦੇਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਦੱਸਿਆ ਕਿ ਉਹ ਐਨ.ਸੀ.ਸੀ. ਵਿੱਚ ਹੈ ਤੇ ਉਸ ਵੱਲੋਂ ਹੋਰਨਾਂ ਵਿਦਿਆਰਥੀਆਂ ਨਾਲ ਰਲ ਕੇ ਵੱਖ ਵੱਖ ਸਾਧਾਂ ਜ਼ਰੀਏ ਲੋਕਾਂ ਨੂੰ ਵੱਧ ਤੋਂ ਵੱਧ ਕਰੋਨਾ ਟੈਸਟਿੰਗ ਅਤੇ ਵੈਕਸੀਨੇਸ਼ਨ ਕਰਵਾਉਣ ਲਈ ਪ੍ਰੇਰਿਆ ਜਾ ਰਿਹਾ ਹੈ। ਉਨ੍ਹਾਂ ਵਾਅਦਾ ਕੀਤੀ ਮਿਸ਼ਨ ਫ਼ਤਹਿ -2 ਤਹਿਤ ਜਦੋਂ ਤੱਕ 100 ਫੀਸਦ ਵੈਕਸੀਨੇਸ਼ਨ ਦਾ ਟੀਚਾ ਪੂਰਾ ਨਹੀਂ ਕਰ ਲਿਆ ਜਾਂਦਾ ਉਦੋਂ ਤਾਈਂ ਉਹ ਲਾਗਾਤਾਰ ਇਹ ਕਾਰਜ ਜਾਰੀ ਰੱਖਣਗੇ।
ਇਸ ਮੌਕੇ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਦੇ ਸਿਆਸੀ ਸਕੱਤਰ ਤੇ ਮਾਰਕਿਟ ਕਮੇਟੀ ਖਰੜ ਦੇ ਚੇਅਰਮੈਨ ਸ਼੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਦੀਪਇੰਦਰ ਸਿੰਘ ਢਿੱਲੋਂ, ਸ. ਬਲਬੀਰ ਸਿੰਘ ਸਿੱਧੂ ਦੇ ਪੁੱਤਰ ਅਤੇ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਕੰਵਰਵੀਰ ਸਿੰਘ ਸਿੱਧੂ, ਡਿਪਟੀ ਕਮਿਸ਼ਨਰ ਸ਼੍ਰੀ ਗਿਰੀਸ਼ ਦਿਆਲਨ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਰਾਜੀਵ ਗੁਪਤਾ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਐਸ.ਏ.ਐਸ. ਨਗਰ ਸ਼੍ਰੀਮਤੀ ਰੂਪਿੰਦਰ ਕੌਰ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਤੇ ਨੌਜਵਾਨ ਹਾਜ਼ਰ ਸਨ।